ਡਲਾਸ ਵਿਖੇ ਸਮਾਗਮ ਦੌਰਾਨ 20 ਹਜ਼ਾਰ ਲੋਕਾਂ ਨੂੰ ਦੱਸੀ ‘ਮਨ ਦੀ ਗੱਲ’
ਡਲਾਸ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਇਕ ਹਜ਼ਾਰ ਦਿਨ ਪੂਰੇ ਕਰ ਲਏ ਹਨ। ਇਸ ਤੋਂ ਬਾਅਦ 1001ਵੇਂ ਦਿਨ ਡਲਾਸ ‘ਚ ਉਨ੍ਹਾਂ ਨੇ ਆਪਣੇ ਹਮਾਇਤੀਆਂ ਨਾਲ ਮਨ ਦੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਾਣਦੇ ਹਨ ਕਿ ਕਿਵੇਂ ਰਾਸ਼ਟਰਪਤੀ ਬਣਨਾ ਹੈ, ਪਰ ਰਾਸ਼ਟਰਪਤੀ ਅਹੁਦੇ ‘ਤੇ ਰਹਿਣਾ ਬਹੁਤ ਬੋਰਿੰਗ ਹੈ। ਟਰੰਪ ਨੇ 20 ਜਨਵਰੀ, 2017 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਟਰੰਪ ਨੇ ਡਲਾਸ ਦੇ ਇਕ ਸਟੇਡੀਅਮ ‘ਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਹਰ ਬਿਆਨ ‘ਤੇ 20 ਹਜ਼ਾਰ ਤੋਂ ਜ਼ਿਆਦਾ ਹਮਾਇਤੀਆਂ ਨਾਲ ਭਰਿਆ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਦਾ ਸੀ। ਉਨ੍ਹਾਂ ਕਿਹਾ, ‘ਰਾਸ਼ਟਰਪਤੀ ਹੋਣਾ ਬਹੁਤ ਆਸਾਨ ਹੈ, ਪਰ ਇਹ ਬੋਰਿੰਗ ਹੈ। ਇਹ ਕੌਣ ਚਾਹੁੰਦਾ ਹੈ।’ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਦੇ 1001ਵੇਂ ਦਿਨ ਹੀ ਪੱਛਮੀ ਏਸ਼ੀਆ ‘ਚ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਲਈ ਜੰਗ ਰੋਕੀ ਗਈ। ਇਹ ਸ਼ਾਂਤੀ ਦੀ ਸ਼ੁਰੂਆਤ ਦੀ ਦਿਸ਼ਾ ‘ਚ ਪਹਿਲਾ ਕਦਮ ਹੈ। ਅਮਰੀਕਾ ਦੇ ਦਬਾਅ ‘ਚ ਹੀ ਤੁਰਕੀ ਜੰਗਬੰਦੀ ਲਈ ਮਜਬੂਰ ਹੋਇਆ ਤੇ ਉੱਤਰੀ ਸੀਰੀਆ ‘ਚ ਆਪਣੀ ਫ਼ੌਜੀ ਕਾਰਵਾਈ ਨੂੰ ਰੋਕ ਦਿੱਤਾ। ਟਰੰਪ ਨੇ ਜੰਗਬੰਦੀ ਨਹੀਂ ਕਰਨ ‘ਤੇ ਤੁਰਕੀ ‘ਤੇ ਸਖ਼ਤ ਆਰਥਿਕ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਤੁਰਕੀ ਦੇ ਅਰਥਚਾਰੇ ਨੂੰ ਤਬਾਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲਾਂਕਿ ਪੰਜ ਦਿਨਾਂ ਦੀ ਜੰਗਬੰਦੀ ਦੇ ਐਲਾਨ ਹੋਣ ‘ਤੇ ਉਨ੍ਹਾਂ ਕਿਹਾ ਕਿ ਤੁਰਕੀ ‘ਤੇ ਪਾਬੰਦੀ ਲਗਾਉਣ ਦੀ ਲੋੜ ਨਹੀਂ ਰਹੀ।
ਸ਼ਾਸਕੀ ਆਦੇਸ਼ ਜਾਰੀ ਕਰਨ ‘ਚ ਟਰੰਪ ਨੇ ਬਰਾਕ ਓਬਾਮਾ ਨੂੰ ਪਿੱਛੇ ਛੱਡਿਆ
ਜ਼ਿਆਦਾ ਸਮਾਂ ਨਹੀਂ ਹੋਇਆ ਹੈ, ਜਦੋਂ ਰਾਸ਼ਟਰਪਤੀ ਟਰੰਪ ਨੇ ਸ਼ਾਸਕੀ ਆਦੇਸ਼ ਦਾ ਮਜ਼ਾਕ ਉਡਾਇਆ ਸੀ ਤੇ ਇਸ ਨੂੰ ਸੱਤਾ ‘ਤੇ ਪਕੜ ਬਣਾਉਣ ਦਾ ਤਰੀਕਾ ਕਰਾਰ ਦਿੱਤਾ ਸੀ। ਪਰ ਉਨ੍ਹਾਂ ਨੇ ਸ਼ਾਸਕੀ ਆਦੇਸ਼ ਜਾਰੀ ਕਰਨ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਟਰੰਪ ਆਪਣੇ ਕਰੀਬ ਤਿੰਨ ਸਾਲ ਦੇ ਕਾਰਜਕਾਲ ਦੌਰਾਨ 130 ਸ਼ਾਸਕੀ ਆਦੇਸ਼ ਜਾਰੀ ਕਰ ਚੁੱਕੇ ਹਨ। ਜਦਕਿ ਓਬਾਮਾ ਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਸਾਲ ‘ਚ 108 ਆਦੇਸ਼ ਜਾਰੀ ਕੀਤੇ ਸਨ। ਟਰੰਪ ਨੇ ਫਰਵਰੀ 2016 ‘ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਕਿਹਾ ਸੀ, ‘ਸ਼ਾਸਕੀ ਆਦੇਸ਼ਾਂ ‘ਤੇ ਦੇਸ਼ ਅਧਾਰਤ ਨਹੀਂ ਹੋ ਸਕਦਾ।’
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …