14.3 C
Toronto
Monday, September 15, 2025
spot_img
Homeਪੰਜਾਬਪੰਜਾਬ ਦੇ ਸਰਹੱਦੀ ਖੇਤਰ ਵਿਚ ਹੜ੍ਹਾਂ ਦੇ ਪਾਣੀ ਨੇ ਬੀਐੱਸਐੱਫ ਦੀਆਂ ਚੌਕੀਆਂ...

ਪੰਜਾਬ ਦੇ ਸਰਹੱਦੀ ਖੇਤਰ ਵਿਚ ਹੜ੍ਹਾਂ ਦੇ ਪਾਣੀ ਨੇ ਬੀਐੱਸਐੱਫ ਦੀਆਂ ਚੌਕੀਆਂ ਪਾਣੀ ‘ਚ ਡੋਬੀਆਂ

ਸਰਹੱਦੀ ਖੇਤਰ ਦੇ ਕਈ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ
ਚੰਡੀਗੜ੍ਹ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪਏ ਮੀਂਹ ਕਰਕੇ ਭਾਖੜਾ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਰਕੇ ਇਨ੍ਹਾਂ ਡੈਮਾਂ ਵਿਚੋਂ ਬਿਆਸ ਦਰਿਆ ਅਤੇ ਸਤਲੁਜ ਦਰਿਆ ਵਿਚੋਂ ਲਗਾਤਾਰ ਪਾਣੀ ਛੱਡਿਆ ਗਿਆ।
ਡੈਮਾਂ ਵਿਚੋਂ ਛੱਡੇ ਗਏ ਪਾਣੀ ਨੇ ਦਰਿਆ ਦੇ ਨੇੜਲੇ ਖੇਤਰਾਂ ਅਤੇ ਸਰਹੱਦੀ ਖੇਤਰ ਦੇ ਕਈ ਇਲਾਕਿਆਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ।
ਇਸਦੇ ਚੱਲਦਿਆਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਬਣੀਆਂ ਪੋਸਟਾਂ ਨੂੰ ਵੀ ਦਰਿਆਈ ਪਾਣੀ ਨੇ ਜਲ-ਥਲ ਕਰ ਦਿੱਤਾ ਹੈ। ਸਰਹੱਦੀ ਸੀਮਾ ‘ਤੇ ਫਾਜ਼ਿਲਕਾ ਖੇਤਰ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ ਕੁਝ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਸਨ।
ਭਾਰਤ-ਪਾਕਿਸਤਾਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਫਾਜ਼ਿਲਕਾ ਪ੍ਰਸ਼ਾਸਨ ਅਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰ ਲਿਆ ਹੈ ਜਿਸ ਨਾਲ ਕਰੀਬ 1200 ਹੈਕਟੇਅਰ ਫਸਲ ਦਾ ਬਚਾਅ ਹੋ ਗਿਆ ਹੈ। ਸਰਹੱਦੀ ਖੇਤਰ ਦੇ ਜ਼ਿਲ੍ਹਾ ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿਚ ਹੜ੍ਹਾਂ ਦੇ ਪਾਣੀ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋ ਰਿਹਾ ਹੈ। ਉਧਰ ਗੁਰਦਾਸਪੁਰ ਦੇ ਕਈ ਪਿੰਡਾਂ ਨੂੰ ਵੀ ਹੜ੍ਹਾਂ ਦੇ ਪਾਣੀ ਨੇ ਮੁਸ਼ਕਲ ਵਿਚ ਪਾਇਆ। ਗੁਰਦਾਸਪੁਰ ਦੇ ਕਰੀਬ 119 ਪਿੰਡ ਦਰਿਆਈ ਪਾਣੀ ਤੋਂ ਪ੍ਰਭਾਵਿਤ ਹੋਏ ਹਨ ਜਦੋਂ ਕਿ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਦਰਜਨ ਦੇ ਕਰੀਬ ਪਿੰਡ ਪਾਣੀ ਦੀ ਮਾਰ ਹੇਠ ਹਨ।
ਕਸੂਰ ਦੇ ਪਿੰਡ ਵੀ ਮਾਰ ਹੇਠ : ਪਾਕਿਸਤਾਨ ਵਿਚ ਕਸੂਰ ਦੇ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨੇ ਮਾਰ ਕੀਤੀ ਹੈ।
ਕਸੂਰ ਇਲਾਕੇ ਦੀਆਂ ਚਮੜਾ ਸਨਅਤਾਂ ਦਾ ਪਾਣੀ ਵੀ ਸਤਲੁਜ ਵਿਚ ਮਿਲ ਰਿਹਾ ਹੈ। ਪਾਕਿਸਤਾਨੀ ਪਿੰਡਾਂ ਦੇ ਲੋਕ ਹੁਸੈਨੀਵਾਲਾ ਵੱਲ ਦੇਖ ਰਹੇ ਹਨ ਤਾਂ ਜੋ ਪਾਣੀ ਦਾ ਅੰਦਾਜ਼ਾ ਲਗਾਇਆ ਜਾ ਸਕੇ। ਪਤਾ ਲੱਗਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਮੱਕੀ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ ਜਦੋਂ ਕਿ ਇਧਰ ਫਾਜ਼ਿਲਕਾ ਜ਼ਿਲ੍ਹੇ ਵਿਚ 4168 ਏਕੜ ਫ਼ਸਲ ਪਾਣੀ ਦੀ ਲਪੇਟ ਵਿਚ ਆਈ ਹੈ।
ਹਿਮਾਚਲ ‘ਚ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ: ਸੁੱਖੂ
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਨੂੰ ਭਾਰੀ ਮੀਂਹਾਂ ਕਾਰਨ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਤੋਂ ਉੱਭਰਨ ਵਿੱਚ ਘੱਟੋ ਘੱਟ ਇੱਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿਮਾਚਲ ਸਰਕਾਰ ਨੂੰ ਦੇਸ਼ ਭਰ ਤੋਂ ਮਦਦ ਮਿਲ ਰਹੀ ਹੈ ਜਦਕਿ ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਕ੍ਰਮਵਾਰ ਸੂਬੇ ਨੂੰ 15 ਕਰੋੜ ਤੇ 11 ਕਰੋੜ ਰੁਪਏ ਦੀ ਮਦਦ ਭੇਜੀ ਹੈ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੇ ਸੂਬੇ ‘ਚ ਆਪਣੀ ਟੀਮ ਭੇਜੀ ਸੀ। ਮੈਨੂੰ ਯਕੀਨ ਹੈ ਕਿ ਟੀਮ ਨੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੋਵੇਗੀ ਅਤੇ ਰਾਹਤ ਫੰਡ ਦੀ ਪਹਿਲੀ ਕਿਸ਼ਤ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।’

 

RELATED ARTICLES
POPULAR POSTS