Breaking News
Home / ਪੰਜਾਬ / ਸਿੱਕਿਮ ਦੇ ਗੁਰਦੁਆਰਾ ਸਾਹਿਬ ‘ਚ ਵੀ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਸਿੱਕਿਮ ਦੇ ਗੁਰਦੁਆਰਾ ਸਾਹਿਬ ‘ਚ ਵੀ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

8 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਲਈ ਸ਼ੁਰੂ ਹੋਵੇ ਹੈਲੀਕਾਪਟਰ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਕਿਮ ਦੇ ਗੁਰਦੁਆਰਾ ਚੁੰਗ ਥਾਂਗ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਮਤਿ ਸਮਾਗਮ ਕੀਤਾ ਗਿਆ। ਇਸ ਮੌਕੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਇਸ ਗੁਰਦੁਆਰੇ ਵਾਸਤੇ ਹੈਲੀਕਾਪਟਰ ਸੇਵਾ ਸ਼ੁਰੂ ਕਰਾਵੇ। ਦੋ ਦਿਨਾ ਇਸ ਸਮਾਗਮ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਸੰਬੋਧਨ ਦੌਰਾਨ ਇਸ ਗੁਰਦੁਆਰੇ ਦੇ ਇਤਿਹਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਅਜਿਹੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਕੇ ਸਿੱਖ ਵਿਰਾਸਤ ਨੂੰ ਕਾਇਮ ਰੱਖਣ ਲਈ ਯਤਨ ਕਰ ਰਹੇ ਕਾਰ ਸੇਵਾ ਵਾਲੇ ਬਾਬੇ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਦੀ ਇਹ ਸੇਵਾ ਵੀ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਠ ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਇਸ ਗੁਰਦੁਆਰੇ ਦੀ ਸਾਂਭ-ਸੰਭਾਲ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੀ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਾਨਸ਼ੀਨ ਬਾਬਾ ਬਚਨ ਸਿੰਘ, ਬਾਬਾ ਸੁਰਿੰਦਰ ਸਿੰਘ, ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਬਾਬਾ ਯਾਦਵਿੰਦਰ ਸਿੰਘ ਇਸ ਗੁਰਦੁਆਰੇ ਦੀ ਸਾਂਭ-ਸੰਭਾਲ ਕਰ ਰਹੇ ਹਨ।
ਇਸ ਮੌਕੇ ਬਿਹਾਰ ਸਿੱਖ ਗੁਰਦੁਆਰਾ ਕਮੇਟੀ ਦੇ ਆਗੂ ਸੂਰਜ ਸਿੰਘ ਨਲਵਾ ਨੇ ਆਖਿਆ ਕਿ ਇਸ ਗੁਰਦੁਆਰੇ ਵਿਚ ਪੁੱਜਣ ਲਈ ਲੰਮਾ ਸਮਾਂ ਲੱਗਦਾ ਹੈ। ਪਹਾੜੀ ਰਸਤਾ ਹੋਣ ਕਾਰਨ ਕਈ ਔਕੜਾਂ ਵੀ ਆਉਂਦੀਆਂ ਹਨ, ਜਿਸ ਕਾਰਨ ਸੰਗਤ ਇੱਥੇ ਘੱਟ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ , ਪਟਨਾ ਸਾਹਿਬ ਪ੍ਰਬੰਧਕ ਕਮੇਟੀ , ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਆਦਿ ਵਲੋਂ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕਰਕੇ ਇਥੇ ਹੈਲੀਕਾਪਟਰ ਸੇਵਾ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਾਗਡੋਗਰਾ ਹਵਾਈ ਅੱਡੇ ਤੋਂ ਇਸ ਗੁਰਦੁਆਰੇ ਵਾਸਤੇ ਹੈਲੀਕਾਪਟਰ ਸੇਵਾ ਸ਼ੁਰੂ ਹੋ ਜਾਵੇ ਤਾਂ ਇਥੇ ਸੰਗਤ ਦੀ ਆਮਦ ਵੱਧ ਜਾਵੇਗੀ। ਉਨ੍ਹਾਂ ਇਸ ਸਬੰਧ ਵਿਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਯਤਨ ਆਰੰਭਣ ਲਈ ਅਪੀਲ ਕੀਤੀ ਹੈ। ਗੁਰਦੁਆਰੇ ਦੀ ਸਾਂਭ-ਸੰਭਾਲ ਕਰ ਰਹੇ ਬਾਬਾ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਹਨ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਜਿਸ ਵਿਚ ਸਿਲੀਗੁੜੀ ਗੁਰਦੁਆਰੇ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ, ਹਰਿਮੰਦਰ ਸਾਹਿਬ ਦੇ ਕਥਾ ਵਾਚਕ ਭਾਈ ਜਗਦੇਵ ਸਿੰਘ ਅਤੇ ਪਟਨਾ ਸਾਹਿਬ ਦੇ ਕਥਾਵਾਚਕ ਭਾਈ ਸੁਖਦੇਵ ਸਿੰਘ ਵਲੋਂ ਗੁਰਦੁਆਰੇ ਦੇ ਇਤਿਹਾਸ ‘ਤੇ ਚਾਨਣਾ ਪਾਇਆ ਗਿਆ। ਸਮਾਗਮ ਨੂੰ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ, ਲਖਵਿੰਦਰ ਸਿੰਘ ਲੱਖਾ, ਜਗਜੀਤ ਸਿੰਘ ਕਾਹਲੋਂ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਇਨ੍ਹਾਂ ਸਿੱਖ ਆਗੂਆਂ ਤੋਂ ਇਲਾਵਾ ਸਥਾਨਕ ਸਿੱਖ ਸੰਗਤ ਲਾਮਾ ਸਮਾਜ ਦੇ ਲੋਕ, ਭਾਰਤੀ ਫੌਜ ਦੇ ਜਵਾਨ ਤੇ ਹੋਰ ਸ਼ਾਮਲ ਸਨ। ਇਸ ਮੌਕੇ ਪ੍ਰਬੰਧਕਾਂ ਨੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …