Breaking News
Home / ਪੰਜਾਬ / ਬਹਾਦਰੀ ਪੁਰਸਕਾਰ ਜੇਤੂ ਜਵਾਨਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਸਰਕਾਰ ਕਰ ਰਹੀ ਹੈ ਵਿਚਾਰ

ਬਹਾਦਰੀ ਪੁਰਸਕਾਰ ਜੇਤੂ ਜਵਾਨਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਸਰਕਾਰ ਕਰ ਰਹੀ ਹੈ ਵਿਚਾਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫੌਜ ਜਾਂ ਪੁਲਿਸ ਦੇ ਜਵਾਨਾਂ ਅਤੇ ਅਫ਼ਸਰਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਵਿਚਾਰ ਕਰ ਰਹੀ ਹੈ।
ਕੈਪਟਨ ਨੇ ਕਾਰਗਿਲ ਜੰਗ ਦੇ ਨਾਇਕ ਸਤਪਾਲ ਸਿੰਘ ਦੇ ਮੋਢਿਆਂ ‘ਤੇ ਸਹਾਇਕ ਸਬ ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਅਧਿਕਾਰੀ ਜਾਂ ਜਵਾਨ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦਾ ਹੈ ਤਾਂ ਉਸ ਦੀਆਂ ਸੇਵਾਵਾਂ ਅਤੇ ਬਹਾਦਰੀ ਨੂੰ ਪੂਰੀ ਮਾਨਤਾ ਦਿੱਤੀ ਜਾਵੇਗੀ। ਧਿਆਨ ਰਹੇ ਕਿ ਸਤਪਾਲ ਫੌਜ ਵਿਚੋਂ ਪੈਨਸ਼ਨ ਆ ਕੇ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਸੀ। ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੈਪਟਨ ਨੇ ਆਪਣੀ ਕਿਤਾਬ ਵਿਚ ਵੀ ਸਤਪਾਲ ਸਿੰਘ ਦਾ ਜ਼ਿਕਰ ਕੀਤਾ ਹੈ।
ਵਿਧਾਇਕ ਜੋ ਕਹਿ ਰਹੇ ਨੇ ਉਹ ਕੰਮ ਕਰ ਦਿਓ
ਪੰਜਾਬ ‘ਚ ਇਨ੍ਹੀਂ ਦਿਨੀਂ ਸਾਰੇ ਵਿਧਾਇਕ ਆਪਣੇ ਚਹੇਤਿਆਂ ਦੀਆਂ ਬਦਲੀਆਂ ਨੂੰ ਲੈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਵੱਖ-ਵੱਖ ਵਿਧਾਇਕ ਆਏ ਦਿਨ ਮੰਤਰੀਆਂ ਦੇ ਦਫਤਰਾਂ ਦੇ ਚੱਕਰ ਲਗਾਉਂਦੇ ਦਿਖ ਰਹੇ ਹਨ। ਮੰਤਰੀ ਵੀ ਇਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਹਨ ਅਤੇ ਮੌਕੇ ‘ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਰਹੇ ਹਨ। ਜਦੋਂ ਕੋਈ ਵੀ ਵਿਧਾਇਕ ਮੰਤਰੀ ਦੇ ਕੋਲ ਆਪਣੇ ਚਹੇਤਿਆਂ ਦੀ ਬਦਲੀ ਵਾਲੀ ਸੂਚੀ ਲੈ ਕੇ ਪਹੁੰਚਦਾ ਹੈ ਤਾਂ ਮੰਤਰੀ ਸਾਹਿਬ ਤੁਰੰਤ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਫੋਨ ਕਰਕੇ ਕਹਿੰਦੇ ਹਨ ‘ਮੈਂ ਤੁਹਾਡੀ ਗੱਲ ਵਿਧਾਇਕ ਸਾਹਿਬ ਨਾਲ ਕਰਵਾ ਰਿਹਾ ਹਾਂ, ਇਹ ਜੋ ਵੀ ਕਹਿ ਰਹੇ ਨੇ, ਉਹ ਕੰਮ ਕਰ ਦਿਓ। ਅਜਿਹਾ ਕਹਿ ਕੇ ਵਿਧਾਇਕ ਨੂੰ ਫੋਨ ਦੇ ਦਿੰਦੇ ਹਨ ਅਤੇ ਵਿਧਾਇਕ ਸੂਚੀ ਦੀ ਗੱਲ ਚਹੇਤਿਆਂ ਦੀ ਬਦਲੀ ਕਰਵਾ ਲੈਂਦਾ ਹੈ।
ਖੇਡ ਮੰਤਰੀ ਚੁਸਤ, ਅਫ਼ਸਰ ਸੁਸਤ
ਇਨ੍ਹੀਂ ਦਿਨੀਂ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਆਪਣੇ ਵਿਭਾਗ ਦੇ ਕੰਮਾਂ ਨੂੰ ਲੈ ਕੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ। ਪ੍ਰਦੇਸ਼ ਦੇ ਚੰਗੇ ਅਤੇ ਉਭਰਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਨਾਲ ਪੁਰਾਣੇ ਖਿਡਾਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਲੈ ਕੇ ਖੁਦ ਇਸ ਕੰਮ ਨੂੰ ਦੇਖ ਰਹੇ ਹਨ ਜਦਕਿ ਵਿਭਾਗ ਦੇ ਅਫ਼ਸਰ ਅਜਿਹੇ ਮਾਮਲੇ ‘ਚ ਸੁਸਤ ਨਜ਼ਰ ਆਉਂਦੇ ਹਨ। ਉਹ ਅਜਿਹੇ ਮਾਮਲੇ ਵੱਲ ਧਿਆਨ ਨਾ ਦੇ ਕੇ ਹੋਰ ਕੰਮਾਂ ‘ਚ ਉਲਝ ਰਹੇ ਹਨ, ਜਿਸ ਨਾਲ ਤੋਂ ਖੇਡ ਮੰਤਰੀ ਨਾਰਾਜ਼ ਹਨ। ਪਿਛਲੇ ਦਿਨੀਂ ਆਪਣੇ ਮੰਤਰੀਆਂ ਤੋਂ ਨਾਰਾਜ਼ ਹੋਣ ‘ਤੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਸੀ ਕਿ ਜੋ ਮੇਰੇ ਫੈਸਲੇ ਤੋਂ ਖੁਸ਼ ਨਹੀਂ ਉਹ ਕੇਂਦਰ ‘ਚ ਜਾ ਸਕਦਾ ਹੈ। ਹੁਣ ਉਸੇ ਤਰ੍ਹਾਂ ਮੰਤਰੀ ਵੀ ਆਪਣੇ ਅਫ਼ਸਰਾਂ ਨੂੰ ਕਹਿ ਰਹੇ ਹਨ ਕਿ ਜੇਕਰ ਉਹ ਕੰਮ ਨਹੀਂ ਕਰ ਸਕਦੇ ਤਾਂ ਉਹ ਕਿਸੇ ਹੋਰ ਵਿਭਾਗ ‘ਚ ਚਲੇ ਜਾਣ।
ਬ੍ਰਹਮ ਮਹਿੰਦਰਾ ਦੀ ਬੈਟਿੰਗ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੀ ਆਪਣੇ ਵਿਭਾਗ ਦੇ ਕੰਮਾਂ ਨੂੰ ਲੈ ਕੇ ਖੂਬ ਬੈਟਿੰਗ ਕਰ ਰਹੇ ਹਨ। ਉਹ ਨਵੇਂ ਅਤੇ ਸਿੱਧੂ ਵੱਲੋਂ ਅਧੂਰੇ ਛੱਡੇ ਗਏ ਪ੍ਰੋਜੈਕਟਾਂ ਦੀ ਫਾਈਲ ਨੂੰ ਫਰੋਲ ਰਹੇ ਹਨ ਅਤੇ ਉਹ ਅਫ਼ਸਰ ਜਿਨ੍ਹਾਂ ਨੇ ਸਮੇਂ ‘ਤੇ ਆਪਣਾ ਕੰਮ ਪੂਰਾ ਨਹੀਂ ਕੀਤਾ, ਉਨ੍ਹਾਂ ‘ਤੇ ਸਖਤ ਕਾਰਵਾਈ ਕਰਦੇ ਦਿਖ ਰਹੇ ਹਨ। ਉਹ ਰੋਜ਼ਾਨਾ ਪ੍ਰਦੇਸ਼ ‘ਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਸ ਨੂੰ ਲੈ ਕੇ ਪੂਰੀ ਸਮੀਖਿਆ ਕਰਦੇ ਹਨ ਅਤੇ ਸਬੰਧਤ ਅਫ਼ਸਰਾਂ ਨੂੰ ਕੰਮ ਸਮੇਂ ‘ਤੇ ਪੂਰਾ ਕਰਨ ਦੀ ਹਦਾਇਤ ਦਿੰਦੇ ਹਨ। ਉਹ ਨਹੀਂ ਚਾਹੁੰਦੇ ਕਿ ਸਾਬਕਾ ਮੰਤਰੀ ਸਿੱਧੂ ਦੀ ਤਰ੍ਹਾਂ ਉਨ੍ਹਾਂ ‘ਤੇ ਵਿਭਾਗੀ ਕੰਮਾਂ ਨੂੰ ਲੈ ਕੇ ਕੋਈ ਉਂਗਲੀ ਚੁੱਕੇ, ਇਸ ਲਈ ਸਾਰੇ ਅਫ਼ਸਰਾਂ ਤੋਂ ਸਖਤੀ ਨਾਲ ਕੰਮ ਲੈ ਰਹੇ ਹਨ।
ਐਕਟਿਵ ਹੋਏ ਸਿੱਧੂ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਅਗਿਆਤਵਾਸ ਤੋਂ ਆਉਣ ਮਗਰੋਂ ਐਕਟਿਵ ਹੋ ਗਏ ਹਨ। ਅੰਮ੍ਰਿਤਸਰ ‘ਚ ਆਪਣੇ ਨਿਵਾਸ ‘ਤੇ ਪਹੁੰਚਣ ਤੋਂ ਬਾਅਦ ਹੀ ਗੁਰੂ ਆਪਣੇ ਸਮਰਥਕਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਨ। ਇਸ ਦਰਮਿਆਨ ਵਿਧਾਨ ਸਭਾ ਦਾ ਸੈਸ਼ਨ ਵੀ ਆ ਗਿਆ ਹੈ। ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਵੀ ਹੈ ਕਿ ਵਿਧਾਨ ਸਭਾ ‘ਚ ਗੁਰੂ ਨੂੰ ਕਿਹੜੀ ਸੀਟ ਮਿਲਦੀ ਹੈ ਅਤੇ ਦੂਜੇ ਵਿਧਾਇਕਾਂ ਅਤੇ ਮੰਤਰੀਆਂ ਦਾ ਸਿੱਧੂ ਪ੍ਰਤੀ ਕੀ ਰਵੱਈਆ ਹੋਵੇਗਾ।
ਮਜੀਠੀਆ ਸੰਭਾਲਣਗੇ ਕਮਾਨ
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾਂ ਦੇ ਸੈਸ਼ਨ ‘ਚ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ, ਸੱਤਾਧਾਰੀ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਰਹੇ ਪ੍ਰੰਤੂ ਸੁਖਬੀਰ ਬਾਦਲ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਹ ਸੰਸਦ ਚਲੇ ਗਏ ਹਨ। ਅਜਿਹੇ ‘ਚ ਹੁਣ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਮਾਨ ਸੰਭਾਲਣੀ ਹੋਵੇਗੀ। ਇਸ ਵਾਰ ਖਾਸ ਗੱਲ ਇਹ ਹੋਵੇਗੀ ਕਿ ਮਜੀਠੀਆ-ਸਿੱਧੂ ਦੇ ਨਿਸ਼ਾਨਿਆਂ ਤੋਂ ਬਚ ਜਾਣਗੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ ਸਨੀ ਦਿਓਲ ’ਤੇ ਸਾਧਿਆ ਸਿਆਸੀ ਨਿਸ਼ਾਨਾ

ਕਿਹਾ : ਪਠਾਨਕੋਟ ਨੇ ਲੋਕਾਂ ਨੇ ਸਨੀ ਦਿਓ ਸੰਸਦ ਮੈਂਬਰ ਬਣਾ ਕੇ ਕੀਤੀ ਵੱਡੀ ਗਲਤੀ …