ਪਾਸ ਕਰਵਾਉਣ ਦਾ ਲਾਲਚ ਦੇ ਕੇ ਵਿਦਿਆਰਥਣ ਨਾਲ ਰੇਪ ਕਰਨ ਦੀ ਕੀਤੀ ਗਈ ਕੋਸ਼ਿਸ਼
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪ੍ਰੋਫੈਸਰ ’ਤੇ ਸੈਕਸੂਅਲ ਹਰਾਸਮੈਂਟ ਦੇ ਆਰੋਪ ਲੱਗੇ ਹਨ। ਇਸ ਨੂੰ ਲੈ ਕੇ ਵਿਦਿਆਰਥਣਾਂ ਵੱਲੋਂ ਇੰਸਟੀਚਿਊਟ ਵਿਚ ਖੂਬ ਹੰਗਾਮਾ ਕੀਤਾ ਗਿਆ। ਇਸੇ ਦੌਰਾਨ ਐਮਬੀਏ ਕਰ ਰਹੀ ਵਿਦਿਆਰਥਣ ਨੇ ਆਰੋਪ ਲਗਾਇਆ ਕਿ ਪ੍ਰੋਫੈਸਰ ਨੇ ਪੇਪਰ ’ਚ ਪਾਸ ਕਰਵਾਉਣ ਦਾ ਲਾਲਚ ਦੇ ਕੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਅਤੇ ਸੈਕਸੂਅਲ ਹਰਾਸਮੈਂਟ ਕੀਤੀ। ਇਸ ਸਬੰਧੀ ਜਲੰਧਰ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 11 ਮਹੀਨੇ ਪਹਿਲਾਂ ਹੀ ਪ੍ਰੋਫੈਸਰ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਜੁਆਇਨਿੰਗ ਕੀਤੀ ਸੀ। ਆਰੋਪ ਹੈ ਕਿ ਪ੍ਰੋਫੈਸਰ ਐਮਬੀਏ ਦੇ ਨਾਲ-ਨਾਲ ਪੀਐਚਡੀ ਕਰ ਰਹੀਆਂ ਵਿਦਿਆਰਥਣਾਂ ਨਾਲ ਵੀ ਗਲਤ ਹਰਕਤਾਂ ਕਰ ਚੁੱਕਿਆ ਹੈ। ਵਿਦਿਆਰਥਣਾਂ ਦਾ ਆਰੋਪ ਹੈ ਕਿ ਇਸ ਸਬੰਧੀ ਇੰਸਟਚਿਊਟ ਪ੍ਰਬੰਧਕਾਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਪ੍ਰੰਤੂ ਇੰਸਟੀਚਿਊਟ ਵੱਲੋਂ ਆਰੋਪੀ ਪ੍ਰੋਫੈਸਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।