Breaking News
Home / ਭਾਰਤ / ਦਿੱਲੀ ਤੇ ਰਾਜਸਥਾਨ ਵਿੱਚ ਮੁੜ ਲੱਗਿਆ ਲਾਕਡਾਊਨ

ਦਿੱਲੀ ਤੇ ਰਾਜਸਥਾਨ ਵਿੱਚ ਮੁੜ ਲੱਗਿਆ ਲਾਕਡਾਊਨ

ਦਿੱਲੀ ‘ਚ ਛੇ ਦਿਨ ਅਤੇ ਰਾਜਸਥਾਨ ‘ਚ 15 ਦਿਨ ਜਾਰੀ ਰਹਿਣਗੀਆਂ ਪਾਬੰਦੀਆਂ
ਨਵੀਂ ਦਿੱਲੀ : ਕਰੋਨਾ ਕਾਰਨ ਹਾਲਾਤ ਵਿਗੜਨ ਮਗਰੋਂ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ‘ਚ ਛੇ ਦਿਨਾਂ ਲਈ ਜਦਕਿ ਰਾਜਸਥਾਨ ਸਰਕਾਰ ਨੇ ਸੂਬੇ ‘ਚ 15 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ। ਉੱਧਰ ਅਲਾਹਾਬਾਦ ਹਾਈਕੋਰਟ ਯੂਪੀ ਦੇ ਪੰਜ ਸ਼ਹਿਰ ‘ਚ ਲਾਕਡਾਊਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਰਾਤ ਦਸ ਵਜੇ ਤੋਂ 26 ਅਪਰੈਲ ਸਵੇਰੇ ਪੰਜ ਵਜੇ ਤੱਕ ਛੇ ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇੱਥੇ ਦਵਾਈਆਂ, ਬੈੱਡਾਂ, ਆਈਸੀਯੂ ਅਤੇ ਆਕਸੀਜਨ ਦੀ ਗੰਭੀਰ ਘਾਟ ਹੈ।
ਅਜਿਹੇ ‘ਚ ਸਿਹਤ ਪ੍ਰਣਾਲੀ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਲਾਕਡਾਊਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦਾ ਫ਼ੈਸਲਾ ਲੈਣਾ ਸੌਖਾ ਨਹੀਂ ਸੀ। ਉਨ੍ਹਾਂ ਪਰਵਾਸੀਆਂ ਮਜ਼ਦੂਰਾਂ ਤੇ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਛੱਡ ਕੇ ਨਾ ਜਾਣ ਅਤੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਚੰਗੀ ਤਰ੍ਹਾਂ ਸੰਭਾਲ ਕਰੇਗੀ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਚੱਲਦੀਆਂ ਰਹਿਣਗੀਆਂ। ਇਸ ਦੌਰਾਨ ਉਨ੍ਹਾਂ ਦੀ ਸਰਕਾਰ ਸਿਹਤ ਪ੍ਰਣਾਲੀ ‘ਚ ਸੁਧਾਰ ਲਿਆਏਗੀ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਵਿਆਹ ਨਾਲ ਸਬੰਧਤ ਸਮਾਗਮਾਂ ਲਈ ਲੋਕਾਂ ਨੂੰ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਕਿਸੇ ਵਿਆਹ ‘ਚ ਸਿਰਫ਼ 50 ਜਣਿਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਉਨ੍ਹਾਂ ਵਿਆਹ ਦੇ ਕਾਰਡ ਦੀ ਸਾਫਟ ਜਾਂ ਹਾਰਡ ਕਾਪੀ ਦਿਖਾਉਣੀ ਪਵੇਗੀ। ਹੁਕਮਾਂ ਅਨੁਸਾਰ ਸਸਕਾਰ ਮੌਕੇ 20 ਜਣਿਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਸੂਬੇ ‘ਚ 19 ਅਪ੍ਰੈਲ ਤੋਂ 3 ਮਈ ਤੱਕ 15 ਰੋਜ਼ਾ ਲਾਕਡਾਊਨ ਦਾ ਐਲਾਨ ਕੀਤਾ ਹੈ। ਉੱਧਰ ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਪੰਜ ਸ਼ਹਿਰਾਂ ਪ੍ਰਯਾਗਰਾਜ, ਲਖਨਊ, ਵਾਰਾਣਸੀ, ਕਾਨਪੁਰ ਨਗਰ ਅਤੇ ਗੋਰਖਪੁਰ ‘ਚ 26 ਅਪਰੈਲ ਤੱਕ ਲੌਕਡਾਊਨ ਦੇ ਨਿਰਦੇਸ਼ ਸੂਬਾ ਸਰਕਾਰ ਨੂੰ ਦਿੱਤੇ ਹਨ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …