Breaking News
Home / ਪੰਜਾਬ / ਪੰਜਾਬ ਦੇ ਪਾਣੀ ਵਿਚ ਖਤਰਨਾਕ ਤੱਤ ਸ਼ਾਮਲ

ਪੰਜਾਬ ਦੇ ਪਾਣੀ ਵਿਚ ਖਤਰਨਾਕ ਤੱਤ ਸ਼ਾਮਲ

ਹਰੇਕ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਦਾ ਪਾਣੀ ਹੋਇਆ ਜ਼ਹਿਰੀਲਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਦਾ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਇਸ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿੱਕਲ ਵਰਗੇ ਖ਼ਤਰਨਾਕ ਤੱਤ ਸ਼ਾਮਲ ਹਨ। ਇਹ ਰਿਪੋਰਟ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੇ ਸੂਬੇ ਦੇ 1971 ਪਿੰਡਾਂ ਦੇ ਪਾਣੀ ਨੂੰ ਰੈਂਡਮਲੀ ਜਾਂਚਣ ਮਗਰੋਂ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਤੱਥ ਹੈਰਾਨ ਕਰਨ ਵਾਲੇ ਹਨ। ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 82 ਪਿੰਡਾਂ ਵਿੱਚ ਆਰਸੈਨਿਕ, ਸਿੱਕਾ, ਅਲੂਮੀਨੀਅਮ, ਫਲੋਰਾਈਡ ਪਾਇਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ ਦੇ 11 ਪਿੰਡਾਂ ਵਿੱਚ ਯੂਰੇਨੀਅਮ ਮਾਤਰਾ ਵਧੇਰੇ ਹੈ। ਫ਼ਤਿਹਗੜ੍ਹ ਸਾਹਿਬ ਦੇ 51 ਪਿੰਡਾਂ ਵਿੱਚ ਯੂਰੇਨੀਅਮ, ਫਲੋਰਾਈਡ, ਸਿਲੇਨੀਅਮ ਅਤੇ ਨਿੱਕਲ ਵਰਗੇ ਤੱਤਾਂ ਦੀ ਭਰਮਾਰ ਹੈ। ਫਾਜ਼ਲਿਕਾ ਦੇ 22 ਪਿੰਡਾਂ ਵਿੱਚ ਯੂਰੇਨੀਅਮ, ਫਲੋਰਾਈਡ, ਅਲੂਮੀਨੀਅਮ, ਸਿਲੇਨੀਅਮ ਤੱਤ ਮੌਜੂਦ ਹਨ। ਫ਼ਿਰੋਜ਼ਪੁਰ ਦੇ 89 ਪਿੰਡਾਂ ਵਿੱਚ ਯੂਰੇਨੀਅਮ, ਸਿੱਕਾ, ਅਲੂਮੀਨੀਅਮ, ਸਿਲੇਨੀਅਮ ਤੱਤ ਸ਼ਾਮਲ ਹਨ। ਗੁਰਦਾਸਪੁਰ ਦੇ 206 ਪਿੰਡਾਂ ਦੀ ਰਿਪੋਰਟ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸਿੱਕਾ ਪਾਇਆ ਗਿਆ ਜਦਕਿ ਇੱਥੇ ਅਲੂਮੀਨੀਅਮ, ਆਰਸੈਨਿਕ, ਕੈਡੀਮੀਅਮ, ਨਿੱਕਲ ਆਦਿ ਤੱਤ ਵੀ ਮਿਲੇ ਹਨ। ਹੁਸ਼ਿਆਰਪੁਰ ਦੇ 150 ਪਿੰਡਾਂ ਦੇ ਟੈੱਸਟ ਕੀਤੇ ਪਾਣੀ ਵਿਚ ਜ਼ਿਆਦਾਤਰ ਕਰੋਮੀਅਮ ਤੱਤ ਮੌਜੂਦ ਹੈ, ਜਦਕਿ ਇੱਥੇ ਕਿਸੇ ਕਿਸੇ ਪਿੰਡ ਵਿੱਚ ਸਿੱਕਾ, ਸਿਲੇਨੀਅਮ, ਨਿੱਕਲ, ਅਲੂਮੀਨੀਅਮ ਤੇ ਆਰਸੈਨਿਕ ਵੀ ਪਾਇਆ ਗਿਆ ਹੈ। ਜਲੰਧਰ ਦੇ 165 ਪਿੰਡਾਂ ਵਿੱਚ ਜ਼ਿਆਦਾਤਰ ਸਿੱਕਾ ਤੇ ਸਿਲੇਨੀਅਮ ਪਾਇਆ ਗਿਆ ਹੈ, ਕਿਤੇ ਕਿਤੇ ਨਿੱਕਲ, ਅਲੂਮੀਨੀਅਮ ਦੀ ਮਾਤਰਾ ਵੀ ਸਾਹਮਣੇ ਆਈ ਹੈ। ਕਪੂਰਥਲਾ ਦੇ ਚੈੱਕ ਕੀਤੇ 67 ਪਿੰਡਾਂ ਵਿੱਚ ਸਿਲੇਨੀਅਮ, ਸਿੱਕਾ ਤੇ ਅਲੂਮੀਨੀਅਮ ਪਾਇਆ ਗਿਆ ਹੈ, ਸੁਲਤਾਨਪੁਰ ਲੋਧੀ ਬਲਾਕ ਵਿੱਚ ਕਿਤੇ ਕਿਤੇ ਯੂਰੇਨੀਅਮ ਵੀ ਮੌਜੂਦ ਹੈ।
ਲੁਧਿਆਣਾ ਦੇ 95 ਪਿੰਡਾਂ ਦੇ ਪਾਣੀ ਵਿੱਚ ਜ਼ਿਆਦਾਤਰ ਸਿੱਕਾ ਪਾਇਆ ਗਿਆ ਹੈ ਪਰ ਕਿਤੇ ਕਿਤੇ ਅਲੂਮੀਨੀਅਮ, ਸਿਲੇਨੀਅਮ, ਮਰਕਰੀ ਆਦਿ ਤੱਤ ਵੀ ਮੌਜੂਦ ਹਨ। ਮੋਗਾ ਦੇ 26 ਪਿੰਡਾਂ ਵਿੱਚ ਅਲੂਮੀਨੀਅਮ, ਸਿੱਕਾ ਵੀ ਮਿਲਿਆ ਹੈ ਜਦਕਿ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਬਲਾਕ ਦੇ ਇੱਕ ਪਿੰਡ ਵਿੱਚ ਯੂਰੇਨੀਅਮ ਦੀ ਮਾਤਰਾ ਵੀ ਦਰਜ ਕੀਤੀ ਗਈ। ਪਠਾਨਕੋਟ ਦੇ 113 ਪਿੰਡਾਂ ਵਿੱਚ ਅਲੂਮੀਨੀਅਮ ਜ਼ਿਆਦਾਤਰ ਮੌਜੂਦ ਹੈ। ਪਟਿਆਲਾ ਦੇ ਚੈੱਕ ਕੀਤੇ 411 ਪਿੰਡਾਂ ਵਿੱਚ ਜ਼ਿਆਦਾਤਰ ਸਿੱਕਾ ਮੌਜੂਦ ਹੈ ਪਰ ਉਂਜ ਇਸ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਸਾਰੇ ਤੱਤ ਹੀ ਮੌਜੂਦ ਹਨ। ਭੁੱਨਰਹੇੜੀ ਬਲਾਕ ਵਿੱਚ ਯੂਰੇਨੀਅਮ ਵੀ ਮਿਲਿਆ ਹੈ। ਰੋਪੜ ਦੇ 290 ਪਿੰਡਾਂ ਵਿੱਚ ਅਲੂਮੀਨੀਅਮ ਕਰੀਬ ਸਾਰੇ ਪਿੰਡਾਂ ਵਿੱਚ ਹੈ, ਉਂਜ ਸਿੱਕਾ ਵੀ ਪਾਇਆ ਗਿਆ ਹੈ ਪਰ ਇਸ ਜ਼ਿਲ੍ਹੇ ਵਿੱਚ ਯੂਰੇਨੀਅਮ ਦੀ ਮਾਤਰਾ ਨਹੀਂ ਮਿਲੀ। ਸੰਗਰੂਰ ਜ਼ਿਲ੍ਹੇ ਵਿੱਚ ਚੈੱਕ ਕੀਤੇ 62 ਪਿੰਡਾਂ ਵਿੱਚ ਖ਼ਤਰਨਾਕ ਤੱਕ ਯੂਰੇਨੀਅਮ ਵੀ ਸਾਹਮਣੇ ਆਇਆ ਹੈ ਜਦਕਿ ਇੱਥੇ ਫਲੋਰਾਈਡ, ਸਿੱਕਾ ਤੇ ਸਿਲੇਨੀਅਮ ਵੀ ਮੌਜੂਦ ਹੈ। ਮੁਹਾਲੀ ਜ਼ਿਲ੍ਹੇ ਦੇ ਚੈੱਕ ਕੀਤੇ 46 ਪਿੰਡਾਂ ਵਿੱਚ ਜ਼ਿਆਦਾਤਰ ਐਲੂਮੀਨੀਅਮ ਪਰ ਸਿੱਕਾ ਤੇ ਫਲੋਰਾਈਡ ਵੀ ਮੌਜੂਦ ਹੈ।
ਪਾਣੀ ਦੀ ਸ਼ੁੱਧਤਾ ਲਈ ਲਾਏ ਜਾ ਰਹੇ ਹਨ ਆਰਓ : ਅਧਿਕਾਰੀ
ਜਲ ਸਪਲਾਈ ਵਿਭਾਗ ਦੇ ਮੁੱਖ ਸਕੱਤਰ ਜਸਪ੍ਰੀਤ ਤਲਵਾਰ ਨੇ ਦੱਸਿਆ ਕਿ ਜਿੱਥੇ ਵੀ ਜ਼ਿਆਦਾ ਖ਼ਤਰਨਾਕ ਤੱਤ ਪਾਇਆ ਗਿਆ ਹੈ, ਉੱਥੇ ਆਰਓ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …