Breaking News
Home / ਪੰਜਾਬ / ਪ੍ਰੋ. ਅਜਮੇਰ ਸਿੰਘ ਔਲਖ ਦਾ ਦੇਹਾਂਤ

ਪ੍ਰੋ. ਅਜਮੇਰ ਸਿੰਘ ਔਲਖ ਦਾ ਦੇਹਾਂਤ

ਪੰਜਾਬ ਦੇ ਸਮੂਹ ਮੰਤਰੀ ਮੰਡਲ ਸਮੇਤ ਕਲਾ ਨੂੰ ਪਿਆਰ ਕਰਨ ਵਾਲਿਆਂ ਨੇ ਪ੍ਰਗਟਾਇਆ ਦੁੱਖ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਪੰਜ ਵਜੇ ਦੇਹਾਂਤ ਹੋ ਗਿਆ। ਮਾਲਵੇ ਦੇ ਰੰਗਮੰਚ ਵਿਚ ਜਾਨ ਫੂਕਣ ਤੋਂ ਬਾਅਦ ਪੰਜਾਬੀ ਥੀਏਟਰ ਦੀ ਜਾਨ ਬਣ ਚੁੱਕੇ ਅਜਮੇਰ ਔਲਖ ਦੇ ਦੇਹਾਂਤ ‘ਤੇ ਕਲਾ ਨੂੰ ਪਿਆਰ ਕਰਨ ਵਾਲੇ ਗਹਿਰੇ ਸ਼ੋਕ ਵਿਚ ਹਨ। ਪ੍ਰੋ. ਔਲਖ ਦਾ ਦੇਹਾਂਤ ਉਹਨਾਂ ਦੇ ਘਰ ਮਾਨਸਾ ਵਿਖੇ ਹੋਇਆ ਅਤੇ ਸਸਕਾਰ ਭਲਕੇ ਸ਼ੁੱਕਰਵਾਰ ਨੂੰ 11 ਵਜੇ ਮਾਨਸਾ ਵਿਖੇ ਹੀ ਕੀਤਾ ਜਾਵੇਗਾ। ਅਜਮੇਰ ਔਲਖ ਦੀ ਦੇਹ ਦੇ ਅੰਤਮ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਕਲਾਕਾਰ, ਰੰਗਕਰਮੀ, ਸਾਹਿਤਕਾਰ ਤੇ ਇਲਾਕੇ ਦੇ ਲੋਕ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਅਜਮੇਰ ਔਲਖ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਤੇ ਪਿਛਲੇ ਦਿਨੀਂ ਮੁਹਾਲੀ ਸਥਿਤ ਫੋਰਟਿਸਟ ਹਸਪਤਾਲ ਵਿਚ ਇਲਾਜ ਲਈ ਕੁਝ ਦਿਨ ਦਾਖਲ ਵੀ ਰਹੇ। ਜ਼ਿਕਰਯੋਗ ਹੈ ਕਿ ਉਹਨਾਂ ਆਪਣੇ ਦੇਹਾਂਤ ਤੋਂ ਪਹਿਲਾਂ ਹੀ ਪਰਿਵਾਰ ਨੂੰ ਇੱਛਾ ਦੱਸ ਦਿੱਤੀ ਸੀ ਕਿ ਮੇਰੀ ਆਖਰੀ ਇੱਛਾ ਇਹੋ ਹੈ ਕਿ ਮੇਰੀਆਂ ਅੰਤਮ ਰਸਮਾਂ ਸਾਦਗੀ ਨਾਲ ਕੀਤੀਆਂ ਜਾਣ ਅਤੇ ਅੰਤਮ ਸਸਕਾਰ ਮੇਰੀਆਂ ਧੀਆਂ ਕਰਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ, ਸਾਹਿਤਕ ਸਭਾਵਾਂ, ਰੰਗਮੰਚ ਸੰਗਠਨ ਅਤੇ ਵੱਖੋ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ‘ਬੇਗਾਨੇ ਬੋਹੜ ਦੀ ਛਾਂ’, ‘ਅਰਬਦ ਨਰਬਦ ਧੰਦੂਕਾਰਾ’, ‘ਅੰਨੇ ਨਿਸ਼ਾਨਚੀ’, ‘ਇਕ ਰਮਾਇਣ ਹੋਰ’, ਅਤੇ ‘ਤੂੜੀ ਵਾਲਾ ਕੋਠਾ’ ਸਮੇਤ ਕਈ ਪ੍ਰਸਿੱਧ ਨਾਟਕ ਲਿਖਣ ਵਾਲੇ ਪ੍ਰੋ. ਔਲਖ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …