ਦਿਲਜੀਤ ਦੋਸਾਂਝ ਨੇ ਜਿੱਤਿਆ ਪੰਜਾਬੀਆਂ ਦਾ ਦਿਲ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦਾ ਨਵਾਂ ਸਾਲ ਦਾ ਜਸ਼ਨ ਦੁੱਗਣਾ ਕਰ ਦਿੱਤਾ ਹੈ। ਨਵੇਂ ਸਾਲ ਮੌਕੇ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ’ਚ ਖੇਤੀਬਾੜੀ ਯੂਨੀਵਰਸਿਟੀ ਵਿਚ ਦਿਲਜੀਤ ਦਾ ਦਿਲ ਲੁਮਿਨਾਟੀ ਕੰਸਰਟ ਹੋਇਆ ਅਤੇ ਜਿਸਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦੋਸਾਂਝ ਨੇ ਮੰਚ ’ਤੇ ਆਉਂਦੇ ਹੀ ਕਿਹਾ ਕਿ ‘ਪੰਜਾਬੀ ਆ ਗਏ ਓਏ’ ਤਾਂ ਦਰਸ਼ਕਾਂ ਨੇ ਇਸਦਾ ਭਰਪੂਰ ਸਮਰਥਨ ਕੀਤਾ ਅਤੇ ਦਿਲਜੀਤ ਨੇ ਦਰਸ਼ਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦਿਲਜੀਤ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਵਾਂ ਮਨੋਰੰਜਨ ਕੀਤਾ ਅਤੇ ਪੰਜਾਬੀ ਲੋਕ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਵੀ ਮੰਚ ’ਤੇ ਬੁਲਾਇਆ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਦਿਲਜੀਤ ਦੇ ਇਸ ਸ਼ੋਅ ਵਿਚ ਕਰੀਬ 45 ਹਜ਼ਾਰ ਵਿਅਕਤੀ ਪਹੰੁਚੇ ਹੋਏ ਸਨ। ਦਿਲਜੀਤ ਦੇ ਸ਼ੋਅ ਚੱਲਦਿਆਂ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ 2 ਵਜੇ ਤੱਕ ਲੁਧਿਆਣਾ ਵਿਚ ਜਾਮ ਹੀ ਲੱਗਾ ਰਿਹਾ। ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਵੀ ਵਿਸ਼ੇਸ਼ ਤੌਰ ’ਤੇ ਸਹਿਯੋਗ ਲਈ ਧੰਨਵਾਦ ਕੀਤਾ।