ਸੁਨੀਲ ਜਾਖੜ ਨੇ ਖੁੱਲ੍ਹੀ ਲਈ ਤਿੰਨਾਂ ਨਾਮਾਂ ਦੀ ਕੀਤੀ ਪੇਸ਼ਕਸ਼
ਕਿਹਾ : ਡਾ. ਧਰਮਵੀਰ ਗਾਂਧੀ, ਐਚ. ਐਸ ਫੂਲਕਾ ਅਤੇ ਕੰਵਰ ਸੰਧੂ ਦੀ ਅਗਵਾਈ ’ਚ ਹੋਵੇ ਖੁੱਲ੍ਹੀ ਬਹਿਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁੱਲ੍ਹੀ ਬਹਿਸ ਦੇ ਚੈਲੇਂਜ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਸੁਝਾਅ ਦਿੱਤਾ ਹੈ। ਸੁਨੀਲ ਜਾਖੜ ਨੇ ਤਿੰਨ ਨਾਵ ਪੇਸ਼ ਕੀਤੇ ਤਾਂ ਜੋ ਬਹਿਸ ਗਲਤ ਦਿਸ਼ਾ ’ਚ ਨਾ ਜਾਵੇ। ਇਹ ਸੁਝਾਅ ਦੇਣ ਤੋਂ ਬਾਅਦ ਜਾਖੜ ਨੇ ਮੁਆਫ਼ੀ ਵੀ ਮੰਗੀ ਅਤੇ ਕਿਹਾ ਕਿ ਬਹਿਸ ਨਿਸ਼ਚਿਤ ਰੂਪ ਨਾਲ ਵਧੀਆ ਅਤੇ ਮਜ਼ਬੂਤ ਹੋਵੇਗੀ। ਜਾਖੜ ਨੇ ਟਵੀਟ ਕਰਕੇ ਕਿਹਾ ਕਿ ਮੌਜੂਦਾ ਮੁੱਦਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਸਵਾਰਥੀ ਆਗੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬੇਤੁਕੇ ਰੰਗਮੰਚ ਵਿਚ ਨਾ ਬਦਲਣ। ਉਨ੍ਹਾਂ ਕਿਹਾ ਕਿ ਬਹਿਸ ਨੂੰ ਸਹੀ ਦਿਸ਼ਾ ਦੇਣ ਲਈ ਮੈਂ ਤਿੰਨ ਮੈਂਬਰੀ ਪੈਨਲ ਦਾ ਸੁਝਾਅ ਪੇਸ਼ ਕਰਦਾ ਹਾਂ ਜਿਨ੍ਹਾਂ ’ਚ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਸਾਬਕਾ ਵਿਧਾਇਕ ਕੰਵਰ ਸੰਧੂ ਨੂੰ ਸ਼ਾਮਲ ਕੀਤਾ ਜਾਵੇਗਾ। ਕਿਉਂਕਿ ਪੰਜਾਬ ਦੇ ਹਿਤਾਂ ਦੇ ਲਈ ਇਨ੍ਹਾਂ ਤਿੰਨੋਂ ਆਗੂਆਂ ਦੀ ਚਿੰਤਾ ਬਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਜਾਖੜ ਨੇ ਕਿਹਾ ਕਿ ਜੇਕਰ ਉਹ ਸੁਝਾਅ ਨਾਲ ਸਹਿਮਤ ਹਨ ਅਤੇ ਜੇਕਰ ਸੂਬਾ ਸਰਕਾਰ ਨੂੰ ਇਤਰਾਜ਼ ਨਹੀਂ ਤਾਂ ਪੰਜਾਬ ਨਾਲ ਸਬੰਧਤ ਮੁੱਦਿਆਂ ਬਹਿਸ ਨਿਸ਼ਚਿਤ ਰੂਪ ਵਿਚ ਚੰਗੀ ਅਤੇ ਮਜ਼ਬੂਤ ਹੋਵੇਗੀ।