22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦਾ ਹੋ ਰਿਹਾ ਹੈ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਸ੍ਰੀ ਰਾਮ ਜਨਮ ਭੂਮੀ ਮੰਦਰ ਸਬੰਧੀ ਸਮਾਰਕ ਡਾਕ ਟਿਕਟ ਅਤੇ ਭਗਵਾਨ ਰਾਮ ਸਬੰਧੀ ਟਿਕਟਾਂ ਦੀ ਇਕ ਕਿਤਾਬ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਅਤੇ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ, ਜੋ 11 ਦਿਨਾਂ ਦੀਆਂ ਵਿਸ਼ੇਸ਼ ਰਸਮਾਂ ਨਿਭਾ ਰਹੇ ਹਨ, ਉਨ੍ਹਾਂ ਨੇ ਅੱਜ ਰਾਮ ਮੰਦਰ ਨਾਲ ਸਬੰਧਤ ਪ੍ਰੋਗਰਾਮਾਂ ਦੀ ਲੜੀ ਵਿੱਚ ਡਾਕ ਟਿਕਟ ਅਤੇ ਡਾਕ ਟਿਕਟਾਂ ਦੀ ਕਿਤਾਬ ਜਾਰੀ ਕੀਤੀ। ਅਯੁੱਧਿਆ ਦੇ ਰਾਮ ਮੰਦਰ ਦਾ ਵੇਰਵਾ ਇਨ੍ਹਾਂ ਤਸਵੀਰਾਂ ਦੇ ਵਿਸ਼ੇਸ਼ ਸੰਗ੍ਰਹਿ ਵਿੱਚ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਐਲਬਮ ਵਿੱਚ ਮੰਦਰ ਦੀਆਂ ਬਾਰੀਕੀਆਂ ਦਾ ਅਨੁਭਵ ਕੀਤਾ ਜਾ ਸਕਦਾ ਹੈ। ਇਸ ਮੌਕੇ ’ਤੇ ਆਪਣੇ ਸੰਬੋਧਨ ’ਚ ਪੀਐੱਮ ਮੋਦੀ ਨੇ ਕਿਹਾ ਕਿ ਉਹ ਦੇਸ਼ ਦੀ ਭਲਾਈ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਦੇ ਨਾਲ-ਨਾਲ ਸੰਤਾਂ ਨੇ ਵੀ ਡਾਕ ਵਿਭਾਗ ਨੂੰ ਸੇਧ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਦੇਸ਼ਾਂ ਵਿਚ ਸ਼੍ਰੀ ਰਾਮ ’ਤੇ ਆਧਾਰਿਤ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।