
ਰਾਜਪੁਰਾ ਥਰਮਲ ਦਾ ਇਕ ਯੂਨਿਟ ਬੰਦ ਅਤੇ ਦੂਜਾ ਵੀ ਬੰਦ ਹੋਣ ਕਿਨਾਰੇ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲਾ ਮੁੱਕਣ ਕੰਢੇ ਹੋਣ ਕਾਰਨ ਲੰਘੀ ਅੱਧੀ ਰਾਤ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੀ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਦਾ ਇਕ ਯੂਨਿਟ ਚੱਲ ਰਿਹਾ ਹੈ। ਇਸ ਥਰਮਲ ਕੋਲ ਵੀ ਮਾੜਾ ਮੋਟਾ ਕੋਲਾ ਹੀ ਬਚਿਆ ਹੈ, ਜਦ ਕਿ ਤਲਵੰਡੀ ਸਾਬੋ ਥਰਮਲ ਕੋਲ ਵੀ ਬਹੁਤ ਘੱਟ ਕੋਲਾ ਬਚਿਆ ਹੈ। ਪਾਵਰਕੌਮ ਦੇ ਆਪਣੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਵੀ ਵਧ ਤੋਂ ਵਧ ਛੇ ਦਿਨ ਜੋਗਾ ਕੋਲਾ ਹੀ ਬਚਿਆ ਹੈ। ਉਜ ਇਹ ਦੋਵੇਂ ਥਰਮਲ ਬਿਜਲੀ ਦੀ ਮੰਗ ਮਨਫ਼ੀ ਹੋਣ ਕਾਰਨ ਬੰਦ ਹਨ। ਧਿਆਨ ਰਹੇ ਕਿ ਲੰਘੇ ਕਈ ਦਿਨਾਂ ਤੋਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਰੇਲ ਪਟੜੀਆਂ ‘ਤੇ ਧਰਨੇ ਲਗਾਏ ਹੋਏ ਹਨ ਅਤੇ ਰੇਲ ਗੱਡੀਆਂ ਰਾਹੀਂ ਕੋਲਾ ਪੰਜਾਬ ਨਹੀਂ ਪਹੁੰਚ ਸਕਿਆ। ਜਿਸ ਦੇ ਚੱਲਦਿਆਂ ਪੰਜਾਬ ਵਿਚ ਬਿਜਲੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ।