ਪੰਜਾਬੀਆਂ ‘ਚ ਕਦੇ ਇੰਨੀ ਡੂੰਘੀ ਦਿਲਚਸਪੀ, ਚਰਚਾ ਅਤੇ ਉਤਸ਼ਾਹ ਪੰਜਾਬ ਦੀਆਂ ਚੋਣਾਂ ਲਈ ਵੇਖਣ ਨੂੰ ਨਹੀਂ ਮਿਲਿਆ ਜਿੰਨਾ ਇਸ ਵਾਰੀ ਕੈਨੇਡਾ ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਵੇਖਣ ਵਿਚ ਆਇਆ ਹੈ। ਭਾਰਤ ਤੋਂ ਬਾਅਦ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀਆਂ ਦੀ ਵੱਡੀ ਵੱਸੋਂ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਸੁਨਹਿਰੇ ਭਵਿੱਖ ਲਈ ਕੈਨੇਡਾ ਵਿਚ ਜਾ ਰਹੇ ਹਨ। ਕੈਨੇਡਾ ‘ਚ ਪੰਜਾਬੀ ਭਾਈਚਾਰੇ ਦੀ ਵੱਸੋਂ 6 ਲੱਖ ਤੋਂ ਜ਼ਿਆਦਾ ਹੈ, ਜੋ ਕਿ ਲਗਭਗ ਕੈਨੇਡਾ ਦੀ ਵੱਸੋਂ ਦਾ 2 ਫ਼ੀਸਦੀ ਬਣਦਾ ਹੈ। ਪੰਜ ਲੱਖ ਦੇ ਲਗਭਗ ਕੈਨੇਡਾ ‘ਚ ਸਿਰਫ਼ ਸਿੱਖ ਹੀ ਵੱਸਦੇ ਹਨ। ਕੈਨੇਡਾ ਦੇ ਕਾਲਜਾਂ ‘ਚ ਸਵਾ ਲੱਖ ਦੇ ਲਗਭਗ ਪੰਜਾਬੀ ਵਿਦਿਆਰਥੀ ਪੜ੍ਹਦੇ ਹਨ। ਪਰਵਾਸ ਅਤੇ ਉਚੇਰੀ ਸਿੱਖਿਆ ਲਈ ਕੈਨੇਡਾ ਅੱਜ ਦੀ ਤਾਰੀਖ਼ ‘ਚ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੈਨੇਡਾ ਦੀਆਂ ਪਰਵਾਸ ਸਬੰਧੀ ਉਦਾਰ ਨੀਤੀਆਂ, ਬਹੁ-ਸੱਭਿਆਚਾਰੀ ਅਤੇ ਬਹੁ-ਧਰਮੀ ਸਮਾਜਿਕ ਵਿਵਸਥਾ, ਬਿਹਤਰੀਨ ਸਮਾਜਿਕ ਸੁਰੱਖਿਆ ਦਾ ਮਾਹੌਲ ਅਤੇ ਪੜ੍ਹਾਈ ਦੌਰਾਨ ਨੌਕਰੀ ਅਤੇ ‘ਸਥਾਈ ਵਾਸ’ (ਪੀ.ਆਰ) ਦੀਆਂ ਸਹੂਲਤਾਂ ਹੋਣਾ ਹੈ।
ਕੈਨੇਡਾ ਦੇ ਚੋਣ ਨਤੀਜਿਆਂ ਨਾਲ ਪੰਜਾਬੀ ਸਮਾਜ ਦੇ ਸਰੋਕਾਰ ਜੁੜੇ ਹੋਣ ਕਾਰਨ ਪੰਜਾਬ ਦੇ ਲੋਕਾਂ ‘ਚ ਇਸ ਵਾਰ ਕੈਨੇਡਾ ਚੋਣਾਂ ਦੌਰਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਪੱਖ ਵਿਚ ਹੱਦੋਂ ਵੱਧ ਉਤਸ਼ਾਹ ਵੇਖਣ ਨੂੰ ਮਿਲਿਆ। ਕੈਨੇਡਾ ‘ਚ ਵੱਸਦੇ ਪੰਜਾਬੀਆਂ ਦੀ ਗੱਲ ਤਾਂ ਛੱਡੋ, ਪੰਜਾਬ ‘ਚ ਵੱਸਦੇ ਜਿਹੜੇ ਪੰਜਾਬੀਆਂ ਨੇ ਕਦੇ ਕੈਨੇਡਾ ਦਾ ਰਾਹ ਵੀ ਨਹੀਂ ਵੇਖਿਆ, ਉਹ ਵੀ ਇਸ ਵਾਰ ਜਸਟਿਨ ਟਰੂਡੋ ਜਾਂ ਜਗਮੀਤ ਸਿੰਘ ਦੀ ਪਾਰਟੀ ਨੂੰ ਵੋਟਾਂ ਪਾਉਣ ਲਈ ਸੋਸ਼ਲ ਮੀਡੀਆ ਰਾਹੀਂ ਕੈਨੇਡੀਅਨ ਪੰਜਾਬੀ ਸਮਾਜ ਨੂੰ ਅਪੀਲਾਂ ਕਰਦੇ ਦਿਖਾਈ ਦਿੱਤੇ।
ਵੋਟਾਂ ਪੈ ਗਈਆਂ ਅਤੇ ਚੋਣ ਨਤੀਜੇ ਵੀ ਆ ਗਏ। ਭਾਵੇਂਕਿ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ ਪਰ ਜਸਟਿਨ ਟਰੂਡੋ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਕਾਰਨ ਅਤੇ ਜਗਮੀਤ ਸਿੰਘ ਦੇ ਜਿੱਤਣ ਕਾਰਨ ਪੰਜਾਬੀਆਂ ਨੇ ਜਸ਼ਨ ਮਨਾਏ ਹਨ। ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੈ ਪਰ ਲਿਬਰਲ ਪਾਰਟੀ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ 13 ਸੀਟਾਂ ਘੱਟ ਹਨ। ਪਰ ਫਿਰ ਵੀ ਚੋਣ ਨਤੀਜਿਆਂ ਤੋਂ ਇਹ ਸਪੱਸ਼ਟ ਹੈ ਕਿ ਇਕ ਵਾਰ ਫਿਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਕੈਨੇਡਾ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਨਵੀਂ ਸਰਕਾਰ ਬਣਾਉਣ ਅਤੇ ਮਹੱਤਵਪੂਰਨ ਬਿੱਲ ਪਾਸ ਕਰਵਾਉਣ ਲਈ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵਿਚੋਂ ਕਿਸੇ ਪਾਰਟੀ ਦਾ ਸਮਰਥਨ ਲੈਣਾ ਪਵੇਗਾ। ਭਾਵੇਂਕਿ ਜਸਟਿਨ ਟਰੂਡੋ ਨੇ ਫ਼ਿਲਹਾਲ ਇਹ ਐਲਾਨ ਕੀਤਾ ਹੈ ਕਿ ਉਹ ਬਿਨ੍ਹਾਂ ਕਿਸੇ ਪਾਰਟੀ ਦੇ ਨਾਲ ਗਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਅਤੇ 20 ਨਵੰਬਰ ਤੱਕ ਉਹ ਆਪਣਾ ਮੰਤਰੀ ਮੰਡਲ ਬਣਾ ਕੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣਗੇ ਪਰ ਸੰਭਾਵਨਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਬਣਾਉਣ ਵਿਚ ਕਿਸੇ ਪਾਰਟੀ ਦੇ ਬਾਹਰੋਂ ਸਮਰਥਨ ਦੀ ਲੋੜ ਜ਼ਰੂਰ ਪਵੇਗੀ। ਬਾਹਰੋਂ ਸਮਰਥਨ ਵਿਚ ਵੀ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਅਹਿਮ ਭੂਮਿਕਾ ਹੋਣ ਦੀ ਪ੍ਰਬਲ ਸੰਭਾਵਨਾ ਹੈ, ਕਿਉਂਕਿ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਜਗਮੀਤ ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ‘ਚ ਸਮਰਥਨ ਦੇਣ ਦੀ ਲੋੜ ਪਈ ਤਾਂ ਉਹ ਲਿਬਰਲ ਪਾਰਟੀ ਦੇ ਨਾਲ ਜਾਣਗੇ। ਇਸ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਤਾਂ ਸਰਕਾਰ ਬਣਾਉਣ ਦੀ ਦੌੜ ਵਿਚੋਂ ਲਗਭਗ ਬਾਹਰ ਹੋ ਗਈ ਹੈ।
ਸਾਲ 2015 ਦੀਆਂ ਚੋਣਾਂ ‘ਚ ਜਸਟਿਨ ਟਰੂਡੋ ਇਕ ਸਾਫ਼ ਅਕਸ ਵਾਲੇ ਸਿਆਸਤਦਾਨ ਵਜੋਂ ਚੋਣ ਮੈਦਾਨ ਵਿਚ ਸਨ ਪਰ 2019 ਦੀਆਂ ਚੋਣਾਂ ਹੋਣ ਤੱਕ ਉਨ੍ਹਾਂ ਦੇ ਅਕਸ ‘ਤੇ ਕਈ ਤਰ੍ਹਾਂ ਦੇ ਸਵਾਲ ਉਠਣੇ ਵੀ ਸ਼ੁਰੂ ਹੋ ਗਏ ਸਨ। ਕੰਜ਼ਰਵੇਟਿਵ ਪਾਰਟੀ ਇਸ ਵਾਰ ਜਸਟਿਨ ਟਰੂਡੋ ਸਰਕਾਰ ਦੇ ਪੰਜ ਸਾਲਾ ਕਾਰਜਕਾਲ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਮੁੱਦਾ ਬਣਾ ਕੇ ਚੋਣ ਮੈਦਾਨ ਵਿਚ ਸੀ ਅਤੇ ਉਸ ਨੂੰ ਸੱਤਾ ‘ਚ ਆਉਣ ਦੀ ਪੂਰੀ ਉਮੀਦ ਵੀ ਸੀ। ਜਸਟਿਨ ਟਰੂਡੋ ਦੀ ਸਰਕਾਰ ਦੇ ਕਈ ਫ਼ੈਸਲਿਆਂ ਨੂੰ ਲੈ ਕੇ ਵੀ ਕੰਜ਼ਰਵੇਟਿਵ ਪਾਰਟੀ ਨੇ ਚੋਣ ਮੁੱਦੇ ਬਣਾਏ ਪਰ ਉਸ ਦੀਆਂ ਇਹ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ।
ਕੈਨੇਡਾ ਇਕ ਬਹੁ-ਸੱਭਿਆਚਾਰੀ ਮੁਲਕ ਹੈ ਅਤੇ ਇੱਥੇ ਭਾਰਤ, ਚੀਨ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਆ ਕੇ ਪਰਵਾਸੀ ਵੱਸੇ ਹੋਏ ਹਨ। ਪਰਵਾਸ ਨੀਤੀਆਂ ‘ਚ ਉਦਾਰਤਾ ਕਾਰਨ ਜਸਟਿਨ ਟਰੂਡੋ ਦੀ ਸਰਕਾਰ ਪਰਵਾਸੀਆਂ ‘ਚ ਹਰਮਨ-ਪਿਆਰਤਾ ਹਾਸਲ ਕਰ ਚੁੱਕੀ ਸੀ। ਉਨ੍ਹਾਂ ਦੀ ਪਾਰਟੀ ਨੂੰ ਮੁੜ ਵੱਡੀ ਪਾਰਟੀ ਵਜੋਂ ਉਭਰਨ ਵਿਚ ਵੀ ਪੰਜਾਬੀ ਭਾਈਚਾਰੇ ਸਮੇਤ, ਪਰਵਾਸੀ ਭਾਈਚਾਰਿਆਂ ਦੀ ਵੱਡੀ ਭੂਮਿਕਾ ਰਹੀ ਹੈ। ਕੈਨੇਡਾ ਦੀਆਂ ਇਸ ਵਾਰ ਦੀਆਂ ਚੋਣਾਂ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਲਈ ਇਸ ਕਰਕੇ ਵੀ ਇਤਿਹਾਸਕ ਸਨ ਕਿਉਂਕਿ ਕੈਨੇਡਾ ਦੀ ਇਕ ਪ੍ਰਮੁੱਖ ਰਾਜਨੀਤਕ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਇਕ ਪੰਜਾਬੀ ਮੂਲ ਦਾ ਸਿੱਖ ਨੌਜਵਾਨ ਜਗਮੀਤ ਸਿੰਘ ਕਰ ਰਿਹਾ ਸੀ। ਜਗਮੀਤ ਸਿੰਘ ਭਾਰਤ ਦੀ ਆਜ਼ਾਦੀ ਦੇ ਉੱਘੇ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਦੇ ਪੋਤਰੇ ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਿੱਸੇ 24 ਸੀਟਾਂ ਆਈਆਂ ਹਨ, ਜਦੋਂਕਿ ਇਸ ਪਾਰਟੀ ਨੇ 2015 ਦੀਆਂ ਚੋਣਾਂ ‘ਚ 44 ਸੀਟਾਂ ਜਿੱਤੀਆਂ ਸਨ। ਭਾਵੇਂ ਇਸ ਪਾਰਟੀ ਨੂੰ ਪਹਿਲਾਂ ਨਾਲੋਂ ਘੱਟ ਸੀਟਾਂ ਮਿਲੀਆਂ ਹਨ ਪਰ ਚੋਣਾਂ ਸਬੰਧੀ ਹੋਈਆਂ ਸਾਰੀਆਂ ਸਾਂਝੀਆਂ ਬਹਿਸਾਂ ‘ਚ ਜਗਮੀਤ ਸਿੰਘ ਲੋਕਾਂ ਦੀ ਪਹਿਲੀ ਪਸੰਦ ਰਿਹਾ ਹੈ। ਜਗਮੀਤ ਸਿੰਘ ਦਾ ਖ਼ੁਦ ਜਿੱਤ ਜਾਣਾ ਪੰਜਾਬੀ ਭਾਈਚਾਰੇ ਲਈ ਵਧੇਰੇ ਮਹੱਤਵਪੂਰਨ ਹੈ। ਲਿਬਰਲ ਪਾਰਟੀ ਨੂੰ ਆਪਣੇ ਤੌਰ ‘ਤੇ ਬਹੁਮਤ ਨਾ ਮਿਲਣ ਕਾਰਨ ਵੀ ਕੈਨੇਡਾ ਦੀ ਰਾਜਨੀਤੀ ਵਿਚ ਜਗਮੀਤ ਸਿੰਘ ਦੀ ਅਹਿਮੀਅਤ ਹੋਰ ਵੱਧ ਗਈ ਹੈ। ਕੈਨੇਡਾ ਦੀਆਂ ਚੋਣਾਂ ‘ਚ ਇਸ ਵਾਰ 19 ਪੰਜਾਬੀਆਂ ਨੇ ਚੋਣ ਜਿੱਤੀ ਹੈ ਤੇ ਚੋਣਾਂ ਜਿੱਤਣ ਵਾਲੇ ਸਭ ਤੋਂ ਜ਼ਿਆਦਾ ਪੰਜਾਬੀ, ਲਿਬਰਲ ਪਾਰਟੀ ਨਾਲ ਸਬੰਧਤ ਹਨ। ਜਿੱਤਣ ਵਾਲੇ ਉੱਘੇ ਪੰਜਾਬੀ ਆਗੂਆਂ ਵਿਚ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਜਗਮੀਤ ਸਿੰਘ, ਟਿਮ ਉੱਪਲ, ਅਨੀਤਾ ਅਨੰਦ, ਸੁੱਖ ਧਾਲੀਵਾਲ, ਬੌਬ ਸਰੋਆ, ਜਸਰਾਜ ਹੱਲਣ, ਕਮਲ ਖਹਿਰਾ, ਰੂਬੀ ਸਹੋਤਾ, ਗਗਨ ਸਿਕੰਦ, ਅੰਜੂ ਢਿੱਲੋਂ, ਸ੍ਰੀਮਤੀ ਬਰਦੀਸ਼ ਚੱਗਰ, ਰਣਦੀਪ ਸਿੰਘ ਸਰਾਏ, ਮਨਿੰਦਰ ਸਿੱਧੂ, ਸੋਨੀਆ ਸਿੱਧੂ, ਰਾਜ ਸੈਣੀ, ਜੈਗ ਸਹੋਤਾ ਆਦਿ ਸ਼ਾਮਲ ਹਨ। ਪੰਜਾਬੀਆਂ ਨੂੰ ਕੈਨੇਡਾ ਦੇ ਚੋਣ ਨਤੀਜਿਆਂ ਦੀ ਇਸ ਕਰਕੇ ਤਸੱਲੀ ਹੈ ਕਿ ਟਰੂਡੋ ਦੇ ਮੁੜ ਸੱਤਾ ਵਿਚ ਆਉਣ ਨਾਲ ਪਰਵਾਸ ਸਬੰਧੀ ਨੀਤੀਆਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ ਸਗੋਂ ਹੋਰ ਉਦਾਰ ਹੋ ਜਾਣ ਦੇ ਆਸਾਰ ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਸਮੇਤ 19 ਪੰਜਾਬੀਆਂ ਦੇ ਕੈਨੇਡਾ ਦੀ ਸੰਸਦ ਵਿਚ ਜਾਣਾ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਬੇਹੱਦ ਮਾਣਮੱਤੀ ਗੱਲ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਕੈਨੇਡਾ ਦੀ ਮੁੜ ਵਾਗਡੋਰ ਸੰਭਾਲਦਿਆਂ ਸੰਭਾਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਮਾਜ ਨੂੰ ਹੋਰ ਵਧੇਰੇ ਤਰੱਕੀ ਵੱਲ ਲਿਜਾਣ ਲਈ ਉਚੇਚਾ ਧਿਆਨ ਦੇਣਗੇ, ਪਿਛਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਅਤੇ ਕਮੀਆਂ-ਪੇਸ਼ੀਆਂ ਦੀ ਸਵੈ-ਪੜਚੋਲ ਕਰਕੇ ਉਨ੍ਹਾਂ ਵਿਚ ਸੁਧਾਰ ਕਰਨਗੇ ਅਤੇ ਭਾਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਗੂੜ੍ਹੇ ਕਰਨ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣਗੇ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …