-12.7 C
Toronto
Monday, December 8, 2025
spot_img
Homeਪੰਜਾਬਫਾਂਸੀ ਦੀ ਸਜ਼ਾ ਮੁਆਫ ਹੋਣ ਮਗਰੋਂ ਦੁਬਈ ਤੋਂ ਪਰਤਿਆ ਸੁਖਵੀਰ

ਫਾਂਸੀ ਦੀ ਸਜ਼ਾ ਮੁਆਫ ਹੋਣ ਮਗਰੋਂ ਦੁਬਈ ਤੋਂ ਪਰਤਿਆ ਸੁਖਵੀਰ

ਨੌਂ ਸਾਲਾਂ ਬਾਅਦ ਮਿਲੇ ਮਾਂ-ਪੁੱਤ; ਸੂਡਾਨ ਦੇ ਨੌਜਵਾਨ ਦੇ ਕਤਲ ਮਾਮਲੇ ‘ਚ ਫੜੇ ਗਏ ਸਨ ਤਿੰਨ ਭਾਰਤੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਦੁਬਈ ਵਿੱਚ ਫਾਂਸੀ ਦੀ ਸਜ਼ਾ ਮੁਆਫ ਹੋਣ ਉਪਰੰਤ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਸੁਖਵੀਰ ਸਿੰਘ ਵਤਨ ਪਰਤ ਆਇਆ ਹੈ। ਉਸ ਦੀ ਰਿਹਾਈ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਸੰਭਵ ਹੋ ਸਕੀ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਸਾਥੀ ਰਿਹਾਅ ਹੋਣ ਮਗਰੋਂ ਵਤਨ ਪਰਤ ਚੁੱਕੇ ਹਨ। ਸੁਖਵੀਰ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜਿਆ। ਇਸ ਮੌਕੇ ਉਨ੍ਹਾਂ ਦੇ ਮਾਪੇ ਤੇ ਸਕੇ ਸਬੰਧੀ ਆਏ ਹੋਏ ਸਨ। ਸੁਖਵੀਰ 9 ਸਾਲਾਂ ਮਗਰੋਂ ਆਪਣੀ ਮਾਂ ਨੂੰ ਮਿਲਿਆ। ਇਸ ਦੌਰਾਨ ਮਾਂ-ਪੁੱਤ ਜਦੋਂ ਇੱਕ-ਦੂਜੇ ਦੇ ਗਲ ਲੱਗੇ ਤਾਂ ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ।
ਇਸ ਦੌਰਾਨ ਡਾ. ਓਬਰਾਏ ਨੇ ਦੱਸਿਆ ਕਿ 2018 ਵਿੱਚ ਦੁਬਈ ਵਿੱਚ ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ ਵਿੱਚ ਸੁਖਵੀਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਵਾਸੀ ਬੰਗਾ ਸ਼ਾਮਲ ਸਨ, ਨੂੰ ਸੂਡਾਨ ਦੇਸ਼ ਨਾਲ ਸਬੰਧਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫੜ ਲਿਆ ਸੀ। ਅਦਾਲਤ ਨੇ ਤਿੰਨਾਂ ਨੌਜਵਾਨਾਂ ਨੂੰ 25-25 ਸਾਲ ਦੀ ਸਜ਼ਾ ਸੁਣਾਈ ਸੀ। ਮਗਰੋਂ ਤਿੰਨਾਂ ਨੌਜਵਾਨਾਂ ਦੀ ਅਪੀਲ ‘ਤੇ ਅਦਾਲਤ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਇਨ੍ਹਾਂ ਦੀ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ। ਫੇਰ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਸੂਡਾਨ ਨਾਲ ਸਬੰਧਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਕਾਰਨ ਸਭ ਨੇ ਇਸ ਕੇਸ ਦੇ ਹੱਲ ਹੋਣ ਦੀ ਆਸ ਛੱਡ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਈਦ ਮੌਕੇ ਪਰਿਵਾਰ ਵੱਲੋਂ ਮੁੜ ਕੀਤੀ ਗਈ ਰਹਿਮ ਦੀ ਅਪੀਲ ‘ਤੇ ਅਦਾਲਤ ਵੱਲੋਂ ਤਿੰਨੋਂ ਨੌਜਵਾਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ। ਇਹ ਇੱਕ ਅਜਿਹਾ ਵਿਸ਼ੇਸ਼ ਕੇਸ ਸੀ, ਜਿਸ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਬਲੱਡ ਮਨੀ ਨਹੀਂ ਦਿੱਤੀ ਗਈ। ਇਸ ਮੌਕੇ ਸੁਖਵੀਰ ਦੀ ਮਾਂ ਕੁਲਦੀਪ ਕੌਰ, ਭੂਆ ਜਸਵੰਤ ਕੌਰ, ਹਰਜਿੰਦਰ ਸਿੰਘ, ਅਮਨਦੀਪ ਸਿੰਘ ਅਤੇ ਸਿਮਰਦੀਪ ਸਿੰਘ ਹਾਜ਼ਰ ਸਨ। ਉਨ੍ਹਾਂ ਸਾਰਿਆਂ ਨੇ ਡਾ. ਐੱਸਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ।

RELATED ARTICLES
POPULAR POSTS