Breaking News
Home / ਦੁਨੀਆ / ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨਾਲ ਭਾਰਤ ਗੱਲਬਾਤ ਨਹੀਂ ਕਰੇਗਾ : ਸੁਸ਼ਮਾ

ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨਾਲ ਭਾਰਤ ਗੱਲਬਾਤ ਨਹੀਂ ਕਰੇਗਾ : ਸੁਸ਼ਮਾ

ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਵਿੱਚ ਆਖਿਆ ਕਿ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਰਾਜਕੀ ਨੀਤੀ ਦੇ ਤੌਰ ‘ਤੇ ਵਰਤਣ ਦੀ ਵਚਨਬੱਧਤਾ ਵਿੱਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ ਤੇ ਭਾਰਤ ਅਜਿਹੇ ਮੁਲਕ ਨਾਲ ਗੱਲਬਾਤ ਕਿਵੇਂ ਕਰ ਕਰ ਸਕਦਾ ਹੈ ਜੋ ਕਾਤਲਾਂ ਨੂੰ ਵਡਿਆਉਂਦਾ ਹੋਵੇ ਤੇ ਮੁੰਬਈ ਹਮਲੇ ਦੇ ਸੂਤਰਧਾਰ ਨੂੰ ਬਿਨਾ ਕਿਸੇ ਰੋਕ ਟੋਕ ਤੋਂ ਖੁੱਲ੍ਹਾ ਫਿਰਨ ਦੀ ਇਜਾਜ਼ਤ ਦਿੰਦਾ ਹੋਵੇ। ਪਾਕਿਸਤਾਨ ‘ਤੇ ਤਿੱਖਾ ਹਮਲਾ ਕਰਦਿਆਂ ਸਵਰਾਜ ਨੇ ਆਖਿਆ ਕਿ ਭਾਰਤ ਨੇ ਇਸਲਾਮਾਬਾਦ ਨਾਲ ਗੱਲਬਾਤ ਦੇ ਬਹੁਤ ਯਤਨ ਕੀਤੇ ਸਨ ਅਤੇ ਨਵੀਂ ਦਿੱਲੀ ਵੱਲੋਂ ਗੱਲਬਾਤ (ਵਿਦੇਸ਼ ਮੰਤਰੀ ਪੱਧਰੀ) ਰੱਦ ਕਰਨ ਦਾ ਇਕਮਾਤਰ ਕਾਰਨ ਪਾਕਿਸਤਾਨ ਦਾ ਵਤੀਰਾ ਹੈ।
ਉਨ੍ਹਾਂ ਕਿਹਾ ”ਗੱਲਬਾਤ ਦਾ ਅਮਲ ਸਾਬੋਤਾਜ ਕਰਨ ਦਾ ਇਲਜ਼ਾਮ ਸਾਡੇ ‘ਤੇ ਲਾਇਆ ਜਾਂਦਾ ਹੈ। ਇਹ ਬਿਲਕੁਲ ਝੂਠ ਹੈ। ਸਾਡਾ ਵਿਸ਼ਵਾਸ ਹੈ ਕਿ ਸਭ ਤੋਂ ਵੱਧ ਗੁੰਝਲਦਾਰ ਮਸਲਿਆਂ ਨੂੰ ਸੁਲਝਾਉਣ ਦਾ ਇਕੋ ਇਕ ਤਰਕਸੰਗਤ ਰਾਹ ਗੱਲਬਾਤ ਹੀ ਹੈ। ਪਾਕਿਸਤਾਨ ਨਾਲ ਗੱਲਬਾਤ ਬਹੁਤ ਵਾਰ ਸ਼ੁਰੂ ਹੋਈ ਹੈ। ਜੇ ਇਹ ਬੰਦ ਹੋਈ ਹੈ ਤਾਂ ਇਸ ਲਈ ਪਾਕਿਸਤਾਨ ਦਾ ਵਤੀਰਾ ਹੀ ਜ਼ਿੰਮੇਵਾਰ ਹੈ।” ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਤੇ ਦਹਿਸ਼ਤਵਾਦ ਅਜਿਹੇ ਮੁੱਦੇ ਹਨ ਜਿਨ੍ਹਾਂ ਤੋਂ ਮਾਨਵਜਾਤੀ ਦੀ ਹੋਂਦ ਨੂੰ ਖ਼ਤਰਾ ਹੈ ਤੇ ਇਹ ਸਾਡੇ ਸਮਿਆਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ”ਜਿਨ੍ਹਾਂ ਨੇ ਆਪਣੀਆਂ ਫੌਰੀ ਲੋੜਾਂ ਖਾਤਰ ਕੁਦਰਤ ਨਾਲ ਖਿਲਵਾੜ ਕੀਤਾ ਉਹ ਆਪਣੀਆਂਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਜੇ ਅਸੀਂ ਦੁਨੀਆ ਨੂੰ ਜਲਵਾਯੂ ਤਬਦੀਲੀ ਦੇ ਮਾਰੂ ਅਸਰਾਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਵਿਕਸਤ ਦੇਸ਼ਾਂ ਨੂੰ ਮਹਿਰੂਮਾਂ ਨੂੰ ਵਿੱਤੀ ਤੇ ਤਕਨੀਕੀ ਵਸੀਲੇ ਦੇਣੇ ਪੈਣਗੇ।” ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤੇ ਵਿੱਚ ਸਾਂਝੀ ਤੇ ਵੰਡਵੀ ਜ਼ਿੰਮੇਵਾਰੀਆਂ ਤੇ ਆਪੋ ਆਪਣੀਆਂ ਸਮੱਰਥਾਵਾਂ ਦੇ ਸਿਧਾਂਤ ਨੂੰ ਦ੍ਰਿੜਾਇਆ ਗਿਆ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …