-13.9 C
Toronto
Monday, January 26, 2026
spot_img
Homeਪੰਜਾਬਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮਸ਼ਾਲ ਮਾਰਚ

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮਸ਼ਾਲ ਮਾਰਚ

ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੰਪਲੈਕਸ ਵਿਚ 1984 ਮੋਮਬੱਤੀਆਂ ਜਗਾ ਕੇ ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਇਥੇ ਦਲ ਖਾਲਸਾ ਸਿੱਖ ਜਥੇਬੰਦੀ ਵੱਲੋਂ ਮਸ਼ਾਲ ਮਾਰਚ ਕੱਢਿਆ ਗਿਆ । ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੰਪਲੈਕਸ ਵਿਚ 1984 ਮੋਮਬੱਤੀਆਂ ਜਗਾ ਕੇ ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ ਗਈ।
ਦਲ ਖਾਲਸਾ ਵੱਲੋਂ ਸਿੱਖ ਕਤਲੇਆਮ ਦੀ 34ਵੀਂ ਵਰ੍ਹੇ ਗੰਢ ਮੌਕੇ ਕੱਢੇ ਗਏ ਮਸ਼ਾਲ ਮਾਰਚ ਨੂੰ ‘ਹੱਕ, ਇਨਸਾਫ ਅਤੇ ਅਜ਼ਾਦੀ’ ਮਾਰਚ ਦਾ ਨਾਂ ਦਿੱਤਾ ਗਿਆ ਸੀ। ਆਗੂਆਂ ਨੇ ਆਖਿਆ ਕਿ ਇਹ ਘਟਨਾਵਾਂ ਨੇ ਸਿੱਖ ਕੌਮ ਦੀ ਰੂਹ ਨੂੰ ਜ਼ਖ਼ਮੀ ਕੀਤਾ ਹੈ ਅਤੇ ਕਦੇ ਨਾ ਭਰਨ ਵਾਲੇ ਜ਼ਖ਼ਮ ਦਿੱਤੇ ਹਨ। ਭੰਡਾਰੀ ਪੁਲ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਕੱਢੇ ਗਏ ਮਾਰਚ ਵਿਚ ਬੀਬੀਆਂ ਵੀ ਸ਼ਾਮਲ ਸਨ। ਕਾਰਕੁਨਾਂ ਨੇ ਮਸ਼ਾਲਾਂ, ਮੋਮਬੱਤੀਆਂ ਅਤੇ ਸਿੱਖ ਕਤਲੇਆਮ ਨੂੂੰ ਦਰਸਾਉਂਦੀਆਂ ਤਸਵੀਰਾਂ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਮਾਰਚ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਕਤਲੇਆਮ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ। ਇਹ ਅਰਦਾਸ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕੀਤੀ। ਉਪਰੰਤ ਇਥੇ ਹਰਿਮੰਦਰ ਸਾਹਿਬ ਦੇ ਮੁਖ ਪ੍ਰਵੇਸ਼ ਦੁਆਰ ਦੇ ਬਾਹਰ ਕਾਰਕੁਨਾਂ ਨੇ 1984 ਮੋਮਬਤੀਆਂ ਜਗਾਈਆਂ।
ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਿਛਲੇ 34 ਸਾਲਾਂ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿਚ ਸਿੱਖਾਂ ਨੂੰ ਨਿਆਂ ਨਹੀਂ ਦਿੱਤਾ ਜਾਵੇਗਾ, ਇਸ ਲਈ ਦਲ ਖਾਲਸਾ ਹੁਣ ਇਸ ਲੜਾਈ ਨੂੰ ਦਿੱਲੀ ਤੋਂ ਜਨੇਵਾ ਵਿਖੇ ਤਬਦੀਲ ਕਰੇਗਾ। ਉਨ੍ਹਾਂ ਆਖਿਆ ਕਿ ਜਲਦੀ ਹੀ ਸੰਯੁਕਤ ਰਾਸ਼ਟਰ ਦੇ ਦਿੱਲੀ ਸਥਿਤ ਦਫਤਰ ਵਿਖੇ ਇਸ ਸਬੰਧੀ ਇਕ ਪੱਤਰ ਅਤੇ ਮਸ਼ਾਲ ਮਾਰਚ ਦੀ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਆਖਿਆ ਕਿ ਜਥੇਬੰਦੀ ਚਾਹੁੰਦੀ ਹੈ ਕਿ ਨਵੰਬਰ 1984 ਸਿੱਖ ਕਤਲੇਆਮ ਦੀ ਕੌਮਾਂਤਰੀ ਜਾਂਚ ਹੋਵੇ।
ਇਹ ਮਾਮਲਾ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕਤਰ ਜਨਰਲ ਅੰਤੋਨੀਓ ਗੁਟੇਰੇਜ਼ ਜੋ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ, ਕੋਲ ਵੀ ਰੱਖਿਆ ਸੀ। ਪਾਰਟੀ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਸੰਯੁਕਤ ਰਾਸ਼ਟਰ ਵੀ ਚੁੱਪ ਹੈ ਪਰ ਸਿੱਖ ਜਥੇਬੰਦੀ ਸੰਯੁਕਤ ਰਾਸ਼ਟਰ ਨੂੰ ਮਜਬੂਰ ਕਰੇਗੀ ਕਿ ਉਹ ਪੱਖਪਾਤ ਤੇ ਭੇਦਭਾਵ ਵਾਲੀ ਨੀਤੀ ਛੱਡ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ। ਇਸ ਮਾਰਚ ਵਿਚ ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ, ਭਾਈ ਮੋਹਕਮ ਸਿੰਘ, ਸਿੱਖ ਕਤਲੇਆਮ ਦੀ ਗਵਾਹ ਬੀਬੀ ਜਗਦੀਸ਼ ਕੌਰ, ਕਾਸ਼ਤੀਵਾਲ ਟਰਸੱਟ ਦੀ ਬੀਬੀ ਸੰਦੀਪ ਕੌਰ, ਗੁਰਿੰਦਰਜੀਤ ਸਿੰਘ ਬਾਜਵਾ ਸਮੇਤ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਪਾਰਟੀ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ, ਜਸਬੀਰ ਸਿੰਘ ਤੇ ਹੋਰ ਹਾਜ਼ਰ ਸਨ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਿੱਖ ਕਤਲੇਆਮ ਖਿਲਾਫ ਪੰਜਾਬ ਭਰ ‘ਚ ਰੋਸ ਮੁਜ਼ਾਹਰੇ
ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਅਤੇ ਸਾਜ਼ਿਸ਼ਘਾੜਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਪੰਜਾਬ ਭਰ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਆਪਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸ ਨੂੰ ਪੂਰੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਲੁੱਟ-ਖੋਹ, ਜਾਇਦਾਦ ਦੀ ਸਾੜ-ਫੂਕ, ਔਰਤਾਂ ਨਾਲ ਬਲਾਤਕਾਰ ਤੇ ਹਮਲਿਆਂ ਦੀਆਂ ਘਟਨਾਵਾਂ ਪੁਲਿਸ ਦੀ ਮੌਜੂਦਗੀ ਵਿਚ ਵਾਪਰਨ ਤੇ ਸਿਆਸਤਦਾਨ ਹਮਲਾਵਰਾਂ ਨੂੰ ਛੁਡਵਾਉਣ ਆਉਣ ਅਤੇ ਜਦੋਂ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਦੇ ਮੁਕਾਬਲੇ ਵੱਧ ਹੋਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਹਮਲਾ ਕਰਨ ਵਾਲੇ ਗ਼ੈਰ-ਜਥੇਬੰਦ ਨਹੀਂ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਆਸੀ ਪੁਸ਼ਤ-ਪਨਾਹੀ ਮਿਲੀ ਹੋਈ ਸੀ। ਉਨ੍ਹਾਂ ਕਿਹਾ ਕਿ ਕਈ ਕਮਿਸ਼ਨ ਬਣਨ ਅਤੇ ਸੈਂਕੜੇ ਗਵਾਹੀਆਂ ਹੋਣ ਦੇ ਬਾਵਜੂਦ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਸਾਜ਼ਿਸ਼ਘਾੜੇ ਅੱਜ ਵੀ ਸ਼ਰ੍ਹੇਆਮ ਘੁੰਮ ਰਹੇ ਹਨ। ਕਈ-ਕਈ ਦਹਾਕੇ ਲੰਘ ਜਾਣ ‘ਤੇ ਵੀ ਇਨਸਾਫ਼ ਨਾ ਮਿਲਣਾ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਘੱਟ ਗਿਣਤੀਆਂ ਦੇ ਹੋਏ ਕਤਲੇਆਮ ਵਿਚ ਹਮੇਸ਼ਾ ਹੀ ਇਨਸਾਫ਼ ਮਿਲਣ ਵਿਚ ਦੇਰੀ ਹੋਈ ਹੈ।
ਬੇਅਦਬੀਆਂ ਦੇ ਜ਼ਿੰਮੇਵਾਰ ਬਾਦਲਾਂ ਨੂੰ 1984 ਦੇ ਇਨਸਾਫ ਲਈ ਧਰਨੇ ‘ਤੇ ਬੈਠਣ ਦਾ ਹੱਕ ਨਹੀਂ : ਸਰਨਾ
ਅੰਮ੍ਰਿਤਸਰ : ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਕਮੇਟੀ ‘ਤੇ ਕਾਬਜ਼ ਬਾਦਲ ਦਲ ਦੇ ਕਠਪੁਤਲੀ ਨੇਤਾਵਾਂ ਵਲੋਂ ਕੀਤਾ ਭ੍ਰਿਸ਼ਟਾਚਾਰ, ਘੁਟਾਲੇ ਅਤੇ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਜੱਗ ਜ਼ਾਹਰ ਹੋਣ ਤੋਂ ਬਾਅਦ ਬਾਦਲ ਦਲ ਸਿੱਖਾਂ ਵਿਚ ਆਪਣਾ ਸਿਆਸੀ, ਵਕਾਰੀ ਤੇ ਪੰਥਕ ਮਿਆਰ ਪੂਰੀ ਤਰ੍ਹਾਂ ਗੁਆ ਚੁੱਕਾ ਹੈ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਨਾਟਕ ਕਰਨ ਦੀ ਥਾਂ ਦਿੱਲੀ ਪੁਲਿਸ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਵਾਬ ਮੰਗਣ ਲਈ ਧਰਨਾ ਦੇਣ ਕਿ ਬਾਦਲ ਦਲ ਵਲੋਂ ਜਗਦੀਸ਼ ਟਾਈਟਲਰ ਦੇ 1984 ਸਿੱਖ ਨਸਲਕੁਸ਼ੀ ਵਿਚ ਸ਼ਾਮਲ ਹੋਣ ਦੇ ਸਬੂਤਾਂ ਦੀ ਵੀਡੀਓ ਸੀ.ਡੀ. ਸੌਂਪਣ ਤੋਂ ਬਾਅਦ ਅੱਜ ਤੱਕ ਟਾਈਟਲਰ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਹੋਈ। ਜਦਕਿ ਵੀਡੀਓ ਸੀਡੀ ਸੌਂਪਣ ਸਮੇਂ ਬਾਦਲ ਦਲ ਨੇ ਬੜੇ ਦਾਅਵੇ ਕੀਤੇ ਸਨ ਕਿ ਹੁਣ ਟਾਈਟਲਰ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਪਰੰਤੂ ਅਫਸੋਸ ਕਿ ਪੁਲਿਸ ਨੇ ਤਾਂ ਟਾਈਟਲਰ ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ। ਪੀੜਤਾਂ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਬਾਦਲ ਦੀ ਭਾਈਵਾਲ ਸਰਕਾਰ ਹੋਵੇ, ਦਿੱਲੀ ਪੁਲਿਸ ਉਸਦੇ ਅਧੀਨ ਹੋਵੇ ਤੇ ਟਾਈਟਲਰ ਦੇ ਖਿਲਾਫ ਪੁਖਤਾ ਵੀਡੀਓ ਸਬੂਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਬਾਦਲ ਦਲ ਤੇ ਭਾਜਪਾ 1984 ਸਿੱਖ ਨਸਲਕੁਸ਼ੀ ਦੇ ਪੀੜਛਾਂ ਨੂੰ ਇਨਸਾਫ ਨਹੀਂ ਦਿਵਾਉਣਾ ਚਾਹੁੰਦੇ ਬਲਕਿ ਇਸ ਮੁੱਦੇ ਨੂੰ ਆਪਣੇ ਸਿਆਸੀ ਫਾਇਦੇ ਲਈ ਵਰਤ ਕੇ ਸਿੱਖਾਂ ਦੇ ਜਜਬਾਤਾਂ ਨੂੰ ਭੜਕਾ ਕੇ ਆਪਣੇ ਸਿਆਸੀ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਜੀਕੇ ਨੂੰ ਕਿਹਾ ਕਿ ਉਹ ਬਾਦਲ ਦਲ ਵਲੋਂ ਦਿੱਲੀ ਕੇਟੀ ਦੇ ਖਜ਼ਾਨੇ ਤੇ ਸੰਸਥਾਨਾਂ ਦੀ ਕੀਤੀ ਲੁੱਟ ਖਸੁੱਟ ਤੇ ਕਮੇਟੀ ਨੂੰ ਕਰਜ਼ਾਈ ਬਣਾਉਣ ਬਾਰੇ ਸੰਗਤਾਂ ਨੂੰ ਸਪੱਸ਼ਟੀਕਰਨ ਦੇਣ।
’84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਤੋਂ ਬਹੁਤੇ ਤੇ ਦਿੱਲੀ ਤੋਂ ਬਹੁਤ ਹੀ ਘੱਟ ਆਏ ਅਕਾਲੀ ਕਾਰਕੁਨਾਂ ਵੱਲੋਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੱਢਿਆ ਗਿਆ ਤੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ ਗਏ। ਅਕਾਲੀਆਂ ਵੱਲੋਂ ਸਿੱਖਾਂ ਨੂੰ 34 ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਕਰਕੇ ਮੁਜ਼ਾਹਰਾ ਕੀਤਾ ਗਿਆ ਤੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ।
ਗੁਰਦੁਆਰਾ ਰਕਾਬ ਗੰਜ ਤੋਂ ਮਾਰਚ ਰਵਾਨਾ ਹੋ ਕੇ ਰਕਾਬਗੰਜ ਰੋਡ ਤੋਂ ਰਫ਼ੀ ਮਾਰਗ ਹੁੰਦਾ ਹੋਇਆ ਪ੍ਰੈਸ ਕਲੱਬ ਨੇੜੇ ਪੁੱਜਾ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਹ ਮਾਰਚ ਲਾਲ ਬਹਾਦਰ ਸ਼ਾਸਤਰੀ ਦੇ ਸਮਾਰਕ ਨੇੜੇ ਦਿੱਲੀ ਪੁਲਿਸ ਵੱਲੋਂ ਅਕਬਰ ਰੋਡ ਉਪਰ ਗਾਂਧੀ ਦੇ ਘਰ ਤੋਂ ਪਹਿਲਾਂ ਹੀ ਡੱਕ ਲਿਆ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀ.ਕੇ. ਮਨਜਿੰਦਰ ਸਿੰਘ ਸਿਰਸਾ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ ਤੇ ਹੋਰ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਤੁਗ਼ਲਕ ਰੋਡ ਥਾਣੇ ਲਿਜਾ ਕੇ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ। ਬਾਦਲ ਤੇ ਸਾਥੀਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਪੁਤਲੇ ਸਾੜੇ ਤੇ ਇੱਕ ਪੁਤਲਾ ਫਾਹੇ ਲਾ ਕੇ ਰੋਸ ਜ਼ਾਹਰ ਕੀਤਾ। ਬਾਦਲ ਨੇ ਕਿਹਾ ਕਿ ਨਵੰਬਰ 1984 ਸਿੱਖ ਕਤਲੇਆਮ, ਦੰਗੇ ਨਹੀਂ ਸੀ ਸਗੋਂ ਕਾਂਗਰਸ ਨੇ ਬੇਕਸੂਰ ਸਿੱਖ ਮਾਰੇ ਸਨ। ਸੱਚ ਦੀ ਕੰਧ ਵਿਖੇ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਹੈ।
ਹੋਰ ਬੁਲਾਰਿਆਂ ਨੇ ਵੀ ਕਾਂਗਰਸ ਦੀ ਹੀ ਭੰਡੀ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਗ੍ਰਿਫ਼ਤਾਰੀ ਦਿੱਤੀ ਤੇ ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਸੀਬੀਆਈ ਦੀ ਢਿੱਲੀ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਮੰਗੀ ਸੀ ਜਿਸ ‘ਤੇ ਮੋਦੀ ਸਰਕਾਰ ਨੇ ਦੁਬਾਰਾ ਕਲੋਰਜ਼ ਹਟਵਾਇਆ ਤੇ ਦੁਬਾਰਾ ਗਵਾਹੀਆਂ ਦਿੱਤੀਆਂ ਗਈਆਂ। ਮਾਰਚ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਿਧਾਇਕਾਂ ਨੇ ਭੀੜ ਇੱਕਠੀ ਕਰਨ ਵਿੱਚ ਭੂਮਿਕਾ ਨਿਭਾਈ।

RELATED ARTICLES
POPULAR POSTS