ਅਨਿਲ ਵਿੱਜ ਨੇ ਸੀਐਮ ਭਗਵੰਤ ਮਾਨ ਨੂੰ ਲਿਖੀ ਚਿੱਠੀ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਪੰਜਾਬ ਦੀ ਇਕ ਸੜਕ ਤੋਂ ਪ੍ਰੇਸ਼ਾਨ ਹਨ। ਵਿੱਜ ਦੀ ਪ੍ਰੇਸ਼ਾਨੀ ਇਥੋਂ ਤੱਕ ਵਧ ਗਈ ਕਿ ਉਨ੍ਹਾਂ ਨੂੰ ਮਜਬੂਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਣੀ ਪਈ। ਜਿਸ ਵਿਚ ਉਨ੍ਹਾਂ ਨੇ ਉਮੀਦ ਕੀਤੀ ਕਿ ਸੀਐਮ ਮਾਨ ਉਨ੍ਹਾਂ ਦੀ ਗੱਲ ਜ਼ਰੂਰ ਮੰਨਣਗੇ। ਅਸਲ ਵਿਚ ਗ੍ਰਹਿ ਮੰਤਰੀ ਅਨਿਲ ਵਿੱਜ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਰੋਡ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਰਾਮਗੜ੍ਹ ਤੋਂ ਡੇਰਾਬਸੀ ਜਾਣ ਵਾਲੀ ਸੜਕ ਨੂੰ ਚਾਰ ਮਾਰਗੀ ਕੀਤਾ ਜਾਏ ਅਤੇ ਇਸ ਸੜਕ ‘ਤੇ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ। ਵਿੱਜ ਨੇ ਚਿੱਠੀ ਵਿਚ ਲਿਖਿਆ ਕਿ ਡੇਰਾਬਸੀ ਤੋਂ ਰਾਮਗੜ੍ਹ ਸੜਕ ‘ਤੇ ਬਹੁਤ ਭੀੜ ਰਹਿੰਦੀ ਹੈ। ਇੱਥੇ ਟਰੈਫਿਕ ਬਹੁਤ ਹੁੰਦਾ ਹੈ ਅਤੇ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੈ। ਗ੍ਰਹਿ ਮੰਤਰੀ ਵਿੱਜ ਨੇ ਭਗਵੰਤ ਮਾਨ ਨੂੰ ਕਿਹਾ ਕਿ ਡੇਰਾਬਸੀ ਤੋਂ ਵਾਇਆ ਰਾਮਗੜ੍ਹ ਹੋ ਕੇ ਚੰਡੀਗੜ੍ਹ-ਪੰਚਕੂਲਾ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੋ ਅਤੇ ਇਸ ਸੜਕ ਨੂੰ ਚਾਰ ਮਾਰਗੀ ਬਣਾਓ।