ਸੰਗਰੂਰ ਸੀਟ ਤੋਂ ਹਰ ਵਾਰ ਬਦਲ ਜਾਂਦੈ ਸੰਸਦ ਮੈਂਬਰ
ਸੌਖੀ ਨਹੀਂ ਇਸ ਵਾਰ ਭਗਵੰਤ ਮਾਨ ਦੀ ਲੜਾਈ
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ 11 ਹਜ਼ਾਰ 721 ਵੋਟਾਂ ਨਾਲ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਬਰ ਅਤੇ ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਲਈ ਇਸ ‘ਤੇ ਲੋਕ ਸਭਾ ਚੋਣਾਂ ਦੀ ਚੁਣੌਤੀ ਸੌਖੀ ਨਹੀਂ ਰਹਿਣ ਵਾਲੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਸੀਟ ‘ਤੇ ਸੁਰਜੀਤ ਸਿੰਘ ਬਰਨਾਲਾ ਤੋਂ ਇਲਾਵਾ ਦੋ ਵਾਰ ਲਗਾਤਾਰ ਕੋਈ ਵੀ ਉਮੀਦਵਾਰ ਚੋੇਣ ਨਹੀਂ ਜਿੱਤ ਸਕਿਆ ਹੈ। ਹਾਲਾਂਕਿ ਸੰਗਰੂਰ ਲੋਕ ਸਭਾ ਹਲਕਾ ਇਤਿਹਾਸਕ ਤੌਰ ‘ਤੇ ਅਕਾਲੀ ਦਲ ਦੇ ਪ੍ਰਭਾਵ ਵਾਲਾ ਹਲਕਾ ਰਿਹਾ ਹੈ ਅਤੇ ਪਾਰਟੀ ਨੇ 1962 ਤੋਂ ਬਾਅਦ ਇਸ ਸੀਟ ‘ਤੇ ਹੋਈਆਂ 14 ਚੋਣਾਂ ਵਿਚੋਂ 8 ਵਾਰ ਜਿੱਤ ਹਾਸਲ ਕੀਤੀ ਹੈ। ਚਾਰ ਵਾਰ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ, ਜਦਕਿ ਇਕ ਵਾਰ ਇਹ ਸੀਟ ਸੀਪੀਆਈ ਅਤੇ ਇਕ ਵਾਰ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਸੁਰਜੀਤ ਸਿੰਘ ਬਰਨਾਲਾ ਦੀ 1996 ਅਤੇ 1998 ਵਿਚ ਲਗਾਤਾਰ ਦੋ ਚੋਣਾਂ ਵਿਚ ਹੋਈ ਜਿੱਤ ਦੀ ਗੱਲ ਨੂੰ ਛੱਡ ਦਈਏ ਤਾਂ ਸੰਗਰੂਰ ਦੇ ਲੋਕ ਹਰ ਵਾਰ ਨਵੇਂ ਚਿਹਰੇ ਨੂੰ ਹੀ ਮੌਕਾ ਦਿੰਦੇ ਆਏ ਹਨ।
ਭਗਵੰਤ ਮਾਨ
ਕਾਮੇਡੀ ਤੋਂ ਸਿਆਸਤ ਵਿਚ ਆਏ ਭਗਵੰਤ ਮਾਨ ਇਸ ਸੀਟ ਤੋਂ ਪਿਛਲੀ ਚੋਣ ਜਿੱਤੇ ਸਨ। ਇਸ ਤੋਂ ਪਹਿਲਾਂ ਉਹ 2012 ਵਿਚ ਪੀਪੀਪੀ ਦੀ ਟਿਕਟ ‘ਤੇ ਰਾਜਿੰਦਰ ਕੌਰ ਭੱਠਲ ਨੂੰ ਵੀ ਸਖਤ ਟੱਕਰ ਦੇ ਚੁੱਕੇ ਹਨ।
ਕੇਵਲ ਸਿੰਘ ਢਿੱਲੋਂ
ਕੇਵਲ ਢਿੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਨ ਤੇ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹੇ । ਉਨ੍ਹਾਂ ਨੇ 2007 ਤੇ 2012 ਦੀ ਚੋਣ ਜਿੱਤੀ ਸੀ ਪਰ 2017 ‘ਚ ਉਹ ‘ਆਪ’ ਦੇ ਉਮੀਦਵਾਰ ਗੁਰਮੀਤ ਮੀਤ ਤੋਂ ਚੋਣ ਹਾਰ ਗਏ।
ਸਿਮਰਨਜੀਤ ਸਿੰਘ ਮਾਨ
ਸਿਮਰਨਜੀਤ ਸਿੰਘ ਮਾਨ ਨੇ ਅਪਰੇਸ਼ਨ ਬਲਿਊ ਸਟਾਰ ਦੇ ਵਿਰੋਧ ਵਿਚ ਆਪਣੀ ਆਈਪੀਐਸ ਦੀ ਨੌਕਰੀ ਛੱਡ ਸੀ ਤੇ 1989 ਵਿਚ ਤਰਨਤਾਰਨ ਤੇ 1999 ‘ਚ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ। ਉਹ ਅਕਾਲੀ ਦਲ (ਮਾਨ) ਦੇ ਮੁਖੀ ਹਨ।
ਬਲਦੇਵ ਸਿੰਘ ਮਾਨ
ਸੁਰਜੀਤ ਸਿੰਘ ਬਰਨਾਲਾ ਦੇ ਨੇੜੇ ਰਹੇ ਬਲਦੇਵ ਸਿੰਘ ਮਾਨ ਕੈਬਨਿਟ ਮੰਤਰੀ ਵੀ ਰਹੇ ਹਨ। ਮਾਨ ਨੇ ਬਰਨਾਲਾ ਦੇ ਬੇਟੇ ਗਗਨਜੀਤ ਸਿੰਘ ਨਾਲ ਮਿਲ ਕੇ 2017 ਵਿਚ ਅਕਾਲੀ ਦਲ ਜੁਆਇਨ ਕੀਤਾ ਸੀ।
ਵਿਜੇਇੰਦਰ ਸਿੰਗਲਾ
ਸੰਗਰੂਰ ਲੋਕ ਸਭਾ ਸੀਟ ਤੋਂ 2009 ‘ਚ ਸੰਸਦ ਮੈਂਬਰ ਰਹਿਣ ਦੇ ਨਾਲ-ਨਾਲ ਕੈਪਟਨ ਸਰਕਾਰ ‘ਚ ਮੰਤਰੀ ਵੀ ਰਹੇ। ਉਹ ਸੰਗਰੂਰ ਸੀਟ ਤੋਂ ਵਿਧਾਇਕ ਹਨ। ਕੌਮੀ ਸਿਆਸਤ ‘ਚ ਆਉਣ ਦੇ ਇਛੁਕ ਹਨ।
ਕਿਉਂ ਸੌਖੀ ਨਹੀਂ ਹੈ ਭਗਵੰਤ ਮਾਨ ਲਈ ਚੁਣੌਤੀ
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਦੀਆਂ 9 ਵਿਚੋਂ 8 ਵਿਧਾਨ ਸਭਾ ਸੀਟਾਂ ਕਬਜ਼ਾ ਕੀਤਾ ਸੀ, ਪਰ 2017 ਆਉਂਦਿਆਂ-ਆਉਂਦਿਆਂ ਸੰਗਰੂਰ ਵਿਚ ਆਮ ਆਦਮੀ ਪਾਰਟੀ ਦੀ ਬੜ੍ਹਤ 5 ਸੀਟਾਂ ਤੱਕ ਸੀਮਤ ਰਹਿ ਗਈ ਜਦਕਿ ਕਾਂਗਰਸ ਨੇ 3 ਅਤੇ ਅਕਾਲੀ ਦਲ ਨੇ 1 ਸੀਟ ‘ਤੇ ਬੜ੍ਹਤ ਬਣਾ ਲਈ। ਭਗਵੰਤ ਮਾਨ ਨੇ 2014 ਦੀਆਂ ਚੋਣਾਂ ਵਿਚ ਇਸ ਸੀਟ ‘ਤੇ 5 ਲੱਖ 33 ਹਜ਼ਾਰ 237 ਵੋਟਾਂ ਹਾਸਲ ਕੀਤੀਆਂ ਸਨ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਹਲਕੇ ਦੀਆਂ ਵਿਧਾਨ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ 4 ਲੱਖ 7 ਹਜ਼ਾਰ 259 ਵੋਟਾਂ ਹਾਸਲ ਹੋਈਆਂ। ਮਤਲਬ ਪਾਰਟੀ ਨੇ ਤਿੰਨ ਸਾਲਾਂ ਵਿਚ ਹੀ ਇਸ ਲੋਕ ਸਭਾ ਸੀਟ ਦੇ ਅਧੀਨ ਆਉਂਦੀਆਂ ਵਿਧਾਨ ਸਭਾ ਸੀਟਾਂ ‘ਤੇ 1 ਲੱਖ 25 ਹਜ਼ਾਰ 978 ਵੋਟਾਂ ਗੁਆ ਦਿੱਤੀਆਂ। ਦੂਜੇ ਪਾਸੇ ਕਾਂਗਰਸ ਨੂੰ 2014 ਵਿਚ ਇਸ ਸੀਟ ‘ਤੇ 1 ਲੱਖ 81 ਹਜ਼ਾਰ 410 ਵੋਟਾਂ ਹਾਸਲ ਹੋਈਆਂ, ਪਰ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ 3 ਲੱਖ 87 ਹਜ਼ਾਰ 158 ਵੋਟਾਂ ਮਿਲੀਆਂ ਤੇ ਪਾਰਟੀ ਨੂੰ ਇਹ ਸੀਟ ‘ਤੇ 2 ਲੱਖ 5 ਹਜ਼ਾਰ 748 ਵੋਟਾਂ ਦਾ ਫਾਇਦਾ ਹੋਇਆ। ਅਕਾਲੀ ਦਲ ਨੂੰ ਵੀ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ‘ਤੇ 2014 ਦੇ ਮੁਕਾਬਲੇ 38629 ਵੋਟਾਂ ਦਾ ਫਾਇਦਾ ਹੋਇਆ ਸੀ। ਪਾਰਟੀ ਨੂੰ ਇਸ ਸੀਟ ‘ਤੇ 2014 ਵਿਚ ਹਾਸਲ ਹੋਈਆਂ 321516 ਵੋਟਾਂ ਦੇ ਮੁਕਾਬਲੇ 2017 ਵਿਚ 360145 ਵੋਟਾਂ ਮਿਲੀਆਂ।
ਸੰਗਰੂਰ ਦੇ ਸੰਸਦ ਮੈਂਬਰ
ਸਾਲ ਸੰਸਦ ਮੈਂਬਰ ਪਾਰਟੀ
1962 ਰਣਜੀਤ ਸਿੰਘ ਕਾਂਗਰਸ
1967 ਐਨ. ਕੌਰ ਅਕਾਲੀ ਦਲ
1971 ਤੇਜਾ ਸਿੰਘ ਸੀ.ਪੀ.ਆਈ.
1977 ਸੁਰਜੀਤ ਸਿੰਘ ਅਕਾਲੀ ਦਲ
1980 ਗੁਰਚਰਨ ਸਿੰਘ ਕਾਂਗਰਸ
1985 ਬਲਵੰਤ ਸਿੰਘ ਰਾਮੂਵਾਲੀਆ ਅਕਾਲੀ ਦਲ
1989 ਰਾਜਦੇਵ ਸਿੰਘ ਅਕਾਲੀ ਦਲ ਮਾਨ
1992 ਗੁਰਚਰਨ ਸਿੰਘ ਕਾਂਗਰਸ
1996 ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ
1998 ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ
1999 ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਮਾਨ
2004 ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ
2009 ਵਿਜੇਇੰਦਰ ਸਿੰਗਲਾ ਕਾਂਗਰਸ
2014 ਭਗਵੰਤ ਮਾਨ ‘ਆਪ’
ਇਸ ਵਾਰ ਕੌਣ ਮੈਦਾਨ ‘ਚ
ਇਸ ਸੀਟ ‘ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਉਮੀਦਵਾਰੀ ‘ਤੇ ਪਾਰਟੀ ਨੇ 2018 ਵਿਚ ਹੀ ਮੋਹਰ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਇਸ ਸੀਟ ‘ਤੇ ਸੰਸਦ ਮੈਂਬਰ ਰਹਿ ਚੁੱਕੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਅਕਾਲੀ ਦਲ ਤੇ ਕਾਂਗਰਸ ਨੇ ਅਧਿਕਾਰਤ ਤੌਰ ‘ਤੇ ਇਸ ਸੀਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਕਾਂਗਰਸ ਵਲੋਂ ਸਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ 2009 ਵਿਚ ਇਥੋਂ ਸੰਸਦ ਮੈਂਬਰ ਰਹੇ ਵਿਜੇਇੰਦਰ ਸਿੰਗਲਾ ਸਣੇ ਕੇਵਲ ਸਿੰਘ ਢਿੱਲੋਂ ਦਾ ਨਾਂ ਵੀ ਚਰਚਾ ਵਿਚ ਹੈ। ਇਸੇ ਦਰਮਿਆਨ ਅਕਾਲੀ ਦਲ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਅਤੇ ਇਕਬਾਲ ਸਿੰਘ ਝੂੰਦਾ , ਪਾਰਟੀ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਤੇ ਬਲਦੇਵ ਸਿੰਘ ਮਾਨ ਦਾ ਨਾਂ ਵੀ ਚਰਚਾ ਵਿਚ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …