Breaking News
Home / ਕੈਨੇਡਾ / Front / ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੁੱਕੇ ਸਵਾਲ

ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੁੱਕੇ ਸਵਾਲ

ਕਿਹਾ : ਹਿਟਲਰ ਦੀ ਵਿਚਾਰਧਾਰਾ ’ਤੇ ਚੱਲ ਰਹੇ ਹਨ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਲਈ ਮੁੱਖ ਮੰਤਰੀ ਨਹੀਂ ਰਹਿਣ ਵਾਲੇ ਹੋ, ਜੇਕਰ ਤੁਸੀਂ ਸੋਚਦੇ ਹੋ ਕਿ ਅਸੀਂ ਸਰਕਾਰ ਦੀਆਂ ਕਮੀਆਂ ’ਤੇ ਬੋਲਣ ਤੋਂ ਗੁਰੇਜ਼ ਕਰਾਂਗੇ ਤਾਂ ਫਿਰ ਤੁਸੀਂ ਗਲਤ ਹੋ। ਉਨ੍ਹਾਂ ਕਿਹਾ ਕਿ ਅਸੀਂ ਕਦੇ ਕਿਸੇ ਗੱਲ ਤੋਂ ਡਰਦੇ ਨਹੀਂ। ਬਾਜਵਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਡਾ. ਭੀਮ ਰਾਓ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਹਟਾ ਦਿਓ ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਪੂਰੀ ਤਰ੍ਹਾਂ ਉਨ੍ਹਾਂ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਅਡੌਲਫ ਹਿਟਲਰ ਦੀਆਂ ਤਸਵੀਰਾਂ ਲਗਾਉਣਾ ਤੁਹਾਡੇ ਲਈ ਬਿਹਤਰ ਹੋਵੇਗਾ ਕਿਉਂਕਿ ਤੁਸੀਂ ਹਿਟਲਰ ਦੀ ਵਿਚਾਰਧਾਰਾ ’ਤੇ ਚੱਲ ਰਹੇ ਹੋ। ਉਨ੍ਹਾਂ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਲੋਕਾਂ ਨੇ ‘ਆਪ’ ਸਰਕਾਰ ਨੂੰ ਵੱਡੀਆਂ ਉਮੀਦਾਂ ਨਾਲ ਚੁਣਿਆ ਸੀ, ਜਦੋਂ ਈ.ਡੀ. ‘ਆਪ’ ਦੇ ਨੇਤਾਵਾਂ ਲਈ ਜਾਂਦੀ ਹੈ, ਤਾਂ ਉਹ ਉਨ੍ਹਾਂ ਦੀ ਭਗਤ ਸਿੰਘ ਨਾਲ ਤੁਲਨਾ ਕਰਨ ਲੱਗਦੇ ਹਨ। ਬਾਜਵਾ ਨੇ ਆਰੋਪ ਲਗਾਇਆ ਕਿ ਇਨ੍ਹਾਂ ਵਲੋਂ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਦੀ ਤੁਲਨਾ ਆਜ਼ਾਦੀ ਘੁਲਾਟੀਆਂ ਨਾਲ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੇਂਦਰ ਅਤੇ ਭਾਜਪਾ ’ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਆਰੋਪ ਲਗਾਉਂਦੇ ਹਨ, ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੀ ਅਜਿਹਾ ਹੀ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ 2-3 ਸਾਲ ਤੱਕ ਇੱਕੋ ਪਾਰਟੀ ਵਿਚ ਰਹੇ ਹਨ ਅਤੇ ਜੇਕਰ ਮੁੱਖ ਮੰਤਰੀ ਖਹਿਰਾ ਨਾਲ ਅਜਿਹਾ ਵਤੀਰਾ ਕਰ ਸਕਦੇ ਹਨ ਤਾਂ ਬਾਕੀ ਸਿਆਸੀ ਵਿਰੋਧੀ ਉਨ੍ਹਾਂ ਤੋਂ ਕੀ ਉਮੀਦਾਂ ਰੱਖਣਗੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …