ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਆਮ ਇਜਲਾਸ ਅਤੇ ਹੋਈ ਚੋਣ ਦੌਰਾਨ ਨਾਮਵਰ ਲੇਖਕ, ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਨਾਰਥਲ ਬਿਨ ਮੁਕਾਬਲਾ ਪ੍ਰਧਾਨ ਬਣੇ। ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਮਲਿਕ ਜਨਰਲ ਸਕੱਤਰ ਅਤੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਇਸੇ ਪ੍ਰਕਾਰ ਡਾ. ਗੁਰਮੇਲ ਸਿੰਘ ਅਤੇ ਮਨਜੀਤ ਕੌਰ ਮੀਤ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸਿੱਧੂ ਅਤੇ ਸਿਮਰਜੀਤ ਕੌਰ ਗਰੇਵਾਲ ਨੂੰ ਸਕੱਤਰ ਚੁਣਿਆ ਗਿਆ ਤੇ ਹਰਮਿੰਦਰ ਕਾਲੜਾ ਵਿੱਤ ਸਕੱਤਰ ਬਣੇ।
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਆਮ ਇਜਲਾਸ ਅਤੇ ਚੋਣ ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਹੁਰਾਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਸਮੁੱਚੇ ਇਜਲਾਸ ਦੀ ਕਾਰਵਾਈ ਚਲਾਉਂਦਿਆਂ ਭੁਪਿੰਦਰ ਮਲਿਕ ਹੁਰਾਂ ਨੇ ਪ੍ਰਧਾਨਗੀ ਮੰਡਲ ਵਿਚ ਮੁੱਖ ਚੋਣ ਅਧਿਕਾਰੀ ਪਿ੍ਰੰਸੀਪਲ ਗੁਰਦੇਵ ਕੌਰ ਪਾਲ, ਸਹਾਇਕ ਚੋਣ ਅਧਿਕਾਰੀ ਡਾ. ਬਲਦੇਵ ਸਿੰਘ ਖਹਿਰਾ ਹੁਰਾਂ ਦੇ ਨਾਲ ਪ੍ਰਧਾਨ ਚਲੇ ਆ ਰਹੇ ਬਲਕਾਰ ਸਿੰਘ ਸਿੱਧੂ ਤੇ ਸੀਨੀਅਰ ਵਾਈਸ ਵਾਈਸ ਪ੍ਰਧਾਨ ਦੀ ਸੇਵਾ ਨਿਭਾਉਂਦੇ ਰਹੇ ਅਵਤਾਰ ਸਿੰਘ ਪਤੰਗ ਹੁਰਾਂ ਨੂੰ ਮੰਚ ’ਤੇ ਸੁਸ਼ੋਭਿਤ ਕੀਤਾ। ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਭੁਪਿੰਦਰ ਸਿੰਘ ਮਲਿਕ ਹੁਰਾਂ ਨੇ ਸਭ ਤੋਂ ਪਹਿਲਾਂ ਸ਼ੋਕ ਮਤਾ ਪੇਸ਼ ਕਰਦਿਆਂ ਡਾ. ਸੁਰਜੀਤ ਪਾਤਰ, ਇਮਰੋਜ਼, ਕਹਾਣੀਕਾਰ ਸੁਖਜੀਤ, ਸੁਰਿੰਦਰ ਛਿੰਦਾ ਆਦਿ ਸਣੇ ਵਿਛੜੀਆਂ ਨਾਮਵਰ ਸਖਸ਼ੀਅਤਾਂ ਅਤੇ ਲੇਖਕ ਸਭਾ ਨਾਲ ਸਬੰਧਤ ਵਿਛੜੇ ਸਰਗਰਮ ਮੈਂਬਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਮੁੱਚੇ ਇਜਲਾਸ ’ਚ ਹਾਜ਼ਰ ਡੈਲੀਗੇਟਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਇਜਲਾਸ ਨੂੰ ਅੱਗੇ ਤੋਰਦਿਆਂ ਹੁਣ ਤੱਕ ਸਭਾ ਦੇ ਪ੍ਰਧਾਨ ਚਲੇ ਆ ਰਹੇ ਬਲਕਾਰ ਸਿੰਘ ਸਿੱਧੂ ਨੇ ਜਿੱਥੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਕਿਹਾ, ਚੋਣ ਅਧਿਕਾਰੀਆਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪੰਜਾਬੀ ਲੇਖਕ ਸਭਾ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਾਰਾ ਸਿਹਰਾ ਆਪਣੀ ਸਮੁੱਚੀ ਟੀਮ ਨੂੰ ਦਿੱਤਾ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਚਲੇ ਆ ਰਹੇ ਅਵਤਾਰ ਸਿੰਘ ਪਤੰਗ ਨੇ ਵੀ ਪੰਜਾਬੀ ਲੇਖਕ ਸਭਾ ਦੇ ਸਮੁੱਚੇ ਇਤਿਹਾਸ ਨਾਲ ਸਮੂਹ ਮੈਂਬਰਾਂ ਦੀ ਸਾਂਝ ਪੁਆਈ। ਇਸ ਉਪਰੰਤ ਭੁਪਿੰਦਰ ਸਿੰਘ ਮਲਿਕ ਹੁਰਾਂ ਨੇ ਬਤੌਰ ਜਨਰਲ ਸਕੱਤਰ ਸਭਾ ਦੇ ਦੋ ਵਰ੍ਹਿਆਂ ਦੀ ਸਮੁੱਚੀ ਕਾਰਜਗੁਜ਼ਾਰੀ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਅਤੇ ਉਨ੍ਹਾਂ ਦੇ ਨਾਲ ਹੀ ਸਭਾ ਦੇ ਵਿੱਤ ਸਕੱਤਰ ਵਜੋਂ ਹਰਮਿੰਦਰ ਸਿੰਘ ਕਾਲੜਾ ਹੁਰਾਂ ਨੇ ਦੋ ਵਰ੍ਹਿਆਂ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ।
ਚੋਣ ਪ੍ਰਕਿਰਿਆ ਸ਼ੁਰੂ ਕਰਦਿਆਂ ਮੁੱਖ ਚੋਣ ਅਧਿਕਾਰੀ ਪਿ੍ਰੰ. ਗੁਰਦੇਵ ਕੌਰ ਪਾਲ ਹੁਰਾਂ ਨੇ ਕਿਹਾ ਕਿ ਸਾਰੀ ਕਾਰਵਾਈ ਮੈਂ ਆਪਣੇ ਸਾਥੀ ਡਾ. ਬਲਦੇਵ ਸਿੰਘ ਖਹਿਰਾ ਹੁਰਾਂ ਨਾਲ ਮਿਲ ਅੱਗੇ ਵਧਾਈ ਅਤੇ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਪਿ੍ਰੰਸੀਪਲ ਗੁਰਦੇਵ ਕੌਰ ਪਾਲ ਨੇ ਦੱਸਿਆ ਕਿ ਪ੍ਰਧਾਨ, ਜਨਰਲ ਸਕੱਤਰ ਸਣੇ ਕੁੱਲ ਅੱਠ ਅਹੁਦੇਦਾਰੀਆਂ ਲਈ ਅੱਠ ਹੀ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਤੇ ਇੰਝ ਬਿਨ ਮੁਕਾਬਲਾ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਅੱਠੋਂ ਅਹੁਦੇਦਾਰ ਚੁਣੇ ਗਏ। ਚੁਣੇ ਅਹੁਦੇਦਾਰਾਂ ਦੇ ਨਾਮਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਭਾ ਦੇ ਅਗਲੇ ਦੋ ਸਾਲਾਂ ਲਈ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ, ਭੁਪਿੰਦਰ ਸਿੰਘ ਮਲਿਕ ਜਨਰਲ ਸਕੱਤਰ, ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ, ਡਾ. ਗੁਰਮੇਲ ਸਿੰਘ ਮੀਤ ਪ੍ਰਧਾਨ (1), ਮਨਜੀਤ ਕੌਰ ਮੀਤ ਪ੍ਰਧਾਨ (2), ਸੁਖਵਿੰਦਰ ਸਿੰਘ ਸਿੱਧੂ ਸਕੱਤਰ (1), ਸਿਮਰਜੀਤ ਕੌਰ ਗਰੇਵਾਲ ਸਕੱਤਰ (2) ਅਤੇ ਹਰਮਿੰਦਰ ਸਿੰਘ ਕਾਲੜਾ ਵਿੱਤ ਸਕੱਤਰ ਵਜੋਂ ਚੁਣੇ ਗਏ। ਚੁਣੇ ਅਹੁਦੇਦਾਰਾਂ ਦਾ ਜੰਗ ਬਹਾਦਰ ਗੋਇਲ, ਡਾ. ਦੀਪਕ ਮਨਮੋਹਨ ਸਿੰਘ, ਲਾਭ ਸਿੰਘ ਖੀਵਾ, ਸੁਸ਼ੀਲ ਦੁਸਾਂਝ, ਸਿਰੀਰਾਮ ਅਰਸ਼, ਗੁਰਮਿੰਦਰ ਸਿੱਧੂ, ਰਜਿੰਦਰ ਕੌਰ ਸਣੇ ਹੋਰ ਵੱਖੋ-ਵੱਖ ਲੇਖਕਾਂ, ਸਾਹਿਤਕਾਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ। ਇਜਲਾਸ ਦੇ ਆਖਰੀ ਪੜਾਅ ਦੌਰਾਨ ਇਸ ਸੁਚੱਜੀ ਚੋਣ ਪ੍ਰਕਿਰਿਆ ਨੂੰ ਚਲਾਉਣ ਦੇ ਲਈ ਸਭਾ ਦੀ ਪਿਛਲੀ ਸਾਰੀ ਟੀਮ ਨੂੰ ਜਿਸ ਦੀ ਅਗਵਾਈ ਬਲਕਾਰ ਸਿੱਧੂ ਕਰ ਰਹੇ ਸਨ ਲਾਭ ਸਿੰਘ ਖੀਵਾ ਅਤੇ ਡਾ. ਸ਼ਿੰਦਰ ਪਾਲ ਹੁਰਾਂ ਨੇ ਵਧਾਈ ਦਿੱਤੀ।
ਪ੍ਰਧਾਨ ਚੁਣੇ ਜਾਣ ਉਪਰੰਤ ਦੀਪਕ ਸ਼ਰਮਾ ਚਨਾਰਥਲ ਨੇ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਨੂੰ ਯਾਦ ਕਰਦਿਆਂ ਸਭਾ ਦੀ ਰਹਿਨੁਮਾਈ ਕਰਨ ਵਾਲੇ ਗੁਰਨਾਮ ਕੰਵਰ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਤੇ ਮੈਂ ਆਪ ਸਭ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਿਆਂ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਦੀ ਹੋਰ ਪ੍ਰਫੁੱਲਤਾ ਲਈ ਤਨਦੇਹੀ ਨਾਲ ਆਪਣਾ ਰੋਲ ਨਿਭਾਵਾਂਗਾ। ਉਨ੍ਹਾਂ ਸਭਨਾਂ ਦੀਆਂ ਵਧਾਈਆਂ ਕਬੂਲਦਿਆਂ ਕਿਹਾ ਕਿ ਅੱਜ ਪੰਜਾਬੀ ਅਤੇ ਪੰਜਾਬ ਮੂਹਰੇ ਵੱਡੀਆਂ ਚੁਣੌਤੀਆਂ ਹਨ ਜਿਸ ਦਾ ਅਸੀਂ ਦਿ੍ਰੜਤਾ ਨਾਲ ਮੁਕਾਬਲਾ ਕਰਨ ਲਈ ਤਿਆਰ ਹਾਂ। ਸਭਾਵਾਂ ਦੀ ਏਕਤਾ ਅਤੇ ਖੇਤਰੀ ਭਾਸ਼ਾਵਾਂ ਦੇ ਸੁਮੇਲ ਨਾਲ ਇਕਜੁੱਟਤਾ ਵੱਲ ਵੀ ਉਨ੍ਹਾਂ ਕਦਮ ਵਧਾਉਣ ਦਾ ਇਸ਼ਾਰਾ ਕੀਤਾ। ਅਖੀਰ ਵਿਚ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਇਜਲਾਸ ਵਿਚ ਡਾ. ਦੀਪਕ ਮਨਮੋਹਨ ਸਿੰਘ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਪ੍ਰੋ. ਦਿਲਬਾਗ ਸਿੰਘ, ਵਰਿੰਦਰ ਚੱਠਾ, ਡਾ. ਗੁਰਮਿੰਦਰ ਸਿੱਧ, ਲਾਭ ਸਿੰਘ ਲਹਿਲੀ, ਨਵਨੀਤ ਕੌਰ ਮਠਾੜੂ, ਰਜਿੰਦਰ ਕੌਰ, ਮਲਕੀਅਤ ਬਸਰਾ, ਸਿਰੀਰਾਮ ਅਰਸ਼, ਮਨਜੀਤ ਕੌਰ ਮੋਹਾਲੀ, ਸ਼ਾਇਰ ਭੱਟੀ, ਗੁਰਦੀਪ ਗੁਲ, ਪਰਮਜੀਤ ਪਰਮ, ਅਜੀਤ ਕੰਵਲ ਸਿੰਘ ਹਮਦਰਦ, ਡਾ. ਸ਼ਿੰਦਰਪਾਲ ਸਿੰਘ, ਰਮਨ ਸੰਧੂ, ਹਰਭਜਨ ਕੌਰ ਢਿੱਲੋਂ, ਸੁਰਜੀਤ ਕੌਰ ਬੈਂਸ, ਪੰਮੀ ਸਿੱਧੂ ਸੰਧੂ, ਡਾ. ਮਨਜੀਤ ਸਿੰਘ ਬੱਲ, ਸਰਿੰਦਰ ਗਿੱਲ, ਮਨਮੋਹਨ ਸਿੰਘ ਕਲਸੀ, ਸ਼ਮਸ਼ੀਲ ਸਿੰਘ ਸੋਢੀ, ਪਿਆਰਾ ਸਿੰਘ ਰਾਹੀ, ਜੈ ਸਿੰਘ ਛਿੱਬਰ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਪ੍ਰਭਜੋਤ ਕੌਰ ਢਿੱਲੋਂ, ਦੇਵੀ ਦਿਆਲ ਸ਼ਰਮਾ, ਕੰਵਲ ਜੀਤ ਕੰਵਲ, ਹਰਬੰਸ ਸੋਢੀ ਸਣੇ ਸਭਾ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।