ਕਿਹਾ : ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਨਵਜੋਤ ਸਿੱਧੂ ਕਾਰਨ ਮਿਲੀ
ਚੰਡੀਗੜ੍ਹ/ਬਿਊਰੋ ਨਿਊਜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦਰਮਿਆਨ ਵਿਆਹਾਂ ਨੂੰ ਲੈ ਸ਼ੁਰੂ ਹੋਈ ਟਵੀਟ ਵਾਰ ਵਿਚ ਹੁਣ ਨਵਜੋਤ ਕੌਰ ਸਿੱਧੂ ਵੀ ਕੁੱਦ ਪਈ ਹੈ। ਨਵਜੋਤ ਕੌਰ ਸਿੱਧੂ ਨੇ ਇਕ ਟਵੀਟ ਕਰਕੇ ਭਗਵੰਤ ਮਾਨ ਨੂੰ ਮਿਲੀ ਮੁੱਖ ਮੰਤਰੀ ਦੀ ਕੁਰਸੀ ’ਤੇ ਤੰਜ ਕਸਿਆ ਹੈ। ਉਨ੍ਹਾਂ ਟਵੀਟ ’ਚ ਲਿਖਿਆ ਕਿ ਭਗਵੰਤ ਮਾਨ ਜਿਸ ਕੁਰਸੀਂ ’ਤੇ ਅੱਜ ਤੁਸੀਂ ਬੈਠੇ ਉਹ ਕੁਰਸੀ ਉਨ੍ਹਾਂ ਨੂੰ ਨਵਜੋਤ ਸਿੱਧੂ ਕਰਕੇ ਮਿਲੀ ਹੈ। ਇਸ ਟਵੀਟ ’ਚ ਨਵਜੋਤ ਕੌਰ ਨੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਨਵਜੋਤ ਸਿੱਧੂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੱਧੂ ਦੀ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਸੀ। ਨਵਜੋਤ ਕੌਰ ਨੇ ਟਵੀਟ ’ਚ ਕਿਹਾ ਕਿ ਭਗਵੰਤ ਮਾਨ ਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਸ ਕੁਰਸੀ ’ਤੇ ਤੁਸੀਂ ਬੈਠੇ, ਉਹ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਹੀ ਤੁਹਾਨੂੰ ਤੋਹਫ਼ੇ ’ਚ ਦਿੱਤੀ ਹੈ ਕਿਉਂਕਿ ਤੁਹਾਡੇ ਸਾਰੇ ਸੀਨੀਅਰ ਲੀਡਰ ਚਾਹੁੰਦੇ ਸਨ ਕਿ ਨਵਜੋਤ ਸਿੱਧੂ ਪੰਜਾਬ ਦੀ ਅਗਵਾਈ ਕਰਨ। ਕੇਜਰੀਵਾਲ ਨੇ ਵੱਖ-ਵੱਖ ਚੈਨਲਾਂ ਰਾਹੀਂ ਪੰਜਾਬ ਦੀ ਅਗਵਾਈ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਪ੍ਰੰਤੂ ਨਵਜੋਤ ਸਿੱਧੂ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸਨ ਇਸ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਇਹ ਮੌਕਾ ਮਿਲਿਆ ਹੈ।