ਕਿਹਾ : ਜੇ ਅੱਗੇ ਤੋਂ ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਆਗੂ ਹਰਿੰਦਰ ਕਾਹਲੋਂ ਵੱਲੋਂ ਕਿਸਾਨਾਂ ’ਤੇ ਕੀਤੀ ਗਈ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਕਾਹਲੋਂ ਵੱਲੋਂ ਕੀਤੀ ਗਈ ਟਿੱਪਣੀ ਦਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਰਾਰ ਜਵਾਬ ਦਿੱਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਹਲੋਂ ਨੇ ਕਿਹਾ ਸੀ ਕਿ ਜੇ ਮੈਂ ਮੋਦੀ ਦੀ ਜਗ੍ਹਾ ਹੁੰਦਾ ਤਾਂ ਕਿਸਾਨਾਂ ਦੀਆਂ ਹੱਡੀਆਂ ਤੋੜ ਕੇ ਭਜਾ ਦਿੰਦਾ। ਰਾਜੇਵਾਲ ਨੇ ਕਾਹਲੋਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੇਰੇ ਵਾਂਗ ਭੌਂਕਣ ਵਾਲੇ ਕਈ ਆ ਚੁੱਕੇ ਹਨ ਪ੍ਰੰਤੂ ਕਿਸਾਨ ਅੰਦੋਲਨ ਨੂੰ ਠੰਢਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਅਜਿਹੀ ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਵੇਗੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਅੰਦੋਲਨ ਸਾਡੀ ਰੋਜ਼ੀ ਰੋਟੀ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਏ ਨੂੰ 74 ਸਾਲ ਹੋ ਗਏ ਹਨ ਪ੍ਰੰਤੂ ਦੇਸ਼ ’ਚੋਂ ਅਜੇ ਤੱਕ ਬੇਰੁਜ਼ਗਾਰੀ, ਗਰੀਬੀ ਨੂੰ ਖਤਮ ਨਹੀਂ ਕੀਤਾ ਜਾ ਸਕਿਆ, ਜੇਕਰ ਲੋਕ ਹੁਣ ਇਨ੍ਹਾਂ ਆਗੂਆਂ ਨੂੰ ਸਵਾਲ ਕਰਨ ਲੱਗੇ ਹਨ ਤਾਂ ਇਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ ਪ੍ਰੰਤੂ ਹੁਣ ਇਹ ਡਰਾਮਾ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਜੇਕਰ ਅੰਦੋਲਨ ਦੀ ਜਿੱਤ ਵੀ ਹੋ ਜਾਂਦੀ ਹੈ ਤਾਂ ਜਾਗਰੂਕ ਲੋਕਾਂ ਦੇ ਸਵਾਲਾਂ ਦੇ ਜਵਾਬ ਰਾਜਨੀਤਿਕ ਆਗੂਆਂ ਨੂੰ ਦੇਣੇ ਹੀ ਪੈਣਗੇ।