Breaking News
Home / ਪੰਜਾਬ / 32 ਹਜ਼ਾਰ ਰੁਪਏ ਲਈ ਪਾਕਿ ਲਈ ਜਾਸੂਸੀ ਕਰਦਾ ਬੀਐੱਸਐੱਫ ਜਵਾਨ ਕਾਬੂ

32 ਹਜ਼ਾਰ ਰੁਪਏ ਲਈ ਪਾਕਿ ਲਈ ਜਾਸੂਸੀ ਕਰਦਾ ਬੀਐੱਸਐੱਫ ਜਵਾਨ ਕਾਬੂ

ਡੇਢ ਸਾਲ ਤੋਂ ਫਿਰੋਜ਼ਪੁਰ ‘ਚ ਸੀ ਤਾਇਨਾਤ, ਸੱਤ ਸਿਮ ਸਹਿਤ ਦੋ ਸਮਾਰਟਫੋਨ ਬਰਾਮਦ
ਫਿਰੋਜ਼ਪੁਰ : ਪੰਜਾਬ ਪੁਲਿਸ ਨੇ ਬੀਐੱਸਐੱਫ ਦੇ ਇਕ ਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਹੈ। ਸ਼ੇਖ ਰਿਆਜ਼ੂਦੀਨ ਉਰਫ਼ ਰਿਆਜ਼ ਨੂੰ ਬੀਐੱਸਐੱਫ ਨੇ ਕਈ ਦਿਨਾਂ ਦੀ ਨਿਗਰਾਨੀ ਪਿੱਛੋਂ ਫੜਿਆ। ਉਸ ਨੂੰ ਸ਼ਨਿਚਰਵਾਰ ਸ਼ਾਮ ਪੁਲਿਸ ਹਵਾਲੇ ਕੀਤਾ ਗਿਆ ਸੀ। ਦੋਸ਼ ਹੈ ਕਿ ਉਹ ਰੁਪਏ ਲੈ ਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੂੰ ਰਣਨੀਤਕ ਮਹੱਤਵਪੂਰਨ ਸੂਚਨਾਵਾਂ ਸੋਸ਼ਲ ਮੀਡੀਆ ਰਾਹੀਂ ਭੇਜ ਰਿਹਾ ਸੀ। ਖ਼ੁਫ਼ੀਆ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੇਖ ਰਿਆਜ਼ੂਦੀਨ ਦੇ ਸਾਲੇ ਸੱਦਾਮ ਦਾ ਮਹਾਰਾਸ਼ਟਰ ਦੇ ਕਿਲੀ ਥਰੂਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਵਿਚ ਤਿੰਨ ਟ੍ਰਾਂਜੈਕਸ਼ਨ ਰਾਹੀਂ ਪਾਕਿਸਤਾਨੀ ਏਜੰਟ ਤੋਂ 32 ਹਜ਼ਾਰ 200 ਰੁਪਏ ਮੰਗਵਾਏ। ਪੁਲਿਸ ਨੇ ਬੀਐੱਸਐੱਫ ਦੀ 29ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਰਾਜ ਕੁਮਾਰ ਦੀ ਰਿਪੋਰਟ ‘ਤੇ ਰਿਆਜ਼ੂਦੀਨ ਖ਼ਿਲਾਫ਼ 3/4 ਆਫੀਸ਼ੀਅਲ ਸੀਕਰੇਟ ਐਕਟ 1923 ਅਤੇ 3 ਨੈਸ਼ਨਲ ਸਕਿਓਰਿਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅੱਜ ਕੱਲ੍ਹ ਮਮਦੋਟ ਬੀਐੱਸਐੱਫ ਦਫ਼ਤਰ ਵਿਚ ਆਪਰੇਟਰ ਦੀ ਡਿਊਟੀ ‘ਤੇ ਤਾਇਨਾਤ ਸੀ। ਇਸ ਤੋਂ ਪਹਿਲੇ ਉਹ ਬਾਰਡਰ ‘ਤੇ ਵੀ ਤਾਇਨਾਤ ਰਿਹਾ ਹੈ। ਉਸ ਤੋਂ ਦੋ ਸਮਾਰਟਫੋਨ ਅਤੇ ਸੱਤ ਮੋਬਾਈਲ ਸਿਮ ਬਰਾਮਦ ਹੋਏ ਹਨ। ਸ਼ੇਖ ਰਿਆਜ਼ੂਦੀਨ ਦੀ ਬੀਐੱਸਐੱਫ ਨੇ ਸ਼ੱਕ ਦੇ ਆਧਾਰ ‘ਤੇ ਨਿਗਰਾਨੀ ਕੀਤੀ।
ਇੰਜ ਦੇ ਰਿਹਾ ਸੀ ਪਾਕਿ ਨੂੰ ਸੂਚਨਾਵਾਂ
ਦੋਸ਼ੀ ਸ਼ੇਖ ਰਿਆਜ਼ੂਦੀਨ ਕੁਝ ਸਮੇਂ ਤੋਂ ਬੀਐੱਸਐੱਫ ਦੀ ਅੰਦਰੂਨੀ, ਬਾਰਡਰ ‘ਤੇ ਲੱਗੀ ਤਾਰਬੰਦੀ, ਇਥੋਂ ਦੇ ਸੜਕੀ ਨੈੱਟਵਰਕ, ਯੂਨਿਟ ਦੇ ਅਧਿਕਾਰੀਆਂ ਦੇ ਮੋਬਾਈਲ ਨੰਬਰ ਆਦਿ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵ ਮਿਰਜ਼ਾ ਫੈਸਲ ਨਾਮਕ ਵਿਅਕਤੀ ਨੂੰ ਦੇ ਰਿਹਾ ਸੀ। ਉਸ ਤੋਂ ਇਕ ਪਾਕਟ ਡਾਇਰੀ ਵੀ ਬਰਾਮਦ ਹੋਈ ਹੈ। ਇਸ ‘ਚ ਪਾਕਿਸਤਾਨੀ ਤੇ ਭਾਰਤੀ ਅਧਿਕਾਰੀਆਂ ਦੇ ਨੰਬਰ ਲਿਖੇ ਹੋਏ ਹਨ।
ਪਹਿਲੇ ਵੀ ਆ ਚੁੱਕੇ ਹਨ ਮਾਮਲੇ
17 ਅਕਤੂਬਰ ਨੂੰ ਵੀ ਮੇਰਠ ਛਾਉਣੀ ਤੋਂ ਫ਼ੌਜ ਦੀ ਸਿਗਨਲ ਰੈਜੀਮੈਂਟ ਦੇ ਇਕ ਜਵਾਨ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਉਸ ‘ਤੇ ਵੀ ਪਾਕਿਸਤਾਨ ਲਈ ਜਾਣਕਾਰੀ ਇਕੱਤਰ ਕਰਨ ਅਤੇ ਸਾਂਝਾ ਕਰਨ ਦਾ ਦੋਸ਼ ਹੈ। 20 ਸਤੰਬਰ ਨੂੰ ਵੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰ ਰਹੇ ਬੀਐੱਸਐੱਫ ਜਵਾਨ ਅਚੂਤਾਨੰਦ ਮਿਸ਼ਰਾ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈਐੱਸਆਈ ਨੇ ਫੇਸਬੁੱਕ ‘ਤੇ ਔਰਤ ਦੀ ਫਰਜ਼ੀ ਆਈਡੀ ਰਾਹੀਂ ਅਚੂਤਾਨੰਦ ਨੂੰ ਆਪਣੇ ਜਾਲ ਵਿਚ ਫਸਾਇਆ ਸੀ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …