
ਚੰਡੀਗੜ੍ਹ/ਬਿਊਰੋ ਨਿਊਜ਼
ਪਹਾੜਾਂ ’ਚ ਪੈ ਰਹੇ ਮੀਂਹ ਕਰਕੇ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਪਹੁੰਚ ਗਿਆ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਹੈ। ਭਾਖੜਾ ਵਿਚ ਜਿੰਨਾ ਪਾਣੀ ਪਹਾੜਾਂ ’ਚੋਂ ਆ ਰਿਹਾ ਹੈ, ਓਨਾ ਪਾਣੀ ਹੀ ਸਤਲੁਜ ’ਚ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਫੁੱਟ ਹੇਠਾਂ ਹੈ ਅਤੇ ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਇੱਕ ਮੀਟਰ ਹੀ ਹੇਠਾਂ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦੀ ਆਮਦ ਪਹਿਲਾਂ ਨਾਲੋਂ ਘਟੀ ਹੈ। ਪੌਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਉਪਰ ਚੱਲ ਰਿਹਾ ਹੈ। ਪੌਂਗ ਡੈਮ ਵਿਚ ਅੱਜ ਮੁੜ ਪਹਾੜਾਂ ’ਚੋਂ ਪਾਣੀ ਦੀ ਆਮਦ 1.14 ਲੱਖ ਕਿਊਸਿਕ ਹੋ ਗਈ ਹੈ ਅਤੇ ਇਸ ਡੈਮ ’ਚੋਂ ਇੱਕ ਲੱਖ ਕਿਊਸਿਕ ਪਾਣੀ ਬਿਆਸ ’ਚ ਛੱਡਿਆ ਜਾ ਰਿਹਾ ਹੈ। ਘੱਗਰ ’ਚ ਪਹਾੜਾਂ ’ਚੋਂ ਪਾਣੀ ਆਉਣਾ ਪਹਿਲਾਂ ਨਾਲੋਂ ਘੱਟ ਗਿਆ ਹੈ। ਮਾਨਸਾ ਦੇ ਸਰਦੂਲਗੜ੍ਹ ’ਚ ਹਾਲਾਤ ਚਿੰਤਾਜਨਕ ਹਨ ਕਿਉਂਕਿ ਸਰਦੂਲਗੜ੍ਹ ਨੇੜੇ ਘੱਗਰ ’ਚ ਪਾਣੀ 37550 ਕਿਊਸਿਕ ਹੋ ਗਿਆ ਹੈ।

