ਮੋਦੀ ਨੇ ਕਿਹਾ ਕਿ 3 ਮਹੀਨੇ ‘ਚ ਖੜ੍ਹੀ ਹੋਈ ਸੈਂਕੜੇ ਕਰੋੜ ਦੀ ਇੰਡਸਟਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ 125 ਸਾਲ ਪੂਰੇ ਹੋਣ ‘ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਸੰਕਟ ਦੇ ਵਿਚਕਾਰ ਸਾਨੂੰ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਦੇ ਨਾਲ-ਨਾਲ ਆਰਥਿਕਤਾ ਨੂੰ ਸਥਿਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਕਾਰਨ ਹੁਣ ਦੁਨੀਆ ਦੇ ਦੂਜੇ ਦੇਸ਼ ਬਾਕੀ ਦੇਸ਼ਾਂ ਤੋਂ ਵੱਧ ਸਹਿਯੋਗ ਚਾਹੁੰਦੇ ਹਨ। ਅਨਲੌਕ-1 ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਰਥਚਾਰੇ ‘ਤੇ ਇਹ ਪਹਿਲਾ ਵੱਡਾ ਭਾਸ਼ਣ ਸੀ। ਕਰੋਨਾ ਸੰਕਟ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਪੀਪੀਈ ਕਿੱਟਾਂ ਦੇ ਨਿਰਮਾਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਦੇਸ਼ ‘ਚ ਰੋਜ਼ਾਨਾ 3 ਲੱਖ ਪੀਪੀਈ ਕਿੱਟਾਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੈਂਕੜੇ ਕਰੋੜ ਰੁਪਏ ਦਾ ਉਦਯੋਗ ਖੜ੍ਹਾ ਹੋਇਆ ਹੈ।