11 C
Toronto
Saturday, October 18, 2025
spot_img
Homeਦੁਨੀਆਅੱਤਵਾਦ 'ਤੇ ਪਾਕਿ ਨੂੰ ਸਖਤ ਚਿਤਾਵਨੀ

ਅੱਤਵਾਦ ‘ਤੇ ਪਾਕਿ ਨੂੰ ਸਖਤ ਚਿਤਾਵਨੀ

ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ
ਨਵੀਂ ਦਿੱਲੀ : ਕੰਟਰੋਲ ਰੇਖਾ ‘ਤੇ ਲਗਾਤਾਰ ਬਿਨਾ ਕਾਰਨ ਗੋਲੀਬਾਰੀ ਕਰਨ, ਅੱਤਵਾਦੀਆਂ ਦੀ ਘੁਸਪੈਠ ਕਰਾਉਣ ਅਤੇ ਤਿੰਨ ਭਾਰਤੀ ਜਵਾਨਾਂ ਦੀ ਹੱਤਿਆ ‘ਤੇ ਭਾਰਤ ਨੇ ਪਾਕਿਸਤਾਨ ਨੂੰ ਸਖਤ ਤਰੀਕੇ ਨਾਲ ਲਤਾੜਿਆ ਹੈ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਤਲਬ ਕਰਕੇ ਉਸ ਨੂੰ ਭਾਰਤ ਸਰਕਾਰ ਦੇ ਗੁੱਸੇ ਅਤੇ ਚਿੰਤਾਵਾਂ ਤੋਂ ਜਾਣੂ ਕਰਵਾਇਆ। ਭਾਰਤ ਨੇ ਪਾਕਿਸਤਾਨ ਨੂੰ ਆਪਣੇ ਰਵੱਈਏ ਵਿਚ ਛੇਤੀ ਸੁਧਾਰ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਹੱਦ ‘ਤੇ ਜੰਗਬੰਦੀ ਦੀ ਲਗਾਤਾਰ ਉਲੰਘਣਾ ਕੀਤੇ ਜਾਣ ਦਾ ਉਸ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਵਿਦੇਸ਼ ਮੰਤਰਾਲੇ ਦੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਵਲੋਂ ਉਕਸਾਵੇ ਵਾਲੀਆਂ ਅੱਤਵਾਦੀ ਸਰਗਰਮੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਤਾਜ਼ਾ ਘਟਨਾਕ੍ਰਮ ਤੋਂ ਸਾਫ ਜ਼ਾਹਰ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਇਕ ਪਾਸੇ ਤਾਂ ਅੱਤਵਾਦ ਨੂੰ ਮੱਦਦ ਅਤੇ ਹਮਾਇਤ ਦੇ ਰਿਹਾ ਹੈ ਅਤੇ ਦੂਜੇ ਪਾਸੇ ਭਾਰਤ ਨਾਲ ਸ਼ਾਂਤੀ ਨਾਲ ਕੰਮ ਕਰਨ ਦੀ ਇੱਛਾ ਦਾ ਢੌਂਗ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਨੂੰ ਆਈਨਾ ਦਿਖਾਉਂਦੇ ਹੋਏ ਦੱਸ ਦਿੱਤਾ ਹੈ ਕਿ ਜਦੋਂ ਤੱਕ ਉਹ ਆਪਣੇ ਦੇਸ਼ ਵਿਚ ਅੱਤਵਾਦੀਆਂ ‘ਤੇ ਲਗਾਮ ਨਹੀਂ ਲਗਾਉਂਦੇ, ਦੋਵੇਂ ਗੁਆਂਢੀਆਂ ਦਰਮਿਆਨ ਸ਼ਾਂਤੀ ਕਾਇਮ ਕਰਨਾ ਮੁਸ਼ਕਲ ਹੈ। ਲੰਘੇ ਐਤਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿਚ ਪਾਕਿਸਤਾਨੀ ਅੱਤਵਾਦੀਆਂ ਵਲੋਂ ਘੁਸਪੈਠ ਕਰਨ ਦੀ ਘਟਨਾ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਦੋਂ ਇਨ੍ਹਾਂ ਅੱਤਵਾਦੀਆਂ ਨੂੰ ਘੁਸਪੈਠ ਕਰਨ ਤੋਂ ਰੋਕਿਆ ਗਿਆ ਤਾਂ ਦੋਵੇਂ ਪਾਸਿਓਂ ਜਾਨ ਮਾਲ ਦਾ ਨੁਕਸਾਨ ਹੋਇਆ।
ਇਸ ਵਿਚ ਪਾਕਿਸਤਾਨ ਦੇ ਦੋ ਘੁਸਪੈਠੀਏ ਮਾਰੇ ਗਏ ਹਨ। ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਦਸਤਿਆਂ ਵਲੋਂ ਮਾਰੇ ਗਏ ਆਪਣੇ ਘੁਸਪੈਠੀਆਂ ਦੀਆਂ ਲਾਸ਼ਾਂ ਉਹ ਲੈ ਜਾਂਦੇ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਅਧਿਕਾਰੀ ਨੂੰ ਕਿਹਾ ਕਿ ਇਹ ਬਹੁਤ ਹੀ ਭੜਕਾਉਣ ਵਾਲਾ ਰਵੱਈਆ ਹੈ, ਜਿਸ ਨੇ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੇ ਚਿਹਰੇ ਨੂੰ ਇਕ ਵਾਰੀ ਫਿਰ ਬੇਨਕਾਬ ਕਰ ਦਿੱਤਾ ਹੈ। ਸਾਫ ਹੈ ਕਿ ਪਾਕਿਸਤਾਨ ਵਲੋਂ ਅੱਤਵਾਦ ਨੂੰ ਲਗਾਤਾਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਹ ਵੀ ਸਾਫ ਹੋ ਜਾਂਦਾ ਹੈ ਕਿ ਪਾਕਿਸਤਾਨ ਸ਼ਾਂਤੀ ਲਈ ਗੱਲਬਾਤ ਕਰਨ ਦਾ ਸਿਰਫ ਬਹਾਨਾ ਬਣਾਉਂਦਾ ਹੈ ਅਤੇ ਉਸ ਦੀਆਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ।
ਲੋਕ ਸਭਾ ਚੋਣਾਂ ਪਿੱਛੋਂ ਵਧਾਵਾਂਗੇ ਦੋਸਤੀ ਦਾ ਹੱਥ : ਇਮਰਾਨ ਖਾਨ
ਰਿਆਧ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ‘ਚ ਪਾਕਿ ਦੀਆਂ ਅੱਤਵਾਦੀ ਸਰਗਰਮੀਆਂ ਦਰਮਿਆਨ ਕਿਹਾ ਕਿ ਸਾਲ 2019 ਵਿਚ ਲੋਕ ਸਭਾ ਚੋਣਾਂ ਹੋ ਜਾਣ ਮਗਰੋਂ ਉਹ ਭਾਰਤ ਸਾਹਮਣੇ ਮੁੜ ਤੋਂ ਦੋਸਤੀ ਦਾ ਹੱਥ ਵਧਾਉਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਇਸ ਲਈ ਠੁਕਰਾ ਦਿੱਤਾ ਹੈ ਕਿਉਂਕਿ ਇਸ ਸਮੇਂ ਉਥੇ ਪਾਕਿਸਤਾਨ ਚੋਣ ਮੁੱਦਾ ਬਣਿਆ ਹੋਇਆ ਹੈ। ਰਿਆਧ ਵਿਚ ਇਕ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਗੁਆਂਢੀ ਦੇਸ਼ਾਂ ਖਾਸ ਕਰਕੇ ਭਾਰਤ ਤੇ ਅਫਗਾਨਿਸਤਾਨ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਹੈ।

RELATED ARTICLES
POPULAR POSTS