ਕਿਹਾ : ਜਿਸਦਾ ਕੰਮ ਉਸ ਨੂੰ ਹੀ ਸਾਜੇ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਕਲਾਕਾਰਾਂ ਦੇ ਨਿੱਤਰਨ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਕਲਾਕਾਰਾਂ ਨੂੰ ਮੌਕਾ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਕਲਾਕਾਰ ਦੁਬਾਰਾ ਲੋਕਾਂ ਦੇ ਵਿਚਕਾਰ ਨਹੀਂ ਜਾਂਦੇ। ਰਾਜਾ ਵੜਿੰਗ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਬਜ਼ੁਰਗ ਕਹਿੰਦੇ ਹਨ ਕਿ ਜਿਸਦਾ ਕੰਮ ਉਸ ਨੂੰ ਹੀ ਸਾਜੇ। ਉਨ੍ਹਾਂ ਕਿਹਾ ਕਿ ਕਿਸਾਨ ਕਲਾਕਾਰ ਨਹੀਂ ਬਣ ਸਕਦਾ ਅਤੇ ਕਲਾਕਾਰ ਕਿਸਾਨ ਨਹੀਂ ਬਣ ਸਕਦਾ। ਰਾਜਾ ਵੜਿੰਗ ਨੇ ਕਿਹਾ ਕਿ ਭਗਵਾਨ ਨੇ ਹਰ ਵਿਅਕਤੀ ਨੂੰ ਆਪਣਾ-ਆਪਣਾ ਕੰਮ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਉਹ ਵਿਅਕਤੀ ਲੋਕ ਸਭਾ ਚੋਣਾਂ ਜਿੱਤਣੇ ਚਾਹੀਦੇ ਹਨ, ਜਿਹੜੇ ਲੋਕ ਸਭਾ ਵਿਚ ਜਨਤਾ ਦੇ ਮੁੱਦੇ ਉਠਾਉਣ। ਜ਼ਿਕਰਯੋਗ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਅਤੇ ਇਸੇ ਹਲਕੇ ਤੋਂ ਹੀ ਭਾਜਪਾ ਨੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਗਾਇਕ ਮੁਹੰਮਦ ਸਦੀਕ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਹਨ।