ਲੰਡਨ/ਬਿਊਰੋ ਨਿਊਜ਼ : ਬਰਤਾਨਵੀ ਸਰਕਾਰ ਨੇ ਤਿੰਨ ਪੱਧਰਾਂ ਉਤੇ ਨਵੀਂ ਲੌਕਡਾਊਨ ਯੋਜਨਾ ਦਾ ਐਲਾਨ ਕੀਤਾ ਹੈ। ਲਿਵਰਪੂਲ ਨੂੰ ਕੋਵਿਡ ਦੇ ਸੰਦਰਭ ਵਿਚ ਸਭ ਤੋਂ ਵੱਧ ਖ਼ਤਰੇ ਵਾਲਾ ਇਲਾਕਾ ਦੱਸਿਆ ਗਿਆ ਹੈ। ਇੰਗਲੈਂਡ ‘ਚ ਨਵੇਂ ਸਿਰਿਓਂ ਯੋਜਨਾਬੰਦੀ ਮਹਾਮਾਰੀ ਦੇ ਮੁੜ ਉੱਭਰਨ ਦੇ ਮੱਦੇਨਜ਼ਰ ਕੀਤੀ ਗਈ ਹੈ। ਸਰਕਾਰ ਇਸ ਨੂੰ ਪਹਿਲਾਂ ਵਾਂਗ ਤੇਜ਼ੀ ਨਾਲ ਫੈਲਣ ਤੋਂ ਰੋਕਣਾ ਚਾਹੁੰਦੀ ਹੈ। ਲਿਵਰਪੂਲ ਦੇ ਪੱਬ, ਜਿਮ ਤੇ ਹੋਰ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਦੱਸਿਆ ਕਿ ਕੌਮੀ ਪੱਧਰ ‘ਤੇ ਲੌਕਡਾਊਨ ਨੂੰ ਸੌਖਾ ਕੀਤਾ ਗਿਆ ਹੈ। ਇਹ ਪਾਰਦਰਸ਼ੀ ਹੋਵੇਗਾ, ਮੁਲਕ ‘ਅਹਿਮ ਪੜਾਅ’ ਵਿਚ ਦਾਖ਼ਲ ਹੋ ਰਿਹਾ ਹੈ। ਜੌਹਨਸਨ ਨੇ ਕਿਹਾ ਕਿ ਹਸਪਤਾਲਾਂ ਵਿਚ ਮਾਰਚ ਨਾਲੋਂ ਵੀ ਵੱਧ ਤੇਜ਼ ਗਤੀ ਨਾਲ ਮਰੀਜ਼ ਆ ਰਹੇ ਹਨ। ਉਸ ਵੇਲੇ ਕੌਮੀ ਪੱਧਰ ਉਤੇ ਇਕਸਾਰ ਤਾਲਾਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤੁਰੰਤ ਕਦਮ ਚੁੱਕਣਾ ਲੋੜ ਬਣ ਗਈ ਹੈ। ਜੌਹਨਸਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਨਵੇਂ ਢਾਂਚੇ ਦਾ ਮੰਤਵ ‘ਆਪਣੀ ਜ਼ਿੰਦਗੀ ਤੇ ਸਮਾਜ ਨੂੰ ਨਾ ਰੋਕ ਕੇ’ ਜ਼ਿੰਦਗੀਆਂ ਬਚਾਉਣਾ ਹੈ। ਨਵੇਂ ਨੇਮਾਂ ਵਿਚ ਸਮਾਜੀ ਮੇਲ ਉਤੇ ਪਾਬੰਦੀ ਰਹੇਗੀ। ਪਰ ਦੁਕਾਨਾਂ, ਸਕੂਲ ਤੇ ਯੂਨੀਵਰਸਿਟੀਆਂ ਹਰ ਪਾਸੇ ਖੁੱਲ੍ਹੀਆਂ ਰਹਿਣਗੀਆਂ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵਿਗਿਆਨਕ ਸਲਾਹਕਾਰਾਂ ਨੇ ਸਰਕਾਰ ਨੂੰ ਤਿੰਨ ਹਫ਼ਤੇ ਪਹਿਲਾਂ ‘ਸਰਕਟ-ਬ੍ਰੇਕਰ’ ਲੌਕਡਾਊਨ ਲਾਉਣ ਲਈ ਕਿਹਾ ਸੀ, ਪਰ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ। ਲਿਵਰਪੂਲ ਵਿਚ ਯੂਰੋਪੀ ਸ਼ਹਿਰਾਂ- ਮੈਡਰਿਡ ਤੇ ਬਰੱਸਲਜ਼ ਨਾਲੋਂ ਵੀ ਵੱਧ ਕੇਸ ਆਏ ਹਨ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …