-12.2 C
Toronto
Thursday, January 29, 2026
spot_img
Homeਪੰਜਾਬਸ਼੍ਰੋਮਣੀ ਅਕਾਲੀ ਦਲ ਵਲੋਂ ਕੋਰ ਕਮੇਟੀ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵਲੋਂ ਕੋਰ ਕਮੇਟੀ ਦਾ ਐਲਾਨ

ਜਗਮੀਤ ਬਰਾੜ ਨੂੰ ਕੋਰ ਕਮੇਟੀ ‘ਚ ਕੀਤਾ ਸ਼ਾਮਲ ਤੇ ਮਜੀਠੀਆ ਦੇ ਚਹੇਤੇ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਬਣਾਇਆ ਪ੍ਰਧਾਨ
ਬੀਬੀ ਜਗੀਰ ਕੌਰ ਨੂੰ ਮਿਲੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ। ਜਿਸ ਵਿਚ ਪਾਰਟੀ ਦੇ ਸਾਰੇ ਪੁਰਾਣੇ ਅਤੇ ਸੀਨੀਅਰ ਸਾਥੀਆਂ ਨੂੰ ਦੁਬਾਰਾ ਸ਼ਾਮਿਲ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਖੱਪਾ ਪੂਰਨ ਦਾ ਯਤਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਬਿਕਰਮ ਸਿੰਘ ਮਜੀਠੀਆ, ਹਰੀ ਸਿੰਘ ਜ਼ੀਰਾ, ਸ਼ਰਨਜੀਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਅਤੇ ਜਗਮੀਤ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦੀ ਹੀ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਰਾਜੂ ਖੰਨਾ ਵੀ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੀ ਦੌੜ ਵਿਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਟੀ ਦੇ ਐੱਸਸੀ ਵਿੰਗ ਦਾ ਦੁਬਾਰਾ ਪ੍ਰਧਾਨ ਅਤੇ ਐੱਨ ਕੇ ਸ਼ਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ਅਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਦੋ-ਦੋ ਅਹੁਦੇ ਮਿਲ ਗਏ ਹਨ। ਲੁਧਿਆਣਾ ਤੋਂ ਹੀਰਾ ਸਿੰਘ ਗਾਬੜੀਆ ਨੂੰ ਪਾਰਟੀ ਵਿਚ ਹਾਲੇ ਕੋਈ ਥਾਂ ਨਹੀਂ ਦਿੱਤੀ ਗਈ ਹੈ। ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਪਿਛਲੇ ਸਮੇਂ ਦੌਰਾਨ ਕਿਸੇ ਮਨ-ਮੁਟਾਵ ਕਰ ਕੇ ਬਹੁਤੇ ਸਰਗਰਮ ਨਹੀਂ ਸਨ। ਉਨ੍ਹਾਂ ਨੂੰ ਨਵੇਂ ਅਹੁਦੇ ਨਾਲ ਰਾਜ਼ੀ ਕਰਨ ਦਾ ਯਤਨ ਕੀਤਾ ਗਿਆ ਹੈ।

RELATED ARTICLES
POPULAR POSTS