-12.5 C
Toronto
Thursday, January 29, 2026
spot_img
Homeਪੰਜਾਬਪ੍ਰਸ਼ਾਂਤ ਕਿਸ਼ੋਰ ਦੀਆਂ ਦੁਬਾਰਾ ਸੇਵਾਵਾਂ ਲੈਣਾ ਪੰਜਾਬ ਸਰਕਾਰ ਲਈ ਬਣਿਆ ਬੁਝਾਰਤ

ਪ੍ਰਸ਼ਾਂਤ ਕਿਸ਼ੋਰ ਦੀਆਂ ਦੁਬਾਰਾ ਸੇਵਾਵਾਂ ਲੈਣਾ ਪੰਜਾਬ ਸਰਕਾਰ ਲਈ ਬਣਿਆ ਬੁਝਾਰਤ

ਪੰਜਾਬ ਵਿਚ ਕੰਮ ਕਰਨ ਤੋਂ ਖੇਸਲ ਵੱਟ ਰਹੇ ਹਨ ਪ੍ਰਸ਼ਾਂਤ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮਾਹਿਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਦੁਬਾਰਾ ਲੈਣ ਦਾ ਮਾਮਲਾ ਰਾਜ ਦੇ ਸਿਆਸੀ ਹਲਕਿਆਂ ਲਈ ਇਕ ਵੱਡੀ ਬੁਝਾਰਤ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ਮੌਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਮੰਤਰੀਆਂ ਤੇ ਵਿਧਾਨਕਾਰਾਂ ਦੀ ਰਾਏ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਆਉਂਦੀਆਂ ਚੋਣਾਂ ਲਈ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ ਤੇ ਪ੍ਰਸ਼ਾਂਤ ਕਿਸ਼ੋਰ ਵੀ ਪੰਜਾਬ ਵਿਚ ਕੰਮ ਕਰਨ ਲਈ ਕਾਫ਼ੀ ਖ਼ੁਸ਼ ਹਨ ਪਰ ਜਾਣਕਾਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਵਲੋਂ ਆਪਣੇ ਦੋਹਤੇ ਨਿਰਵਾਣ ਸਿੰਘ ਨੂੰ ਪਿਛਲੇ ਦਿਨੀਂ ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕਰਨ ਲਈ ਭੇਜਿਆ ਗਿਆ ਸੀ ਤੇ ਉਸ ਵਲੋਂ ਨਿਰਵਾਣ ਨੂੰ ਕਾਫ਼ੀ ਲੰਬਾ ਇੰਤਜ਼ਾਰ ਕਰਾਉਣ ਤੋਂ ਬਾਅਦ ਮੁਲਾਕਾਤ ਕੀਤੀ ਗਈ, ਜਿਸ ਤੋਂ ਇਹੋ ਪ੍ਰਭਾਵ ਗਿਆ ਕਿ ਉਹ ਪੰਜਾਬ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ।
ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 2 ਕਾਂਗਰਸੀ ਮੁੱਖ ਮੰਤਰੀਆਂ ਦੀ ਉਨ੍ਹਾਂ ਦੇ ਸੂਬਿਆਂ ਵਿਚ ਕੰਮ ਕਰਨ ਲਈ ਪੇਸ਼ਕਸ਼ ਆਈ ਸੀ, ਜਿਨ੍ਹਾਂ ਵਿਚੋਂ ਇਕ ਕੈਪਟਨ ਅਮਰਿੰਦਰ ਸਿੰਘ ਵੀ ਹਨ, ਪ੍ਰੰਤੂ ਉਹ ਇਸ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ। ਦਿਲਚਸਪ ਗੱਲ ਇਹ ਸੀ ਕਿ ਉਨ੍ਹਾਂ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ। ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਵੀ ਜਨਤਕ ਤੌਰ ‘ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਗਲੀਆਂ ਚੋਣਾਂ ਸਬੰਧੀ ਅਜਿਹੇ ਕਿਸੇ ਮਾਹਰ ਦੀਆਂ ਸੇਵਾਵਾਂ ਲੈਣ ਦਾ ਅਧਿਕਾਰ ਖੇਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਹੈ, ਕਿਉਂਕਿ ਚੋਣਾਂ ਪਾਰਟੀ ਵਲੋਂ ਲੜੀਆਂ ਜਾਣੀਆਂ ਹਨ ਤੇ ਮੁੱਖ ਮੰਤਰੀ ਸਰਕਾਰ ਦਾ ਅਕਸ ਬਣਾਉਣ ਲਈ ਅਜਿਹੀਆਂ ਸੇਵਾਵਾਂ ਜ਼ਰੂਰ ਲੈ ਸਕਦੇ ਹਨ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਮੁੱਦੇ ‘ਤੇ ਚੁੱਪ ਹਨ, ਜਦੋਂਕਿ ਉਨ੍ਹਾਂ ਵਲੋਂ ਇਹ ਜ਼ਰੂਰ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਸਿਆਸੀ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੁੱਖ ਮੰਤਰੀ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਹਨ ਕਿ ਅਗਲੀ ਚੋਣ ਨੂੰ ਕਾਂਗਰਸ ਵਲੋਂ ਕਿਹੜਾ ਆਗੂ ਅਗਵਾਈ ਦੇਵੇਗਾ, ਇਸ ਦਾ ਫੈਸਲਾ ਕਾਂਗਰਸ ਦੇ ਕੌਮੀ ਪ੍ਰਧਾਨ ਵਲੋਂ ਕੀਤਾ ਜਾਣਾ ਹੈ ਤਾਂ ਫਿਰ ਅਗਲੀ ਚੋਣ ਕਿਨ੍ਹਾਂ ਮੁੱਦਿਆਂ ‘ਤੇ ਲੜੀ ਜਾਣੀ ਹੈ ਤੇ ਉਸ ਨੂੰ ਲੜਨ ਲਈ ਕੀ ਕਿਸੇ ਕੂਟਨੀਤਿਕ ਮਾਹਰ ਦੀਆਂ ਸੇਵਾਵਾਂ ਲਈਆਂ ਜਾਣੀਆਂ ਹਨ ਜਾਂ ਨਹੀਂ ਇਹ ਵੀ ਉਹ ਆਗੂ ਹੀ ਫੈਸਲਾ ਲੈ ਸਕੇਗਾ, ਜਿਸ ਵਲੋਂ ਅਗਲੀ ਚੋਣ ਦੀ ਅਗਵਾਈ ਕੀਤੀ ਜਾਣੀ ਹੈ। ਕਾਂਗਰਸ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਆਸ਼ਾ ਕੁਮਾਰੀ, ਜੋ ਕਿ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਸਮਰਥਕ ਸਮਝੇ ਜਾਂਦੇ ਸਨ, ਨੂੰ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਦੇਖਿਆ ਗਿਆ ਤੇ ਦਿਲਚਸਪ ਗੱਲ ਇਹ ਸੀ ਕਿ ਕੈਪਟਨ ਨਾਲ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਵਿਖੇ ਹੀ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਵਾਸ ਅਸਥਾਨ ‘ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤਾਂ ਕੀਤੀਆਂ ਤੇ ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਸੁਨੀਲ ਜਾਖੜ ਦੇ ਨਿਵਾਸ ਅਸਥਾਨ ‘ਤੇ ਜਾ ਕੇ ਉਨ੍ਹਾਂ ਨਾਲ ਵੀ ਇਕ ਲੰਬੀ ਬੈਠਕ ਕੀਤੀ ਪਰ ਮੁੱਖ ਮੰਤਰੀ ਵਲੋਂ ਚੋਣਾਂ ਤੋਂ ਕੋਈ ਪੌਣੇ 2 ਸਾਲ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਦੁਬਾਰਾ ਲੈਣ ਦੇ ਦਾਅਵਿਆਂ ਨਾਲ ਭਾਵੇਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਕਿ ਅਗਲੀਆਂ ਚੋਣਾਂ ਦੀ ਅਗਵਾਈ ਵੀ ਉਹ ਹੀ ਕਰਨ ਵਾਲੇ ਹਨ ਪਰ ਪ੍ਰਸ਼ਾਂਤ ਕਿਸ਼ੋਰ ਵਲੋਂ ਹੁਣ ਤੱਕ ਇਸ ਮੁੱਦੇ ‘ਤੇ ਅਪਣਾਏ ਰੁਖ ਨੇ ਮੁੱਖ ਮੰਤਰੀ ਦੀ ਸਥਿਤੀ ਨੂੰ ਗੈਰ-ਯਕੀਨੀ ਜ਼ਰੂਰ ਬਣਾਇਆ ਹੋਇਆ ਹੈ। ਇਸੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਥੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਲਈ ਪੰਜਾਬ ਕਾਂਗਰਸ ਨੂੰ ਇਕ ਬਿਹਾਰੀ ਤੋਂ ਅਗਵਾਈ ਲੈਣ ਦੀ ਲੋੜ ਨਹੀਂ, ਜਦੋਂਕਿ ਪੰਜਾਬ ਕਾਂਗਰਸ ਕੋਲ ਤਜਰਬੇਕਾਰਾਂ ਦੀ ਕੋਈ ਕਮੀ ਨਹੀਂ ਤੇ ਮੁੱਖ ਮੰਤਰੀ ਨੂੰ ਵੀ ਪੰਜਾਬ ਸਬੰਧੀ ਪੂਰੀ ਜਾਣਕਾਰੀ ਹੈ।

RELATED ARTICLES
POPULAR POSTS