ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਇੱਥੇ ਪੁਲਿਸ ਲਾਈਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਉੱਘੇ ਲੇਖਕ ਨਿੰਦਰ ਘੁਗਿਆਣਵੀ ਦੀ 49ਵੀਂ ਪੁਸਤਕ ਇੰਗਲੈਂਡ ਫੇਰੀ ‘ਤੇ ਅਧਾਰਤ ਸਫ਼ਰਨਾਮਾ ‘ਦੇਖੀ ਤੇਰੀ ਵਲੈਤ’ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਐਸ.ਐਸ.ਪੀ.ਪਟਿਆਲਾ ਵਿਕਰਮ ਜੀਤ ਦੁੱਗਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਹਰਦੀਪ ਸਿੰਘ ਮਾਨ ਨੇ ਸਾਂਝੇ ਤੌਰ ‘ਤੇ ਜਾਰੀ ਕੀਤੀ। ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਪੁਲਿਸ ਲਾਇਨ ਵਿਖੇ ਇਸ ਸਾਹਿਤਕ ਸਮਾਗਮ ਨੂੰ ਰਚਾਉਣ ਦਾ ਮੰਤਵ ਦਸਦਿਆਂ ਕਿਹਾ ਕਿ ਪੁਲਿਸ ਵਾਲਿਆਂ ਦੀ ਭੱਜਦੌੜ ਭਰੀ ਜ਼ਿੰਦਗੀ ਨੂੰ ਸਾਹਿਤ ਨਾਲ ਜੋੜਨ ਦਾ ਇਹ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਪੁਲਿਸ ਟ੍ਰੇਨਿੰਗ ਅਕੈਡਮੀ ਫ਼ਿਲੌਰ ਅਤੇ ਹੋਰਨੀਂ ਥਾਈਂ ਟ੍ਰੇਨੀ ਅਧਿਕਾਰੀਆਂ ਨੂੰ ਲੈਕਚਰ ਦੇਣ ਜਾਂਦੇ ਨਿੰਦਰ ਘੁਗਿਆਣਵੀ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੀ ਅਗਲੀ 50ਵੀਂ ਕਿਤਾਬ ਦਾ ਵਿਸ਼ਾ ਪੁਲਿਸ ਨਾਲ ਸਬੰਧਤ ਦਿਲਚਸਪ ਘਟਨਾਵਾਂ ਅਤੇ ਵਰਤਾਰਿਆਂ ਨੂੰ ਬਣਾਉਣ ਤਾਂ ਜੋ ਪੁਲਿਸ ਵਿਚ ਨਵੇਂ ਆਉਣ ਵਾਲੇ ਅਧਿਕਾਰੀਆਂ ਤੇ ਜਵਾਨਾਂ ਨੂੰ ਪੁਰਾਣੀ ਪੀੜ੍ਹੀ ਦੇ ਅਫ਼ਸਰਾਂ ਤੇ ਤਜ਼ਰਬਿਆਂ ਬਾਰੇ ਜਾਣਕਾਰੀ ਮਿਲ ਸਕੇ। ਦੁੱਗਲ ਜੋ ਕਿ ਨਿੰਦਰ ਘੁਗਿਆਣਵੀ ਦੀਆਂ ਬਹੁਤ ਪੜ੍ਹੀਆਂ ਗਈਆਂ ਰਚਨਾਵਾਂ ਦਾ ਅੰਗਰੇਜ਼ੀ ਅਤੇ ਤੇਲਗੂ ਉਲੱਥਾ ਵੀ ਕਰਵਾ ਚੁੱਕੇ ਹਨ, ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਵਿਅਕਤੀ ਵੱਡੀਆਂ ਯੂਨੀਵਰਸਿਟੀਆਂ ਅਤੇ ਅਕੈਡਮੀਆਂ ਵਿਚ ਹੀ ਪੜ੍ਹਕੇ ਵਿਦਵਾਨ ਬਣੇ, ਨਿੰਦਰ ਜਿਹੇ ਲੇਖਕਾਂ ਨੂੰ ਆਪਣੀਆਂ ਲਿਖਤਾਂ ‘ਤੇ ਹੀ ਪੀ.ਐਚ.ਡੀ. ਦੇ ਥੀਸਸ ਲਿਖੇ ਹੋਣ ਦਾ ਮਾਣ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਨਿੰਦਰ ਘੁਗਿਆਣਵੀ ਨੂੰ ਇੱਕ ਪ੍ਰਤੀਬੱਧ ਲੇਖਕ ਕਰਾਰ ਦਿੰਦਿਆਂ ਕਿਹਾ ਕਿ ਉਸਦੀ ਸਾਹਿਤ ਸੋਝੀ ਕਮਾਲ ਦੀ ਹੈ, ਕਿਉਂਜੋ ਏਨੀ ਥੋੜ੍ਹੀ ਉਮਰ ਵਿੱਚ 49 ਕਿਤਾਬਾਂ ਦਾ ਸਥਾਪਤ ਲੇਖਕ ਹੋਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਸਫ਼ਰ ‘ਤੇ ਚਾਨਣਾ ਪਾਉਂਦਿਆਂ ਜਿੱਥੇ ਜ਼ਿਲ੍ਹਾ ਪੁਲਿਸ ਵੱਲੋਂ ਉਸਦੀ ਪੁਸਤਕ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਲਈ ਧੰਨਵਾਦ ਕੀਤਾ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …