
ਪੀਐਮ ਮੋਦੀ ਨੇ ਕਿਹਾ ਸੀ – ਭਾਰਤ ਤੇ ਰੂਸ ਬੁਰੇ ਸਮੇਂ ਦੌਰਾਨ ਵੀ ਰਹੇ ਇਕੱਠੇ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਅਤੇ ਭਾਰਤ ਵਿਚਾਲੇ ਐਸ-400 ਮਿਜ਼ਾਈਲ ਸਿਸਟਮ ਦੀ ਖਰੀਦ ਵਧਾਉਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਰੂਸ ਦੀ ਨਿਊਜ਼ ਏਜੰਸੀ ਨੇ ਇਕ ਸੀਨੀਅਰ ਡਿਫੈਂਸ ਅਫਸਰ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਭਾਰਤ ਨੂੰ ਐਸ-400 ਦੀ ਸਪਲਾਈ ਵਧਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਰੂਸ ਨਾਲ ਪੰਜ ਐਸ-400 ਸਿਸਟਮ ਖਰੀਦਣ ਦੀ ਡੀਲ ਕੀਤੀ ਸੀ। ਇਹ ਡੀਲ 5.4 ਬਿਲੀਅਨ ਡਾਲਰ ਸੀ। ਇਸ ਵਿਚੋਂ ਹੁਣ ਤੱਕ ਭਾਰਤ ਨੂੰ ਤਿੰਨ ਐਸ-400 ਸਿਸਟਮ ਮਿਲ ਚੁੱਕੇ ਹਨ ਅਤੇ ਬਾਕੀ ਦੋ ਦੀ ਡਿਲਵਰੀ 2026-27 ਤੱਕ ਹੋਣ ਦੀ ਉਮੀਦ ਹੈ। ਦੱਸਿਆ ਗਿਆ ਕਿ ਇਹ ਉਹੀ ਡਿਫੈਂਸ ਸਿਸਟਮ ਹੈ, ਜਿਸ ਨੇ ਅਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਵਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਸੀ। ਧਿਆਨ ਰਹੇ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਗੱਲਬਾਤ ਹੋਈ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਰੂਸ ਬੁਰੇ ਸਮੇਂ ਵਿਚ ਵੀ ਇਕ-ਦੂਜੇ ਨਾਲ ਖੜ੍ਹੇ ਰਹੇ ਹਨ।

