ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਘਰਾਂ ਦੇ ਵਿਦੇਸ਼ੀ ਖਰੀਦਦਾਰਾਂ ਉੱਤੇ ਪਹਿਲੀ ਜਨਵਰੀ ਤੋਂ ਲੱਗੀ ਰੋਕ ਦੇ ਕੁੱਝ ਚਿਰ ਮਗਰੋਂ ਹੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀਐਮਐਚਸੀ) ਵੱਲੋਂ ਇਸ ਕਾਨੂੰਨ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ ਕੀਤੀ ਗਈ ਅਹਿਮ ਸੋਧ ਮੁਤਾਬਕ ਕੁੱਝ ਖਾਸ ਪ੍ਰਸਥਿਤੀਆਂ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦ ਸਕਣਗੇ।
27 ਮਾਰਚ ਨੂੰ ਮਨਿਸਟਰ ਆਫ ਹਾਊਸਿੰਗ ਐਂਡ ਡਾਇਵਰਸਿਟੀ ਐਂਡ ਇਨਕਲੂਜ਼ਨ ਅਹਿਮਦ ਹੁਸੈਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕੈਨੇਡਾ ਦੇ ਪ੍ਰੋਹਿਬਸ਼ਨ ਆਨ ਦ ਪਰਚੇਜ਼ ਆਫ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਬਾਇ ਨੌਨ ਕੈਨੇਡੀਅਨ ਐਕਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਵਿੱਚ ਸਭ ਤੋਂ ਵੱਧ ਫਾਇਦਾ ਵਰਕ ਪਰਮਿਟ ਹੋਲਡਰਜ਼, ਵਿਦੇਸ਼ੀਆਂ ਦੀ ਅੰਸ਼ਕ ਮਲਕੀਅਤ ਵਾਲੀ ਪਬਲਿਕ ਤੇ ਪ੍ਰਾਈਵੇਟ ਕਾਰਪੋਰੇਸ਼ਨਜ਼ ਨੂੰ ਹੋਵੇਗਾ।
ਸੀਐਮਐਚਸੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਇਨ੍ਹਾਂ ਸੋਧਾਂ ਤੋਂ ਬਾਅਦ ਨਿਊਕਮਰਜ਼ ਨੂੰ ਕੈਨੇਡਾ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਘਰ ਖਰੀਦਣ ਦਾ ਹੱਕ ਹੋਵੇਗਾ ਤੇ ਕਾਰੋਬਾਰੀ, ਜਿਹੜੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਣਗੇ ਤੇ ਘਰਾਂ ਦਾ ਨਿਰਮਾਣ ਕਰ ਸਕਣਗੇ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ। ਪਹਿਲਾਂ ਇਹ ਪਾਬੰਦੀ ਜੂਨ 2022 ਵਿੱਚ ਪਾਰਲੀਮੈਂਟ ਵਿੱਚ ਪਾਸ ਕੀਤੇ ਗਏ ਕਾਨੂੰਨ ਤਹਿਤ ਇਸ ਸਾਲ ਜਨਵਰੀ ਵਿੱਚ ਲਾਈ ਗਈ ਸੀ। ਇਸ ਤਹਿਤ ਕਮਰਸ਼ੀਅਲ ਐਂਟਰਪ੍ਰਾਈਸਿਜ਼ ਤੇ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਦੇਸ਼ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਰੋਕ ਲਾ ਦਿੱਤੀ ਗਈ ਸੀ। ਸੀਐਮਐਚਸੀ ਅਨੁਸਾਰ ਇਸ ਕਾਨੂੰਨ ਦਾ ਅਸਲ ਮਕਸਦ ਕੈਨੇਡੀਅਨਜ਼ ਲਈ ਘਰ ਹੋਰ ਕਿਫਾਇਤੀ ਬਣਾਉਣਾ ਸੀ।