ਲੁਧਿਆਣਾ/ਬਿਊਰੋ ਨਿਊਜ਼
ਨਾਮਧਾਰੀ ਸੰਪਰਦਾਇ ਦੇ ਮਰਹੂਮ ਮੁਖੀ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਭੈਣੀ ਸਾਹਿਬ ਵਿਚ ਸੋਮਵਾਰ ਸਵੇਰੇ ਕਰੀਬ ਸਾਢੇ 10 ਵਜੇ ਦੋ ਪਗੜੀਧਾਰੀ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਗੋਲੀਆਂ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾਉਣ ਵਿਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਦੀ ਹੱਤਿਆ ਦੀ ਖਬਰ ਸੁਣ ਕੇ ਪੂਰੇ ਨਾਮਧਾਰੀ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਬਾਅਦ ਦੁਪਹਿਰ ਉਨ੍ਹਾਂ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਪਿੱਛੋਂ ਦੇਹ ਭੈਣੀ ਸਾਹਿਬ ਲਿਜਾਈ ਗਈ, ਜਿਥੇ ਸੰਗਤ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਨਾਮਧਾਰੀ ਸੰਸਥਾ ਦੇ ਮੌਜੂਦਾ ਮੁਖੀ ਠਾਕੁਰ ਉਦੈ ਸਿੰਘ ਘਟਨਾ ਸਮੇਂ ਬੰਗਲੌਰ ਵਿਚ ਸਨ ਤੇ ਸੂਚਨਾ ਮਿਲਦਿਆਂ ਹੀ ਉਹ ਉਥੋਂ ਭੈਣੀ ਸਾਹਿਬ ਲਈ ਰਵਾਨਾ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਚੰਦ ਕੌਰ ਨਾਮਧਾਰੀ ਦਰਬਾਰ ਦੇ ਪਿੱਛੇ ਬਣੀ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਵਿਚ ਬੱਚਿਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਮਾਗਮ ਵਿਚ ਹਿੱਸਾ ਲੈਣ ਲਈ ਆਪਣੀ ਬੈਟਰੀ ਨਾਲ ਚੱਲਣ ਵਾਲੀ ઠਕਲੱਬ ਕਾਰ ਵਿਚ ਗਏ ਸਨ। ਬਾਅਦ ਵਿੱਚ ਉਹ ਗਊਸ਼ਾਲਾ ਵੱਲ ਜਾਣ ਲਈ ਜਿਉਂ ਹੀ ਅਕੈਡਮੀ ਤੋਂ ਬਾਹਰ ਨਿਕਲੇ ਤਾਂ ਬਾਹਰ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਖੜ੍ਹੇ ਦੋ ਕੇਸਧਾਰੀ ਨੌਜਵਾਨਾਂ ਨੇ ਉਨ੍ਹਾਂ ਨੂੰ ਪਹਿਲਾਂ ਮੱਥਾ ਟੇਕਿਆ ਤੇ ਫਿਰ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਉਨ੍ਹਾਂ ਸਿਰ ਅਤੇ ਦੂਜੀ ਦਿਲ ਦੇ ਥੱਲੇ ਵੱਜੀ, ਜਦੋਂਕਿ ਤੀਜੀ ਕੋਲੋਂ ਨਿਕਲ ਗਈ। ਰੌਲਾ ਪੈਣ ‘ਤੇ ਹਤਿਆਰੇ ਫ਼ਰਾਰ ਹੋ ਗਏ। ਅਕੈਡਮੀ ਵਿਚ ਮੌਜੂਦ ਲੋਕ ਬਾਹਰ ਆਏ ਅਤੇ ਉਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਲੈ ਕੇ ਗਏ।
ਘਟਨਾ ਦੀ ਖ਼ਬਰ ਸੁਣਦੇ ਹੀ ਭੈਣੀ ਸਾਹਿਬ ਵਿਚ ਤਣਾਅ ਪੈਦਾ ਹੋ ਗਿਆ। ਪਿੰਡ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਚਾਰੇ ਪਾਸੇ ઠਸੁੰਨਸਾਨ ਅਤੇ ਰੋਸ ਪੱਸਰ ਗਿਆ। ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਅਣਪਛਾਤੇ ਕਾਤਲਾਂ ਖਿਲਾਫ਼ ਕਤਲ ਕੇਸ ਦਰਜ ਕਰ ਕੇ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿਚ ਕਈ ਪਹਿਲੂਆਂ ‘ਤੇ ਕੰਮ ਕਰ ਰਹੀ ਹੈ। ਕਾਤਲਾਂ ਦੀ ਭਾਲ ਵਿਚ ਟੀਮਾਂ ਛਾਪੇ ਮਾਰ ਰਹੀਆਂ ਹਨ ਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਿਸੇ ਰੰਜਿਸ਼ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਨਹੀਂ ਕਿਹਾ ਜਾ ਸਕਦਾ।
ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਵ. ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਦਾ ਗੁਰਦੁਆਰਾ ਭੈਣੀ ਸਾਹਿਬ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਤਾ ਚੰਦ ਕੌਰ ਦੇ ਅੰਤਿਮ ਸਸਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੁੱਜੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਐਸ ਆਈ ਦਾ ਗਠਨ ਕਰ ਦਿੱਤਾ ਹੈ। ਪਰ ਜਾਂਚ ਅਜੇ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ। ਇਸ ਮੌਕੇ ਨਾਮਧਾਰੀ ਸੰਗਤ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।
ਸਿੱਟ ਕਰੇਗੀ ਤਫ਼ਤੀਸ਼
ਲੁਧਿਆਣਾ : ਮਾਤਾ ਚੰਦ ਕੌਰ ਕਤਲ ਕਾਂਡ ਦੀ ਤਫ਼ਤੀਸ਼ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਏਡੀਜੀਪੀ ਕ੍ਰਾਈਮ ਇਕਬਾਲ ਸਿੰਘ ਸਹੋਤਾ, ਪੁਲਿਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ, ਐਸਐਸਪੀ ਖੰਨਾ ਸਤਿੰਦਰ ਸਿੰਘ ਅਤੇ ਏਆਈਜੀ ਰਵਚਰਨ ਸਿੰਘ ਬਰਾੜ ਸ਼ਾਮਲ ਹਨ। ਉਹ ਵੱਖ-ਵੱਖ ਟੀਮਾਂ ਬਣਾ ਕੇ ਜਲਦ ਤੋਂ ਜਲਦ ਇਸ ਕੇਸ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨਗੇ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ 293 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ
ਕਿਹਾ : ਜਲਦੀ ਹੀ ਖੋਲ੍ਹੇ ਜਾਣਗੇ 30 ਹੋਰ ਮੁਹੱਲਾ ਕਲੀਨਿਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ …