Breaking News
Home / ਪੰਜਾਬ / ਪੰਜਾਬ ‘ਚ ਬਿਜਲੀ ਦੀ ਮੰਗ ਦੇ ਰਿਕਾਰਡ ਟੁੱਟੇ

ਪੰਜਾਬ ‘ਚ ਬਿਜਲੀ ਦੀ ਮੰਗ ਦੇ ਰਿਕਾਰਡ ਟੁੱਟੇ

16 ਹਜ਼ਾਰ ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਖਪਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਇਕ ਪਾਸੇ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਦੂਜੇ ਪਾਸੇ ਝੋਨੇ ਦੀ ਲੁਆਈ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ। ਇਸਦੇ ਚੱਲਦਿਆਂ ਬਿਜਲੀ ਦੀ ਮੰਗ ਵੀ ਬਹੁਤ ਜ਼ਿਆਦਾ ਵਧ ਗਈ ਹੈ। ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿਚ ਬਿਜਲੀ ਦੀ ਖਪਤ 16 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਕਦੀ ਵੀ ਬਿਜਲੀ ਦੀ ਏਨੀ ਜ਼ਿਆਦਾ ਡਿਮਾਂਡ ਨਹੀਂ ਹੋਈ ਹੈ। ਪਾਵਰਕੌਮ ਵਲੋਂ ਵੀ 16 ਹਜ਼ਾਰ ਮੈਗਾਵਾਟ ਬਿਜਲੀ ਦਾ ਇੰਤਜ਼ਾਮ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੂਨ ਮਹੀਨੇ ਵਿਚ ਹੀ ਬਿਜਲੀ ਦੀ ਖਪਤ ਇਕਦਮ ਵਧੀ ਹੈ। ਇਸ ਵਿਚ ਸਿੱਧੇ ਤੌਰ ‘ਤੇ 43 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਪੰਜਾਬ ਵਿਚ ਹਰ ਘਰ ਨੂੰ ਇਕ ਮਹੀਨੇ ਵਿਚ 300 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਅਤੇ ਲੋਕ ਇਸ ਕਰਕੇ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਆਉਣ ਵਾਲੇ ਸਮੇਂ ਪੰਜਾਬ ਵਿਚ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ। ਇਸਦੇ ਚੱਲਦਿਆਂ ਸੂਬਾ ਸਰਕਾਰ ਸਰਕਾਰੀ ਦਫਤਰਾਂ ਦੇ ਸਮੇਂ ਵਿਚ ਤਬਦੀਲੀ ਵੀ ਕਰ ਸਕਦੀ ਹੈ।
ਇਸ ਵੇਲੇ ਸੂਬੇ ਵਿਚਲੇ ਸਰਕਾਰੀ ਤੇ ਨਿੱਜੀ ਖੇਤਰ ਦੇ ਪੰਜ ਥਰਮਲ ਪਲਾਟਾਂ ਦੀਆਂ 15 ‘ਚੋਂ 14 ਯੂਨਿਟਾਂ ਚੱਲ ਰਹੀਆਂ ਹਨ। ਇਸ ‘ਚੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਚਾਰ ਯੂਨਿਟਾਂ ‘ਚੋਂ ਇਕ ਯੂਨਿਟ ਬੰਦ ਹੈ। ਇੱਥੇ ਦੀਆਂ ਬਾਕੀ ਤਿੰਨ ਯੂਨਿਟਾਂ ਵੱਲੋਂ 636 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟ 693 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ 409 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਦੂਜੇ ਪਾਸੇ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ 1,312 ਮੈਗਾਵਾਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟ 1,784 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਮੁਫਤ ਬਿਜਲੀ ਦੇਣ ਬਾਰੇ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਅਪੀਲ
ਚੰਡੀਗੜ੍ਹ : ਸੂਬੇ ਵਿੱਚ ਬਿਜਲੀ ਦੀ ਮੰਗ ਵਧਣ ‘ਤੇ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏਆਈਪੀਈਐੱਫ) ਨੇ ਚਿੰਤਾ ਪ੍ਰਗਟਾਈ ਹੈ। ਇਸ ਬਾਰੇ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਬਿਜਲੀ ਦੀ ਵਧ ਰਹੀ ਮੰਗ ਵੱਲ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 43 ਫ਼ੀਸਦ ਵਧ ਗਈ ਹੈ। ਫੈਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਸਬੰਧੀ ਪਾਲਿਸੀ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਘਟਾਉਣ ਲਈ ਸੂਬੇ ਦੇ ਦਫ਼ਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇ। ਇਸ ਤੋਂ ਇਲਾਵਾ ਸ਼ਾਪਿੰਗ ਮਾਲ ਤੇ ਦੁਕਾਨਾਂ ਦਾ ਸਮਾਂ ਸ਼ਾਮ 7 ਵਜੇ ਤੱਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਪਹਿਰ ਸਮੇਂ ਇੰਡਸਟਰੀ ਚਲਾਉਣ ‘ਤੇ ਪਾਬੰਦੀ ਲਾਈ ਜਾਵੇ ਅਤੇ ਬਿਜਲੀ ਚੋਰੀ ਦੇ ਮਾਮਲਿਆਂ ਨੂੰ ਐੱਨਐੱਸਏ ਅਧੀਨ ਲਿਆਂਦਾ ਜਾਵੇ। ਫੈਡਰੇਸ਼ਨ ਨੇ ਸੂਬੇ ਵਿੱਚ ਝੋਨੇ ਦੀ ਲੁਆਈ ਵੀ 25 ਜੂਨ ਤੱਕ ਟਾਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਫੈਡਰੇਸ਼ਨ ਨੇ ਕੇਂਦਰ ਸਰਕਾਰ ਤੋਂ ਵੀ ਪੰਜਾਬ ਵਿੱਚ ਬਿਜਲੀ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਕੇਂਦਰੀ ਪੂਲ ‘ਚੋਂ ਇਕ ਹਜ਼ਾਰ ਮੈਗਾਵਾਟ ਵਾਧੂ ਬਿਜਲੀ ਸਪਲਾਈ ਕਰਨ ਦੀ ਮੰਗ ਕੀਤੀ ਹੈ।

Check Also

ਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਧੱਕੇਸ਼ਾਹੀ ਕਰਨ ਦਾ ਲਗਾਇਆ ਆਰੋਪ

ਕਿਹਾ : ਚੋਣ ਲੜਨ ਵਾਲੇ ਇੱਛੁਕ ਉਮੀਦਵਾਰਾਂ ਨੂੰ ਨਹੀਂ ਦਿੱਤੀ ਜਾ ਰਹੀ ਐਨਓਸੀ ਲੁਧਿਆਣਾ/ਬਿਊਰੋ ਨਿਊਜ਼ …