
ਪੰਜਾਬ ਸਰਕਾਰ ਨੇ ਸ਼ਰਤਾਂ ਤਹਿਤ ਹੋਟਲ ਤੇ ਰੈਸਟੋਰੈਂਟ ਖੋਲ੍ਹਣ ਨੂੰ ਦਿੱਤੀ ਮਨਜੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੁਣ 4300 ਵੱਲ ਨੂੰ ਵਧਣ ਲੱਗੀ ਹੈ ਅਤੇ ਇਹ ਗਿਣਤੀ 4223 ਤੱਕ ਪਹੁੰਚ ਗਈ ਹੈ। ਪੰਜਾਬ ਵਿਚ 1360 ਐਕਟਿਵ ਕੇਸ ਹਨ ਅਤੇ 2700 ਕਰੋਨਾ ਪੀੜਤ ਵਿਅਕਤੀ ਸਿਹਤਯਾਬ ਵੀ ਹੋਏ ਹਨ। ਇਸਦੇ ਚੱਲਦਿਆਂ ਪੰਜਾਬ ਵਿਚ ਮੌਤਾਂ ਦਾ ਅੰਕੜਾ ਵੀ 102 ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਅੱਜ ਜਲੰਧਰ ਵਿਚ 30, ਬਠਿੰਡਾ ‘ਚ 20 ਅਤੇ ਮੋਗਾ ਵਿਚ 11 ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ ਜਲੰਧਰ ਵਿਚ ਦੋ ਵਿਅਕਤੀਆਂ ਦੀ ਕਰੋਨਾ ਕਰਕੇ ਜਾਨ ਵੀ ਚਲੀ ਗਈ।
ਇਸੇ ਦੌਰਾਨ ਪੰਜਾਬ ਸਰਕਾਰ ਨੇ ਹੋਟਲ, ਰੈਸਟੋਰੈਂਟ, ਢਾਬੇ ਖੋਲ੍ਹਣ ਅਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਰਾਤ ਦੇ 8 ਵਜੇ ਤੱਕ ਹੋਟਲ ਅੰਦਰ ਬੈਠ ਕੇ ਖਾਣਾ ਖਾਣ ਦੀ ਸਹੂਲਤ ਦੇ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਰੈਸਟੋਰੈਂਟ ਵਿਚ 50 ਫੀਸਦੀ ਵਿਅਕਤੀ ਹੀ ਇਕ ਸਮੇਂ ਬੈਠ ਕੇ ਖਾਣਾ ਖਾ ਸਕਣਗੇ ਅਤੇ ਪੈਲਸਾਂ ਵਿਚ ਵੀ ਵਿਆਹ ਸਮਾਗਮਾਂ ਮੌਕੇ 50 ਵਿਅਕਤੀਆਂ ਤੱਕ ਹੀ ਛੋਟ ਦਿੱਤੀ ਗਈ ਹੈ।