ਜ਼ਮੀਨ ‘ਤੇ ਗੱਦੇ ਵਿਛਾ ਕੇ ਗੁਜ਼ਾਰੀ ਰਾਤ
ਲੁਧਿਆਣਾ/ਬਿਊਰੋ ਨਿਊਜ਼ : ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ ਅਤੇ ਉਨ੍ਹਾਂ ਆਪਣੀ ਟਿੰਡ-ਫੌੜੀ ਚੁੱਕ ਭਾਜਪਾ ਦੇ ਦਫ਼ਤਰ ‘ਚ ਡੇਰੇ ਲਾ ਲਏ ਹਨ।
ਉਨ੍ਹਾਂ ਜ਼ਮੀਨ ‘ਤੇ ਗੱਦੇ ਵਿਛਾ ਲਏ ਹਨ ਤੇ ਰਾਤ ਵੀ ਇੱਥੇ ਹੀ ਗੁਜ਼ਾਰੀ। ਬਿੱਟੂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਨਵਾਂ ਘਰ ਨਹੀਂ ਮਿਲਦਾ, ਉਹ ਭਾਜਪਾ ਦਫ਼ਤਰ ਤੋਂ ਹੀ ਸਾਰਾ ਕੰਮ-ਕਾਜ ਤੇ ਚੋਣ ਪ੍ਰਚਾਰ ਚਲਾਉਣਗੇ।
ਜਾਣਕਾਰੀ ਅਨੁਸਾਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਕੋਠੀ ਦਾ 1.84 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਸੀ ਜਿਸ ਨੂੰ ਦੇਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਐਨਓਸੀ ਦਿੱਤੀ ਗਈ ਤੇ ਉਨ੍ਹਾਂ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ੱਦੀ ਜ਼ਮੀਨ ਗਹਿਣੇ ਰੱਖਣ ਤੋਂ ਬਾਅਦ ਪੈਸੇ ਇਕੱਠੇ ਕੀਤੇ ਤੇ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾਏ। ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ‘ਤੇ ਕਈ ਗੰਭੀਰ ਆਰੋਪ ਲਾਏ।
ਭਾਜਪਾ ਉਮੀਦਵਾਰ ਬਿੱਟੂ ਕੋਲ ਰਾਤੋ ਰਾਤ 2 ਕਰੋੜ ਕਿੱਥੋਂ ਆਏ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਕਹਿੰਦੇ ਹਨ ਕਿ ਉਨ੍ਹਾਂ ਕੋਲ ਕੁਝ ਨਹੀਂ ਹੈ ਪਰ ਉਹ ਇਹ ਦੱਸਣ ਕਿ ਰਾਤੋਂ ਰਾਤ ਉਨ੍ਹਾਂ ਕੋਲ ਸਰਕਾਰੀ ਕੋਠੀ ਦੇ ਕਿਰਾਏ ਦਾ ਜੁਰਮਾਨਾ ਦੇਣ ਲਈ 2 ਕਰੋੜ ਰੁਪਏ ਕਿੱਥੋਂ ਆਏ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਇਹ ਗੱਲ ਜੱਗ ਜ਼ਾਹਿਰ ਕਰਨੀ ਚਾਹੀਦੀ ਹੈ ਕਿ ਰਾਤੋਂ ਰਾਤ ਅਜਿਹਾ ਕਿਹੜਾ ਵਿਅਕਤੀ ਹੈ, ਜਿਸ ਨੇ ਉਨ੍ਹਾਂ ਦੀ ਜ਼ੱਦੀ ਜ਼ਮੀਨ ਗਹਿਣੇ ਰੱਖ ਕੇ 2 ਕਰੋੜ ਰੁਪਏ ਨਕਦ ਉਨ੍ਹਾਂ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ ਬਿੱਟੂ ਦੇ ਖਾਤੇ ਚੈੱਕ ਹੋਣੇ ਚਾਹੀਦੇ ਹਨ ਤੇ ਨਾਲ ਦੀ ਨਾਲ ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਉਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਕਿੱਥੇ ਹੈ ਅਤੇ ਪੈਸੇ ਦੇਣ ਵਾਲਾ ਵਿਅਕਤੀ ਕੌਣ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਵਾਗਤ ਲਈ ਪੁੱਜੇ ਸਨ।