ਅਮਰੂਦ ਬਾਗ ਘੁਟਾਲਾ ਮਾਮਲੇ ’ਚ ਰਿਟਾਇਰਡ ਪੀਸੀਐਸ ਅਧਿਕਾਰੀ ਜਗਦੀਸ਼ ਸਿੰਘ ਜੌਹਲ ਗਿ੍ਰਫ਼ਤਾਰ
ਜੌਹਲ ਨੇ ਨਾਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦੇਣ ’ਚ ਨਿਭਾਈ ਸੀ ਅਹਿਮ ਭੂਮਿਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦ ਬਾਗ ਮੁਆਵਜ਼ੇ ’ਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ’ਚ ਸ਼ਾਮਲ ਰਿਟਾਇਰਡ ਪੀਸੀਐਸ ਅਧਿਕਾਰੀ ਜਗਦੀਸ਼ ਸਿੰਘ ਜੌਹਲ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਇਹ 20ਵੀਂ ਗਿ੍ਰਫਤਾਰੀ ਹੈ। ਧਿਆਨ ਰਹੇ ਕਿ ਮੋਹਾਲੀ ਦੇ ਪਿੰਡ ਬਾਕਰਪੁਰ ’ਚ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਬਦਲੇ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਮੁਆਵਜ਼ੇ ’ਚ ਇਹ ਘੋਟਾਲਾ ਹੋਇਆ ਸੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਜਗਦੀਸ਼ ਸਿੰਘ ਜੌਹਲ ਗਮਾਡਾ ਦੇ ਲੈਂਡ ਐਕਯੂਜੀਸ਼ਨ ਕਲੈਕਟਰ ਸਨ ਅਤੇ ਉਨ੍ਹਾਂ ਬਾਗਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਦੇ ਆਧਾਰ ’ਤੇ ਨਾਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦੇਣ ’ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮਾਮਲੇ ’ਚ ਲੰਘੇ ਹਫ਼ਤੇ ਗਮਾਡਾ ਦੀ ਐਲਏਸੀ ਬਾਂਚ ’ਚ ਤਾਇਨਾਤ ਰਹੇ ਦੋ ਰਿਟਾਇਰਡ ਪਟਵਾਰੀਆਂ ਸੁਰਿੰਦਰਪਾਲ ਸਿੰਘ ਅਤੇ ਸੁਰਿੰਦਰਪਾਲ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਆਰੋਪ ਲਗਾਇਆ ਸੀ ਕਿ ਜਗਦੀਸ਼ ਸਿੰਘ ਜੌਹਲ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਮਾਲ ਰਿਕਾਰਡ ਦੀ ਅਣਦੇਖੀ ਕਰਕੇ ਮੁਲਾਂਕਣ ਰਿਪੋਰਟ ਦੇ ਅਨੁਸਾਰ ਨਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਲਈ ਨੋਟਿਸ ਤਿਆਰ ਕਰਨ ਦਾ ਉਨ੍ਹਾਂ ’ਤੇ ਦਬਾਅ ਪਾਇਆ ਸੀ। ਐਲਏਸੀ ਅਨੁਸਾਰ ਜੌਹਲ ਨੇ ਸਾਰੇ ਹੁਕਮਾਂ ਅਤੇ ਨਿਯਮਾਂ ਨੂੰ ਅਣਦੇਖਿਆਂ ਕਰਦੇ ਹੋਏ ਨਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਇਸੇ ਰਿਪੋਰਟ ਦੇ ਆਧਾਰ ’ਤੇ ਬਾਅਦ ’ਚ ਵੱਖ-ਵੱਖ ਲਾਭਪਾਤਰੀਆਂ ਨੂੰ ਲਗਭਗ 124 ਕਰੋੜ ਰੁਪਏ ਜਾਰੀ ਕੀਤੇ ਗਏ ਸਨ।