Breaking News
Home / ਪੰਜਾਬ / ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਪਿੰਡ ਕੱਲਰ ਮਾਜਰੀ ਦੀ ਕੌਮੀ ਪੱਧਰ ‘ਤੇ ਹੋਈ ਪਹਿਚਾਣ

ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਪਿੰਡ ਕੱਲਰ ਮਾਜਰੀ ਦੀ ਕੌਮੀ ਪੱਧਰ ‘ਤੇ ਹੋਈ ਪਹਿਚਾਣ

ਖੇਤੀਬਾੜੀ ਵਿਭਾਗ ਨੇ ਇਸ ਪਿੰਡ ਨੂੰ ‘ਅੱਗ ਮੁਕਤ’ ਰੱਖਣ ਦਾ ਕੀਤਾ ਸੀ ਫੈਸਲਾ
ਚੰਡੀਗੜ੍ਹ : ਜ਼ਿਲ੍ਹਾ ਪਟਿਆਲਾ ਦਾ ਨਾਭਾ ਤੋਂ ਕਰੀਬ 15 ਕਿਲੋਮੀਟਰ ਦੂਰ ਵੱਸਦਾ ਛੋਟਾ ਜਿਹਾ ਪਿੰਡ ਕੱਲਰ ਮਾਜਰੀ ਇਸ ਮੌਕੇ ਕੌਮੀ ਪੱਧਰ ਉੱਤੇ ਚਰਚਾ ਵਿੱਚ ਹੈ। ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉੱਤੇ ਲਗਾਈ ਰੋਕ ਨੂੰ ਅਮਲੀ ਰੂਪ ਦੇਣ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਇਸ ਪਿੰਡ ਨੂੰ ‘ਅੱਗ ਮੁਕਤ’ ਰੱਖਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਵੱਲੋਂ ਮਸ਼ੀਨਰੀ ਮੁਫ਼ਤ ਉਪਲੱਬਧ ਕਰਵਾਉਣ ਦੇ ਦਿੱਤੇ ਭਰੋਸੇ ਪਿੱਛੋਂ ਪਿੰਡ ਦੇ ਕਿਸਾਨਾਂ ਨੇ ਆਪਣਾ ਵਾਅਦਾ ਨਿਭਾਉਂਦਿਆਂ ਪਰਾਲੀ ਨੂੰ ਅੱਗ ਨਹੀਂ ਲਗਾਈ ਪਰ ਉਹ ਪੰਜਾਬ ਦੇ ਉਨ੍ਹਾਂ ਕਿਸਾਨਾਂ ਨਾਲ ਸਹਿਮਤੀ ਪ੍ਰਗਟ ਕਰ ਰਹੇ ਹਨ ਕਿ ਪਰਾਲੀ ਫੂਕਣ ਤੋਂ ਬਿਨਾਂ ਹੋਰਾਂ ਤਰੀਕਿਆਂ ਨਾਲ ਨਿਬੇੜਾ ਕਰਨ ਲਈ ਵੱਧ ਖਰਚ ਆਉਂਦਾ ਹੈ ਅਤੇ ਉਸ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ।
ਪਿੰਡ ਦਾ ਨੌਜਵਾਨ ਕਿਸਾਨ ਬੀਰ ਦਲਵਿੰਦਰ ਸਿੰਘ ਐਮ.ਟੈਕ. ਦੀ ਡਿਗਰੀ ਲੈ ਕੇ ਨੋਇਡਾ ਨੌਕਰੀ ਕਰਦਾ ਸੀ ਪਰ ਆਪਣੇ ਘਰ ਦੇ ਹਾਲਾਤ ਕਾਰਨ ਮੁੜ ਖੇਤੀ ਵਿੱਚ ਆ ਜੁਟਿਆ। ਕੌਮੀ ਗਰੀਨ ਟ੍ਰਿਬਿਊਨਲ ਦੀ ਨਜ਼ਰ ਵਿੱਚ ਵੀ ਸ਼ਾਇਦ ਕਿਸਾਨ ਦਾ ਅਕਸ ਅਨਪੜ੍ਹ ਅਤੇ ਠੇਠ ਭਾਸ਼ਾ ਵਿੱਚ ਗੱਲ ਕਰਨ ਵਾਲਿਆਂ ਦਾ ਹੈ। ਪੇਸ਼ੀ ਉੱਤੇ ਮੌਜੂਦ ਇੱਕ ઠਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਬੀਰ ਦਲਵਿੰਦਰ ਨੇ ਫਰਾਟੇਦਾਰ ਅੰਗਰੇਜ਼ੀ ਵਿੱਚ ਟ੍ਰਿਬਿਊਨਲ ਨੂੰ ਪਰਾਲੀ ਨਾ ਫੂਕਣ ਦੇ ਮਾਮਲੇ ਬਾਰੇ ਜਾਣਕਾਰੀ ਦੇਣੀ ਚਾਹੀ ਤਾਂ ਜਸਟਿਸ ਸਵਤੰਤਰ ਕੁਮਾਰ ਨੂੰ ਉਸ ਦੇ ਕਿਸਾਨ ਹੋਣ ਉੱਤੇ ਹੀ ਸ਼ੱਕ ਹੋ ਗਿਆ। ਉਨ੍ਹਾਂ ਨੇ ਪੰਜਾਬੀ ਵਿੱਚ ਗੱਲ ਕਰਨ ਵਾਲੇ ਹੋਰਾਂ ਕਿਸਾਨਾਂ ਤੋਂ ਗੱਲ ਸੁਣਨ ਵਿੱਚ ਦਿਲਚਸਪੀ ਦਿਖਾਈ। ઠਪਿੰਡ ਦੇ ਲਗਪਗ ਸਭ ਤੋਂ ਵੱਡੇ ਕਿਸਾਨ ਪਰਿਵਾਰ ਵਜੋਂ ਜਾਣੇ ਜਾਂਦੇ ਇਸ ਪਰਿਵਾਰ ਵੱਲੋਂ ਕੁਝ ਸਾਲ ਤੋਂ ਆਪਣੀ ઠਜ਼ਮੀਨ ਦੇ ਇੱਕ ਹਿੱਸੇ ਉੱਤੇ ਹੈਪੀਸੀਡਰ ਰਾਹੀਂ ਸਿੱਧੀ ਬਿਜਾਈ ਦਾ ਤਜਰਬਾ ਕਰਨ ਕਰਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਪਿੰਡ ਨੂੰ ‘ਅੱਗ ਮੁਕਤ’ ਬਣਾਉਣ ਭਾਵ ਪਰਾਲੀ ਨਾ ਫੂਕਣ ਵਾਲਾ ਪਿੰਡ ਬਣਾਉਣ ਲਈ ਰਾਬਤਾ ਕੀਤਾ। 20 ਸਤੰਬਰ ਨੂੰ ਪਿੰਡ ਦਾ ਇਕੱਠ ਸੱਦ ਕੇ ਪਾਏ ਮਤੇ ਵਿੱਚ ਇੱਕ ਸ਼ਰਤ ਰੱਖੀ ਗਈ ਕਿ ਜੇਕਰ ਸਰਕਾਰ ਮੁਫ਼ਤ ਵਿੱਚ ਬੇਲਰ ਜਾਂ ਹੋਰ ਮਸ਼ੀਨਾਂ ਦੇਵੇਗੀ ਤਾਂ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ।
ਪਿੰਡ ਵਿੱਚ ਅਨੇਕ ਵਾਰ ਨਾਭਾ ਦੀ ਐਸਡੀਐਮ ਅਤੇ ਹੋਰ ઠਅਧਿਕਾਰੀਆਂ ਨੇ ਵੀ ਗੇੜਾ ਰੱਖਿਆ। ਪਿੰਡ ਦੇ ਕਿਸਾਨ ਧੀਰ ਸਿੰਘ ਖੱਟੜਾ ਨੇ ਦੱਸਿਆ ਕਿ ਲਗਪਗ 500 ਏਕੜ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਹੈ। ਕਾਫੀ ਹੱਦ ਤੱਕ ਝੋਨੇ ਦੀ ਕਟਾਈ ਹੋ ਵੀ ਚੁੱਕੀ ਹੈ।
ਵਿਭਾਗ ਵਾਲੇ ਕੁਝ ਦਿਨਾਂ ਬਾਅਦ ਬੇਲਰ ਭੇਜ ਦਿੰਦੇ ਹਨ ਅਤੇ ਉਹ ਇੱਕ ਦਿਨ ઠਵਿੱਚ ਲਗਪਗ 15 ਏਕੜ ਦੇ ਕਰੀਬ ਪਰਾਲੀ ਦੀਆਂ ਗੱਠਾਂ ਬਣਾ ਦਿੰਦਾ ਹੈ। ਲਗਪਗ ਤਿੰਨ-ਦਿੰਨ ਕੁਇੰਟਲ ਦੀਆਂ ਗੱਠਾਂ ਲਈ ਕਿਸੇ ਖਾਲੀ ਥਾਂ ਦੀ ਲੋੜ ਪੈਂਦੀ ਹੈ।
ਨਾਭਾ-ਭਾਦਸੋਂ ਰੋਡ ਉੱਤੇ ਪਿੰਡ ਦੀ ਖਾਲੀ ਪਈ ਲਗਪਗ ਤਿੰਨ ਏਕੜ ਸ਼ਾਮਲਾਟ ਜ਼ਮੀਨ ਵਿੱਚ ਇਨ੍ਹਾਂ ਗੱਠਾਂ ਦਾ ਢੇਰ ਲਗਾ ਦਿੱਤਾ ਗਿਆ ਹੈ। ਸਵਾ ਸੌ ਏਕੜ ਨਾਲ ਹੀ ਇਹ ਜ਼ਮੀਨ ਲਗਪਗ ਗੱਠਾਂ ਨਾਲ ਭਰ ਚੁੱਕੀ ਹੈ। ਅੱਗੋਂ ਹੋਰ ਗੱਠਾਂ ਲਈ ਪਹਿਲੀਆਂ ਨੂੰ ਚੁੱਕਣਾ ਜ਼ਰੂਰੀ ਹੈ।
ਨੇੜਲੇ ਪਿੰਡਾਂ ਦੇ ਕਿਸਾਨਾਂ ਤੋਂ ਬੇਲਰ ਮਸ਼ੀਨ ਦੇ ਸੰਚਾਲਕ 12 ਤੋਂ 15 ਸੌ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਸੂਲ ਕਰਦੇ ਹਨ। ਕੱਲਰ ਮਾਜਰੀ ਦੇ ਕਿਸਾਨਾਂ ਨੂੰ ਇਹ ਮਸ਼ੀਨਰੀ ਮੁਫ਼ਤ ਵਿੱਚ ਮਿਲ ਰਹੀ ਹੈ। ਸੂਤਰਾਂ ਅਨੁਸਾਰ ਵਿਭਾਗ ਇਨ੍ਹਾਂ ਮਸ਼ੀਨਰੀ ਵਾਲਿਆਂ ਤੋਂ ‘ਵਗਾਰ’ ਵਿੱਚ ਕੰਮ ਕਰਵਾ ਰਿਹਾ ਹੈ। ਐਨਜੀਟੀ ਨੇ ਆਪਣੇ ਫ਼ੈਸਲੇ ਵਿੱਚ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਦੋ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਸਬੰਧਤ ਮਸ਼ੀਨਰੀ ਮੁਫ਼ਤ, ਪੰਜ ਏਕੜ ਤੱਕ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਜ਼ਮੀਨ ਵਾਲਿਆਂ ਨੂੰ 15 ਹਜ਼ਾਰ ਰੁਪਏ ਵਿੱਚ ਮੁਹੱਈਆ ਕਰਵਾਉਣੀ ਜ਼ਰੂਰੀ ਹੈ।ਟ੍ਰਿਬਿਊਨਲ ਨੇ ਕਿਸਾਨਾਂ ਨੂੰ ਦਿੱਤੀ ਸਹਾਇਤਾ ਬਾਰੇ ਜਾਨਣ ਸਬੰਧੀ ਰੱਖੀ ਪੇਸ਼ੀ ਉੱਤੇ ਕੱਲਰ ਮਾਜਰੀ ਦੇ ਬੀਰ ਦਲਵਿੰਦਰ ਅਤੇ ਇੱਕ ਦਰਜਨ ਹੋਰ ਕਿਸਾਨਾਂ ਨੇ ਵਿਭਾਗੀ ਅਧਿਕਾਰੀਆਂ ਦੀ ਬੰਦ ਖਲਾਸੀ ਕਰਵਾਈ। ਉਨ੍ਹਾਂ ਨੇ ਕਹਿ ਦਿੱਤਾ ਕਿ ਖੇਤੀ ਵਿਭਾਗ ਨੇ ਉਨ੍ਹਾਂ ਦੇ ਪਿੰਡ ਨੂੰ ਸਾਰੀ ਮਸ਼ੀਨਰੀ ਮੁਫ਼ਤ ਵਿੱਚ ਦਿੱਤੀ ਹੈ। ਹਾਲਾਂਕਿ ਇਸ ਬਿਆਨ ਦਾ ਬੁਰਾ ਮਨਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਸ ਨੂੰ ਕਿਸਾਨਾਂ ਦੀ ਪਿੱਠ ਵਿੱਚ ‘ਛੁਰਾ ਮਾਰਨ’ ਦੇ ਬਰਾਬਰ ਕਰਾਰ ਦਿੱਤਾ ਸੀ। ਰਾਜੇਵਾਲ ਨੇ ਕਿਹਾ ਕਿ ਟ੍ਰਿਬਿਊਨਲ ਸਾਹਮਣੇ ਕਿਸਾਨਾਂ ਨੂੰ ਵਾਧੂ ਖਰਚਾ ਦੇਣ ਦਾ ਮੁੱਦਾ ਕੇਂਦਰ ਬਿੰਦੂ ਬਣਿਆ ਹੋਇਆ ਸੀ ਪਰ ਬਿਆਨ ਨੇ ਪਾਸਾ ਪਲਟ ਦਿੱਤਾ।
ਬੀਰ ਦਲਵਿੰਦਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਾਰੇ ਪਿੰਡਾਂ ਦੇ ਕਿਸਾਨਾਂ ਦਾ ਹੋਣ ਵਾਲਾ ਵਾਧੂ ਖਰਚ ਸਰਕਾਰ ਚੁੱਕੇ।
ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਤਾਂ ਹੈ, ਪਰ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ
ਜਲੰਧਰ : ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦੇ ਮੁੱਦੇ ਨੂੰ ਲੈ ਕੇ ਪਹਿਲੀ ਵਾਰ ਏਨੀ ਗੰਭੀਰਤਾ ਨਾਲ ਐਨਜੀਟੀ ਨੇ ਪੰਜਾਬ ਸਰਕਾਰ ‘ਤੇ ਦਬਾਅ ਬਣਾਇਆ ਹੈ ਤੇ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਢੁੱਕਵਾਂ ਹੱਲ ਦੇਣ ਦੀ ਥਾਂ ਉਨ੍ਹਾਂ ਨੂੰ ਜੁਰਮਾਨੇ ਅਤੇ ਕੈਦ ਦੇ ਡਰਾਵੇ ਦਿੱਤੇ ਹਨ। ਪਰਾਲੀ ਨੂੰ ਸੰਭਾਲਣ ਲਈ ਬਾਜ਼ਾਰ ਵਿੱਚ ਮਹਿੰਗੇ ਭਾਅ ਦੇ ਸੰਦ ਤਾਂ ਮੌਜੂਦ ਹਨ ਪਰ ਇਹ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹਨ। ਪੰਜਾਬ ਦੇ ਕਿਸਾਨ ਵਾਤਾਵਰਨ ਦੂਸ਼ਿਤ ਕਰਨ ਦੇ ਹੱਕ ਵਿੱਚ ਨਹੀਂ ਹਨ ਪਰ ਉਨ੍ਹਾਂ ਕੋਲ ਪਰਾਲ਼ੀ ਦੇ ਨਿਬੇੜੇ ਦਾ ਢੁੱਕਵਾਂ ਬਦਲ ਵੀ ਨਹੀਂ ਹੈ। ਆਰਥਿਕ ਪੱਖੋਂ ਤਕੜੇ ਜ਼ਿਮੀਂਦਾਰਾਂ ਨੇ ਤਾਂ ਮਸ਼ੀਨਰੀ ਖ਼ਰੀਦ ਲਈ ਪਰ ਛੋਟੇ ਕਿਸਾਨਾਂ ਨੂੰ ਇਸ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ। ਮਲਚਰ ਤੇ ਪਲਟਾਵੇਂ ਹਲ ਦੀ ਕੀਮਤ ਹੀ 10 ਤੋਂ 12 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਰਕਮ 2 ਤੋਂ 5 ਏਕੜ ਵਾਲੇ ਕਿਸਾਨਾਂ ਲਈ ਪਹੁੰਚ ਤੋਂ ਬਾਹਰੀ ਗੱਲ ਹੈ।
ਪਰਾਲੀ ਨੂੰ ਸੰਭਾਲਣ ਦਾ ਕੁਝ ਕਿਸਾਨਾਂ ਨੇ ਦੇਸੀ ਢੰਗ ਲੱਭ ਲਿਆ ਹੈ, ਜਿਸ ਨਾਲ ਉਨ੍ਹਾਂ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਕਪੂਰਥਲਾ ਦੇ ਪਿੰਡ ਬਾਊਪੁਰ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਲਈ ਟਰੈਕਟਰ ਅੱਗੇ ‘ਦੇਸੀ ਜੁਗਾੜ’ ਫਿੱਟ ਕਰ ਲਿਆ ਹੈ, ਜਿਸ ਨਾਲ ਉਹ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਦਾ ਹੈ। ਇਸ ਸੰਦ ਨੂੰ ਤਿਆਰ ਕਰਨ ਵਾਲੇ ਮਿਸਤਰੀ ਆਤਮਾ ਸਿੰਘ ਨੇ ਸੰਤ ਅਵਤਾਰ ਸਿੰਘ ਬਹੁਤਕਨੀਕੀ ਸੇਵਾ ਕੇਂਦਰ ਵਿੱਚ ਇਸ ਦੀ ਕਾਢ ਕੱਢੀ ਸੀ। ਇਸ ਨੂੰ ਹਾਈਡਰੌਲਿਕ ਬਣਾਉਣ ਦੀ ਕਾਢ ਜਰਨੈਲ ਸਿੰਘ ਨੇ ਕੱਢੀ। ਉਸ ਨੇ ਦੱਸਿਆ ਕਿ ਪਹਿਲਾਂ ਟਰੈਕਟਰ ਦੇ ਪਿੱਛੇ ਪਰਾਲੀ ਇਕੱਠੀ ਕਰਨ ਦਾ ਜੁਗਾੜ ਬਣਾਇਆ ਸੀ ਪਰ ਉਸ ਨਾਲ ਮੂੰਹ ਘੁੰਮਾ ਕੇ ਪਿੱਛੇ ਜ਼ਿਆਦਾ ਦੇਖਣਾ ਪੈਂਦਾ ਸੀ।
ਪਿੰਡ ਮਹਿਸਮਪੁਰ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਦਾ ਸਾਰਾ ਪਿੰਡ ਪਰਾਲੀ ਨੂੰ ਅੱਗ ਨਹੀਂ ਲਾਏਗਾ। ਸਰਪੰਚ ਮੋਹਣ ਲਾਲ ਅਤੇ ਅਗਾਂਹਵਧੂ ਕਿਸਾਨ ਮਿਲਟਨ ਸਿੰਘ, ਕੁਲਬੀਰ ਸਿੰਘ, ਅਮਰਜੀਤ ਸਿੰਘ ਜੌਹਲ, ਗੁਰਮੁਖ ਸਿੰਘ ਤੇ ਹੋਰਨਾਂ ਵੱਲੋਂ ਸਾਂਝੀ ਸਲਾਹ ਨਾਲ ਕੀਤੇ ਇਸ ਫ਼ੈਸਲੇ ਨੇ ਸੂਬੇ ਦੇ ਹੋਰਨਾਂ ਪਿੰਡਾਂ ਨੂੰ ਵੀ ਰਾਹ ਦਿਖਾਇਆ ਹੈ। ਇਸੇ ਤਰ੍ਹਾਂ ਪਿੰਡ ਅੰਬੀਆਂ ਤੋਹਫਾ ਨੇ ਵੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਕੀਤਾ ਹੈ। ਇਨ੍ਹਾਂ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਹੌਸਲ਼ਾ ਅਫਜ਼ਾਈ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੇ ਨਾਲ ਉਚੇਚੇ ਤੌਰ ‘ਤੇ ਪਿੰਡਾਂ ਵਿੱਚ ਪੁੱਜੇ। ਡਿਪਟੀ ਕਮਿਸ਼ਨਰ ਨੇ ਜਿਥੇ ਪੰਚਾਇਤਾਂ ਦਾ ਸਨਮਾਨ ਕੀਤਾ, ਉਥੇ ਉਨ੍ਹਾਂ ਇਸ ਗੱਲ ਦਾ ਉਚੇਚਾ ਜ਼ਿਕਰ ਕੀਤਾ ਕਿ ਲੋਕਾਂ ਦੀ ਇਕਜੁੱਟਤਾ ਨਾਲ ਕਿਸੇ ਵੀ ਔਖੇ ਸਮਝੇ ਜਾਣ ਵਾਲੇ ਕੰਮ ਨੂੰ ਸਹਿਜੇ ਹੀ ਕੀਤਾ ਜਾ ਸਕਦਾ ਹੈ।
ਝੋਨੇ ਦੀ ਪਰਾਲੀ ਸੰਭਾਲਣ ਲਈ ਤਿੰਨ-ਚਾਰ ਕਿਸਾਨਾਂ ਨੇ ਰਲ਼ ਕੇ ਨਵੀਂ ਮਸ਼ੀਨਰੀ ਖ਼ਰੀਦੀ ਹੈ, ਜਿਨ੍ਹਾਂ ਵਿੱਚ ਮਲਚਰ ਤੇ ਪਲਟਾਵੇਂ ਹਲ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਕੋਲ ਪਲਟਾਵੇਂ ਹਲ ਚਲਾਉਣ ਲਈ ਵੱਡਾ ਟਰੈਕਟਰ ਵੀ ਮੌਜੂਦ ਹੈ। ਨਵੀਂ ਮਸ਼ੀਨਰੀ ਇਸ ਆਸ ਨਾਲ ਲਈ ਗਈ ਸੀ ਕਿ ਪਰਾਲੀ ਨਾ ਸਾੜਨ ਲਈ ਕੀਤੀ ਜਾ ਰਹੀ ਸਖ਼ਤੀ ਦੇ ਮੱਦੇਨਜ਼ਰ 10-12 ਲੱਖ ਦੀ ਖਰੀਦੀ ਮਸ਼ੀਨਰੀ ਨਾਲ ਕਮਾਈ ਵੀ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਮਲਚਰ ਤੇ ਪਲਟਾਵੇਂ ਹਲਾਂ ਨਾਲ ਵਾਹੁਣ ਦਾ ਪ੍ਰਤੀ ਏਕੜ ਕਿਰਾਇਆ 1500 ਤੋਂ 1800 ਰੁਪਏ ਲਿਆ ਜਾਂਦਾ ਹੈ।
ਕਿਸਾਨਾਂ ਦੀ ਮਦਦ ਲਈ ਨਿੱਤਰਿਆ ਨੌਜਵਾਨ ਗੁਰਵਿੰਦਰ ਸਿੰਘ : ਪਿੰਡ ਅਹਿਮਦਪੁਰ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਆਪਣੇ ਫੇਸਬੁੱਕ ਖ਼ਾਤੇ ‘ਤੇ ਐਨਾ ਹੀ ਪਾਇਆ ਸੀ ਕਿ ਉਹ ਕਿਸਾਨਾਂ ਦੀ ਪਰਾਲੀ ਨੂੰ ਮੁਫ਼ਤ ਹੀ ਸਾਂਭੇਗਾ, ਸਿਰਫ ਤੇਲ ਦੇ ਖਰਚੇ ‘ਤੇ ਕੰਮ ਕਰੇਗਾ। ਇਸ ਗੱਲ ਨੂੰ ਮਿਲੇ ਹੁੰਗਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਹੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਕੰਮ ਨਾਲ ਲੋਕ ਹਮੇਸ਼ਾਂ ਖੜ੍ਹ ਜਾਂਦੇ ਹਨ। ਗੁਰਵਿੰਦਰ ਸਿੰਘ ਦੱਸਦਾ ਹੈ ਕਿ ਹੁਣ ਉਸ ਕੋਲ ਸਰਕਾਰੀ ਅਧਿਕਾਰੀ ਵੀ ਸਲਾਹ ਲੈਣ ਆਉਂਦੇ ਹਨ ਤੇ ਇਹ ਵੀ ਕਹਿਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਵਾਰੀ ਨਮੂਨਾ ਪੇਸ਼ ਕੀਤਾ ਜਾਵੇ। ਉਸ ਦਾ ਕਹਿਣਾ ਹੈ ਕਿ ਜੇ ਸਰਕਾਰ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਤਾਂ ਕਿਸਾਨਾਂ ਦੀ ਪਰਾਲੀ ਨੂੰ ਸੌਖਿਆਂ ਸਾਂਭਿਆ ਜਾ ਸਕਦਾ ਸੀ।
ਪੰਜਾਬ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਿਆ
ਪਟਿਆਲਾ : ਪਰਾਲੀ ਸਾੜਨ ਕਾਰਨ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾ ਵਧਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਮਾਪੇ ਜਾ ਰਹੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੇ ਪਿਛਲੇ ਦਿਨਾਂ ਦੇ ਅੰਕੜੇ ਹਵਾ ਦੀ ਗੁਣਵੱਤਾ ਬਹੁਤ ਮਾੜੀ ਦਰਸਾਉਣ ਲੱਗੇ ਹਨ।
ਪੰਜਾਬ ਵਿੱਚ ਧੂੰਏਂ ਦੀ ਧੁੰਦ ਪੱਸਰਨ ਲੱਗੀ ਹੈ। ਦੱਸਣਯੋਗ ਹੈ ਕਿ ਵਾਤਾਵਰਨ ਮੰਤਰਾਲੇ ਵੱਲੋਂ ਮਿੱਥੇ ਗਏ ਮਿਆਰਾਂ ਮੁਤਾਬਿਕ ਹਵਾ ਗੁਣਵੱਤਾ ਸੂਚਕ ਅੰਕ 201 ਤੋਂ 300 ਤੱਕ ਮਾੜੀ ਕੁਆਲਿਟੀ, 301 ਤੋਂ 400 ਤੱਕ ਬਹੁਤ ਮਾੜੀ ਅਤੇ 401 ਤੋਂ 500 ਤੱਕ ਖ਼ਤਰਨਾਕ ਸਥਿਤੀ ਬਿਆਨਦਾ ਹੈ। ਦੀਵਾਲੀ ਦੀ ਆਤਿਸ਼ਬਾਜ਼ੀ ਦਾ ਅਸਰ ਵੀ ਵਾਤਾਵਰਨ ‘ਤੇ ਵਿਖਾਈ ਦੇ ਰਿਹਾ ਹੈ।
ਪੰਜਾਬ ਦੀ ਆਬੋ ਹਵਾ ਦੀ ਗੁਣਵੱਤਾ ਦੇ ਮਾੜੇ ਰੁਝਾਨ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚਿੰਤਤ ઠਹੈ। ਬੋਰਡ ਦਾ ਮੰਨਣਾ ਹੈ ਕਿ ਅਜਿਹੇ ਮਾੜੇ ਵਰਤਾਰੇ ਦਾ ਸਿੱਧਾ ਪ੍ਰਭਾਵ ਪੇਂਡੂ ਵਸੋਂ ਅਤੇ ਸੂਬੇ ਦੀ ਕਿਸਾਨੀ ‘ਤੇ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਅਜਿਹੇ ਵਰਤਾਰੇ ਦਾ ਵੱਡਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾਂਦੀ ਅੱਗ ਹੈ ਜਿਸ ਕਾਰਨ ਹਵਾ ਵਿਚਲੇ ਮਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ ਅਤਿ-ਮਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ।
ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉੱਪਰ ਸੰਘਣੇ ਧੂੰਏਂ ਦੇ ਬੱਦਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਮੌਸਮ ਵਿਚ ਪੈਦਾ ਹੋ ਰਹੀ ਠੰਢਕ ਕਾਰਨ ਇਹ ਧੂੰਆਂ ਧੁੰਦ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਬਦਤਰ ਹੋਵੇਗੀ। ਇਕੱਤਰ ਵੇਰਵਿਆਂ ਮੁਤਾਬਿਕ ਇੱਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ-ਡਾਇਆਕਸਾਈਡ ਅਤੇ 2 ਕਿਲੋ ਸਲਫ਼ਰ ਡਾਇਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਵਾਢੀ ਅਤੇ ਬਿਜਾਈ ਦੇ ਵਕਫ਼ੇ ਦਰਮਿਆਨ 130 ਲੱਖ ਟਨ ਪਰਾਲੀ ਸਾੜਨ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਜਿਸ ਕਾਰਨ ਪੰਜਾਬ ਇੱਕ ਗੈਸ ਚੈਂਬਰ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ।

 

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …