ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ ਬਾਰੇ ਕੀਤੇ ਗਏ ਐਲਾਨਾਂ ਨੂੰ ਲੈ ਕੇ ਪਾਕਿਸਤਾਨ ਵਿਚ ਹਲਚਲ ਵਾਲਾ ਮਾਹੌਲ ਬਣ ਗਿਆ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਨੇ ਭਾਰਤ ਦੇ ਫੈਸਲਿਆਂ ਨੂੰ ‘ਗੈਰਕਾਨੂੰਨੀ’ ਅਤੇ ‘ਇਕਤਰਫ਼ਾ’ ਦੱਸਦਿਆਂ ਆਪਣੇ ਕੋਲ ਮੌਜੂਦ ਸਾਰੇ ਹੀਲੇ ਵਰਤਣ ਦੀ ਗੱਲ ਕਹੀ। ਭਾਰਤ ਦੇ ਇਸ ਕਦਮ ਬਾਰੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ”ਜੰਮੂ ਕਸ਼ਮੀਰ ਨੂੰ ਕੌਮਾਂਤਰੀ ਪੱਧਰ ‘ਤੇ ਵਿਵਾਦਿਤ ਖੇਤਰ ਵਜੋਂ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਚੁੱਕਿਆ ਗਿਆ ਕੋਈ ਵੀ ਇਕਪਾਸੜ ਕਦਮ ਇਸ ਵਿਵਾਦਿਤ ਦਰਜੇ, ਜਿਸ ਦਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਜ਼ਿਕਰ ਹੈ, ਨੂੰ ਬਦਲ ਨਹੀਂ ਸਕਦਾ। ਨਾ ਹੀ ਇਹ ਕਦੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਮਨਜ਼ੂਰ ਹੋਵੇਗਾ।” ਭਾਰਤ ਸਰਕਾਰ ਵਲੋਂ ਕਸ਼ਮੀਰ ਬਾਰੇ ਕੀਤੇ ਗਏ ਐਲਾਨਾਂ ਦੀ ਕਰੜੀ ਨਿੰਦਾ ਕਰਦਿਆਂ ਪਾਕਿਸਤਾਨ ਵਲੋਂ ਬਿਆਨ ਰਾਹੀਂ ਇਨ੍ਹਾਂ ਐਲਾਨਾਂ ਨੂੰ ਰੱਦ ਕੀਤਾ ਗਿਆ ਹੈ। ਬਿਆਨ ਵਿੱਚ ਅੱਗੇ ਕਿਹਾ, ”ਇਸ ਕੌਮਾਂਤਰੀ ਵਿਵਾਦ ਦਾ ਹਿੱਸਾ ਹੋਣ ਕਾਰਨ ਪਾਕਿਸਤਾਨ ਇਨ੍ਹਾਂ ਗੈਰਕਾਨੂੰਨੀ ਕਦਮਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਹੀਲੇ ਵਰਤੇਗਾ।”
ਧਾਰਾ 370 ਹਟਾਉਣ ਦਾ ਫ਼ੈਸਲਾ ਲੋਕਤੰਤਰ ਲਈ ਕਾਲਾ ਦਿਨ: ਅਮਰਿੰਦਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਅਤੇ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡੇ ਜਾਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਗ਼ੈਰ-ਸੰਵਿਧਾਨਕ ਅਤੇ ਭਾਰਤੀ ਜਮਹੂਰੀਅਤ ਲਈ ਕਾਲਾ ਦਿਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੁਲਕ ਦੇ ਜਮਹੂਰੀ ਢਾਂਚੇ ਦਾ ਮਲੀਆਮੇਟ ਕਰਨ ਦੇ ਨਾਲ ਸੰਵਿਧਾਨਕ ਨਿਯਮਾਂ ਦੀਆਂ ਧੱਜੀਆਂ ਵੀ ਉਡਾ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਈ ਕਾਨੂੰਨੀ ਪ੍ਰਕਿਰਿਆ ਅਪਣਾਏ ਬਿਨਾ ਹੀ ਭਾਰਤ ਦਾ ਸੰਵਿਧਾਨ ਮੁੜ ਤੋਂ ਲਿਖ ਦਿੱਤਾ। ‘ਅਜਿਹੇ ਇਤਿਹਾਸਕ ਫ਼ੈਸਲੇ ਨੂੰ ਆਪਹੁਦਰੇ ਢੰਗ ਨਾਲ ਨਹੀਂ ਥੋਪਣਾ ਚਾਹੀਦਾ ਸੀ। ਇਸ ਕਦਮ ਨਾਲ ਮਾੜੀ ਰਵਾਇਤ ਪੈਦਾ ਹੋਵੇਗੀ ਕਿਉਂਕਿ ਕੇਂਦਰ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਮੁਲਕ ਦੇ ਕਿਸੇ ਵੀ ਸੂਬੇ ਦਾ ਪੁਨਰਗਠਨ ਕਰ ਸਕਦਾ ਹੈ।’ ਮੁੱਖ ਮੰਤਰੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਇਕਪਾਸੜ ਫ਼ੈਸਲੇ ਤੋਂ ਪਹਿਲਾਂ ਨਾ ਤਾਂ ਕਿਸੇ ਭਾਈਵਾਲ ਨੂੰ ਭਰੋਸੇ ਵਿੱਚ ਲਿਆ ਅਤੇ ਨਾ ਹੀ ਹੋਰ ਸਿਆਸੀ ਪਾਰਟੀਆਂ ਨਾਲ ਇਸ ਬਾਬਤ ਵਿਚਾਰ-ਚਰਚਾ ਕੀਤੀ।ਕਸ਼ਮੀਰ ਦੇ ਸਿਆਸੀ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਨ ਦੇ ਕਦਮ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਅਵਾਜ਼ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਗਿਆ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਪੰਜਾਬ ਵਿਚ ਜਸ਼ਨ ਮਨਾਉਣ ਅਤੇ ਪ੍ਰਦਰਸ਼ਨਾਂ ‘ਤੇ ਰੋਕ ਲਾਈ
ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਣ ਅਤੇ ਧਾਰਾ 370 ਹਟਾਏ ਜਾਣ ਦੇ ਫ਼ੈਸਲੇ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕਿਸੇ ਤਰ੍ਹਾਂ ਦੇ ਜਸ਼ਨ ਮਨਾਉਣ ਜਾਂ ਪ੍ਰਦਰਸ਼ਨ ਕਰਨ ‘ਤੇ ਰੋਕ ਲਾ ਦਿੱਤੀ ਹੈ। ਸਰਹੱਦ ‘ਤੇ ਵੱਧ ਰਹੇ ਤਣਾਅ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਲਈ ਪੰਜਾਬ ਪੁਲਿਸ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮੀਟਿੰਗ ਕਰਕੇ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਵੀ ਲਿਆ। ਮੀਟਿੰਗ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਹਰਿਆਣਾ ‘ਚ ਹਾਈ ਅਲਰਟ, 17 ਅਗਸਤ ਤੱਕ ਭੀੜ ਵਾਲੇ ਇਲਾਕਿਆਂ ‘ਚ ਤੈਨਾਤ ਰਹੇਗੀ ਪੁਲਿਸ
ਚੰਡੀਗੜ੍ਹ : ਜੰਮੂ ਕਸ਼ਮੀਰ ਵਿਚ ਧਾਰਾ 370 ਮਨਸੂਖ ਕਰਨ ਦੇ ਮੱਦੇਨਜ਼ਰ ਹਰਿਆਣਾ ਵਿਚ ਸ਼ਾਂਤੀ ਬਣਾਈ ਰੱਖਣ ਲਈ ਪ੍ਰਮੁੱਖ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ 17 ਅਗਸਤ ਤੱਕ ਭੀੜ ਵਾਲੇ ਇਲਾਕਿਆਂ ਵਿਚ ਪੁਲਿਸ ਤੈਨਾਤ ਰਹੇਗੀ। ਨਾਲ ਹੀ ਜੰਮੂ ਕਸ਼ਮੀਰ ਦੇ ਵਿਅਕਤੀਆਂ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਲਈ ਸੁਰੱਖਿਆ ਸਖਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਸਿੰਘ ਵਿਰਕ ਨੇ ਦੱਸਿਆ ਕਿ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ
ਹਿਮਾਚਲ ‘ਚ ਵੀ ਚੌਕਸੀ
ਜੰਮੂ ਕਸ਼ਮੀਰ ਘਟਨਾਕ੍ਰਮ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਡਾਇਰੈਕਟਰ ਜਨਰਲ ਆਫ਼ ਪੁਲਿਸ ਸੀਤਾ ਰਾਮ ਮਰਦੀ ਨੇ ਦੱਸਿਆ ਕਿ 12 ਜ਼ਿਲ੍ਹਿਆਂ ਦੇ ਸਾਰੇ ਐਸ. ਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਸ਼ਮੀਰੀ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਕਸ਼ਮੀਰੀ ਪੰਡਤਾਂ ‘ਚ ਖੁਸ਼ੀ ਦੀ ਲਹਿਰ, ਵਾਪਸੀ ਦੀ ਬੱਝੀ ਆਸ
ਨਵੀਂ ਦਿੱਲੀ : ਸਾਲ 1990 ਵਿੱਚ ਕਸ਼ਮੀਰ ਵਾਦੀ ਵਿਚੋਂ ਘਰੋਂ ਬੇਘਰ ਕੀਤੇ ਕਸ਼ਮੀਰੀ ਪੰਡਿਤਾਂ ਨੇ ਸੂਬੇ ਵਿਚੋਂ ਧਾਰਾ 370 ਨੂੰ ਮਨਸੂਖ਼ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਨਾਲ ਖਿੱਤੇ ਵਿੱਚ ਅਮਨ ਦਾ ਪਸਾਰਾ ਹੋਵੇਗਾ ਤੇ ਉਨ੍ਹਾਂ ਦੀ ਪੂਰੇ ਮਾਣ ਸਨਮਾਨ ਨਾਲ ਘਰਾਂ ਨੂੰ ਵਾਪਸੀ ਲਈ ਰਾਹ ਪੱਧਰਾ ਹੋਵੇਗਾ। ਕੁਲ ਆਲਮ ਵਿੱਚ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਗਲੋਬਲ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਪੀਡੀ) ਨੇ ਕਿਹਾ ਕਿ ਕੇਦਰ ਸਰਕਾਰ ਦੇ ਇਸ ਫ਼ੈਸਲੇ ਨੇ ਸਾਂਝੇ ਭਾਰਤ ਦੀ ਖੇਤਰੀ, ਸਿਆਸੀ ਤੇ ਸਭਿਆਚਾਰਕ ਏਕਤਾ ਨੂੰ ਪੱਕਿਆਂ ਕੀਤਾ ਹੈ।
ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ ਕਿ 5 ਅਗਸਤ 2019 ਦੇ ਦਿਨ ਨੂੰ ਇਤਿਹਾਸ ਵਿੱਚ ਸੰਸਦ ਦੀ ਸਾਂਝੇ ਭਾਰਤ ‘ਤੇ ਪ੍ਰਭੂਸੱਤਾ ਦੀ ਮੋਹਰ ਵਜੋਂ ਵੇਖਿਆ ਜਾਵੇਗਾ। ਬਿਆਨ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਇਥੋਂ ਕੱਢੇ ਕਸ਼ਮੀਰੀ ਪੰਡਿਤਾਂ ਨੇ ਇਸ ਗੱਲੋਂ ਰਾਹਤ ਦਾ ਸਾਹ ਲਿਆ ਹੈ ਕਿ ਉਨ੍ਹਾਂ ਦੀ ਪਛਾਣ, ਸਭਿਆਚਾਰ ਤੇ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ਚਿਰ ਸਥਾਈ ਬਣਾਉਣ ਲਈ ਕੇਂਦਰ ਸ਼ਾਸਤ ਪ੍ਰਬੰਧ ਅਧੀਨ ਪੂਰੀ ਸੁਰੱਖਿਆ ਮਿਲੇਗੀ। ਜੰਮੂ ਤੇ ਕਸ਼ਮੀਰ ਵਿਚਾਰ ਮੰਚ ਦੇ ਪ੍ਰਧਾਨ ਮਨੋਜ ਭਾਨ ਨੇ ਕਿਹਾ ਕਿ ਭਾਈਚਾਰੇ ਨੂੰ ਆਸ ਹੈ ਕਿ ਮੋਦੀ ਸਰਕਾਰ ਵਾਦੀ ਵਿੱਚ ਉਨ੍ਹਾਂ ਦੀ ਵਾਪਸੀ ਲਈ ਜਲਦੀ ਹੀ ਕੋਈ ਰੂਪ-ਰੇਖਾ ਉਲੀਕੇਗੀ।
ਜੰਮੂ ਕਸ਼ਮੀਰ ‘ਚ ਫੌਜ, ਅਰਧ ਸੈਨਿਕ ਬਲ ਅਤੇ ਸੂਬਾ ਪੁਲਿਸ ਦੇ ਕਰੀਬ 7 ਲੱਖ 78 ਹਜ਼ਾਰ ਜਵਾਨ ਤੈਨਾਤ
ਜੰਮੂ ਕਸ਼ਮੀਰ ‘ਚ ਚੱਪੇ-ਚੱਪੇ ‘ਤੇ ਸੁਰੱਖਿਆ ਜਵਾਨਾਂ ਦਾ ਪਹਿਰਾ
ਸੀਆਰਪੀਐਫ ਦੀਆਂ 40 ਹੋਰ ਕੰਪਨੀਆਂ ਪਹੁੰਚੀਆਂ
ਸੰਸਦ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਨੂੰ ਲੈ ਕੇ ਬਹਿਸ ਕਰ ਰਹੇ ਸਨ ਤਾਂ ਰਾਜ ਵਿਚ ਫੌਜ ਅਤੇ ਪੁਲਿਸ ਦੇ ਜਵਾਨ ਪੂਰੀ ਮੁਸ਼ਤੈਦੀ ਨਾਲ ਸੁਰੱਖਿਆ ਵਿਚ ਤੈਨਾਤ ਸਨ। ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵਿਚ ਫੌਜ, ਅਰਧ ਸੈਨਿਕ ਬਲ ਅਤੇ ਸੂਬੇ ਦੀ ਪੁਲਿਸ ਬਲ ਦੇ ਕਰੀਬ 7 ਲੱਖ 78 ਹਜ਼ਾਰ ਜਵਾਨ ਤੈਨਾਤ ਹਨ। ਸੂਬੇ ਦੀ ਅਬਾਦੀ ਕਰੀਬ 1 ਕਰੋੜ 25 ਲੱਖ ਹੈ, ਇਸ ਲਿਹਾਜ਼ ਨਾਲ ਸੂਬੇ ਵਿਚ ਹਰ 16 ਵਿਅਕਤੀਆਂ ਪਿੱਛੇ ਇਕ ਦਾ ਇਕ ਜਵਾਨ ਤੈਨਾਤ ਹੈ। ਇਸਦੇ ਚੱਲਦਿਆਂ ਜੰਮੂ ਕਸ਼ਮੀਰਵਿਚ ਐਤਵਾਰ ਅੱਧੀ ਰਾਤ ਤੋਂ ਧਾਰਾ 144 ਲਾਗੂ ਹੋ ਗਈ ਹੈ। ਰਾਜ ਵਿਚ ਬਾਹਰ ਤੋਂ ਪਹੁੰਚੇ ਯਾਤਰੀ ਜੰਮੂ ਵਿਚ ਫਸੇ ਰਹੇ। ਸੜਕਾਂ ‘ਤੇ ਸੰਨਾਟਾ ਫੈਲਿਆ ਰਿਹਾ, ਹਾਲਾਂਕਿ ਜੰਮੂ ਅਤੇ ਲੱਦਾਖ ਵਿਚ ਲੋਕ ਢੋਲ ਵਜਾ ਕੇ ਜਸ਼ਨ ਵੀ ਮਨਾਉਂਦੇ ਰਹੇ। ਪੂਰੇ ਸੂਬੇ ਵਿਚ ਮੋਬਾਇਲ ਅਤੇ ਇੰਟਰਨੈਟ ਸੇਵਾ ਬੰਦ ਰਹੀ। ਸਾਰੇ ਇਲਾਕਿਆਂ ਵਿਚ ਫੌਜ ਅਤੇਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਜੰਮੂ ਖੇਤਰ ਵਿਚ ਸੀਆਰਪੀਐਫ ਦੀਆਂ 40 ਕੰਪਨੀਆਂ ਭੇਜੀਆਂ ਗਈਆਂ ਹਨ।
ਜੁਲਾਈ ‘ਚ ਹੀ ਭੇਜ ਦਿੱਤੇ ਸਨ 10 ਹਜ਼ਾਰ ਵਾਧੂ ਜਵਾਨ
ਕੇਂਦਰ ਸਰਕਾਰ ਦੇ ਧਾਰਾ 370 ਖਤਮ ਕਰਨ ਦੇ ਫੈਸਲੇ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਫੌਜ ਅਤੇ ਹਵਾਈ ਫੌਜ ਨੂੰ ਚੌਕਸ ਕਰ ਦਿੱਤਾ ਗਿਆ।
ਕੇਂਦਰ ਸਰਕਾਰ ਨੇ ਜੁਲਾਈ ਮਹੀਨੇ ਹੀ 10 ਹਜ਼ਾਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਸਨ। ਹੁਣ ਫਿਰ ਸਰਕਾਰ ਨੇ 8 ਹਜ਼ਾਰ ਵਾਧੂ ਸੁਰੱਖਿਆ ਬਲਾਂ ਨੂੰ ਉੱਤਰ ਪ੍ਰਦੇਸ਼, ਆਸਾਮ ਅਤੇ ਓਡੀਸ਼ਾ ਸਮੇਤ ਹੋਰ ਭਾਗਾਂ ਤੋਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ ਅਤੇ ਜਵਾਨਾਂ ਨੂੰ ਜਹਾਜਾਂ ਰਾਹੀਂ ਜੰਮੂ-ਕਸ਼ਮੀਰ ਲਿਜਾਇਆ ਗਿਆ।
ਕਸ਼ਮੀਰ ਦਾ ਪੂਰਾ ਕਿੱਸਾ
ਅਜ਼ਾਦੀ ਦੇ 2 ਸਾਲ ਬਾਅਦ 1949 ਵਿਚ ਧਾਰਾ 370 ਬਣੀ ਸੀ, ਹੁਣ 70 ਸਾਲ ਬਾਅਦ ਮਨਸੂਖ
ਅਜ਼ਾਦੀ ਤੋਂ ਪਹਿਲਾਂ : 1846 : ਮਹਾਰਾਜਾ ਗੁਲਾਬ ਸਿੰਘ ਨੇ ਅੰਗਰੇਜ਼ਾਂ ਤੋਂ ਕਸ਼ਮੀਰ ਖਰੀਦ ਕੇ ਜੰਮੂ ਕਸ਼ਮੀਰ ਬਣਾਇਆ
1846 : ਜੰਮੂ ਅਤੇ ਲੱਦਾਖ ਦੇ ਸ਼ਾਸਕ ਮਹਾਰਾਜ ਗੁਲਾਬ ਸਿੰਘ ਨੇ ਈਸਟ ਇੰਡੀਆ ਕੰਪਨੀ ਤੋਂ ਖੋਹਿਆ ਸੀ। ਇਸ ਤਰ੍ਹਾਂ ਜੰਮੂ ਕਸ਼ਮੀਰ ਬਣਿਆ। ਉਦੋਂ ਇਹ 2.1 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਸੀ।
1932 : ਕਸ਼ਮੀਰੀ ਆਗੂ ਸ਼ੇਖ ਅਬਦੁੱਲਾ ਨੇ ਕਸ਼ਮੀਰ ਨੂੰ ਹਰਿਸਿੰਘ ਕੋਲੋਂ ਛੁਡਾਉਣ ਲਈ ਲੜਾਈ ਲੜੀ। ਆਲ ਜੰਮੂ ਐਂਡ ਕਸ਼ਮੀਰ ਮੁਸਲਿਮ ਕਾਨਫਰੰਸ ਦਾ ਗਠਨ ਕੀਤਾ।
1947 : ਮਾਰਚ ਵਿਚ ਕਸ਼ਮੀਰ ਦੇ ਪੁੰਛ ਖੇਤਰ ਵਿਚ ਇਕ ਵਾਰ ਫਿਰ ਵਿਰੋਧ ਦੇ ਸੁਰ ਉਠੇ। ਪਰ ਮਹਾਰਾਜਾ ਹਰਿਸਿੰਘ ਨੇ ਇਸ ‘ਤੇ ਕਾਬੂ ਪਾ ਲਿਆ।
1947 ਵਿਚ ਕਸ਼ਮੀਰ ਦੇ ਨੇਤਾ ਸ਼ੇਖ ਅਬਦੁੱਲਾ ਨੇ ‘ਮਹਾਰਾਜਾ ਕਸ਼ਮੀਰ ਛੱਡੋ’ ਅੰਦੋਲਨ ਛੇੜ ਦਿੱਤਾ। ਸ਼ੇਖ ਗ੍ਰਿਫਤਾਰ ਕਰ ਲਏ ਗਏ ਅਤੇ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਵੀ ਹੋਈ ਸੀ।
ਅਜ਼ਾਦੀ ਤੋਂ ਬਾਅਦ : ਹਰਿਸਿੰਘ ਨੇ 26 ਅਕਤੂਬਰ 1947 ਨੂੰ ਭਾਰਤ ਵਿਚ ਰਲੇਵੇਂ ਲਈ ਸੰਧੀ ‘ਤੇ ਦਸਤਖਤ ਕੀਤੇ
1947 : ਪਾਕਿ ਸਮਰਪਿਤ ਕਬਾਇਲੀ ਲੜਾਕਿਆਂ ਨੇ ਕਸ਼ਮੀਰ ‘ਤੇ ਹਮਲਾ ਕੀਤਾ। ਇਸ ਵਿਚ 26 ਅਕਤੂਬਰ 1947 ਨੂੰ ਮਹਾਰਾਜਾ ਹਰਿਸਿੰਘ ਨੇ ਭਾਰਤ ਨਾਲ ਰਲੇਵੇਂ ਲਈ ਸੰਧੀ ‘ਤੇ ਦਸਤਖਤ ਕੀਤੇ। ਤਦ ਤੱਕ ਗਿਲਗਿਤ-ਬਾਲਿਟਸਤਾਨ ਹੱਥੋਂ ਨਿਕਲ ਗਿਆ।
1948 ਵਿਚ ਭਾਰਤ ਨੇ ਕਸ਼ਮੀਰ ਮੁੱਦੇ ਨੂੰ ਯੂਐਨ ਵਿਚ ਉਠਾਇਆ। 1950 ਵਿਚ ਚੀਨ ਨੇ ਪੱਛਮੀ ਕਸ਼ਮੀਰ ‘ਤੇ ਕਬਜ਼ਾ ਕੀਤਾ। 1962 ਵਿਚ ਚੀਨ ਨੇ ਅਕਸਾਈ ਚੀਨ ‘ਤੇ ਹੋਏ ਯੁੱਧ ਵਿਚ ਭਾਰਤ ਨੂੰ ਹਰਾ ਦਿੱਤਾ।
1965, 1971-72 ਵਿਚ ਪਾਕਿ ਨੇ ਦੋ ਹਮਲੇ ਕੀਤੇ। ਦੋਵਾਂ ਵਿਚ ਉਸ ਨੂੰ ਹਾਰ ਮਿਲੀ।
ਪਾਕਿ ਕਬਾਇਲੀਆਂ ਨੇ ਕਸ਼ਮੀਰ ‘ਤੇ ਹਮਲਾ ਕੀਤਾ। ਤਦ ਇਨ੍ਹਾਂ ਨੂੰ ਜਵਾਬ ਦੇਣ ਲਈ ਕਸ਼ਮੀਰੀ ਮਹਿਲਾਵਾਂ ਨੇ ਫੌਜ ਬਣਾ ਕੇ ਇਸ ਦਾ ਸਾਹਮਣਾ ਕੀਤਾ ਸੀ।
ਵਿਰੋਧ ਦੀ ਸ਼ੁਰੂਆਤ : 1987 ‘ਚ ਪਾਕਿ ਦੇ ਇਸ਼ਾਰੇ ‘ਤੇ ਚੋਣਾਂ ਵਿਚ ਧਾਂਦਲੀ ਦਾ ਆਰੋਪ ਲੱਗਾ, ਚੁੱਕੇ ਹਥਿਆਰ
1987 ਵਿਚ ਚੋਣਾਂ ‘ਚ ਧਾਂਦਲੀ ਦਾ ਆਰੋਪ ਲੱਗਾ, ਪਾਕਿ ਦੇ ਇਸ਼ਾਰੇ ‘ਤੇ ਕੁਝ ਆਗੂਆਂ ਨੇ ਹਥਿਆਰ ਚੁੱਕੇ। ਇਸ ਤਰ੍ਹਾਂ ਦਹਿਸ਼ਤਵਾਦ ਤੇ ਵੱਖਵਾਦ ਸ਼ੁਰੂ ਹੋ ਗਿਆ।
1990 : ਘਾਟੀ ‘ਚੋਂ ਹਿੰਦੂਆਂ ਨੂੰ ਚੁਣ- ਚੁਣ ਕੇ ਮਾਰਿਆ ਗਿਆ। ਇਸੇ ਦੌਰਾਨ ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਟਰੇਨਿੰਗ ਦੇ ਕੇ ਹਮਲੇ ਕਰਵਾਏ।
1999 : ਪਾਕਿ ਦੀ ਕਸ਼ਮੀਰ ‘ਤੇ ਕਬਜ਼ੇ ਦੀ ਕੋਸ਼ਿਸ਼। ਉਸ ਨੂੰ ਹਾਰ ਮਿਲੀ। 2001-2004 ਦੇ ਦਿੱਲੀ ‘ਚ ਸੰਸਦ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ‘ਤੇ ਅੱਤਵਾਦੀ ਹਮਲਾ।
2014 : ਪਾਕਿ ਹਾਈ ਕਮਿਸ਼ਨਰ ਵੱਖਵਾਦੀ ਆਗੂਆਂ ਨੂੰ ਮਿਲੇ। ਭਾਰਤ ਨੇ ਵਾਰਤਾ ਰੱਦ ਕੀਤੀ। ਇਸ ਵਿਚਕਾਰ ਪੀਡੀਪੀ-ਭਾਜਪਾ ਸਰਕਾਰ ਬਣੀ।
ਲੰਘੇ 30 ਸਾਲਾਂ ਵਿਚ ਜੰਮੂ ਕਸ਼ਮੀਰ ਵਿਚ ਅੱਤਵਾਦ ਦੀਆਂ 70 ਹਜ਼ਾਰ ਤੋਂ ਜ਼ਿਆਦਾ ਘਟਨਾਵਾਂ, 44 ਹਜ਼ਾਰ ਤੋਂ ਜ਼ਿਆਦਾ ਮੌਤਾਂ, ਇਨ੍ਹਾਂ ਵਿਚ 5 ਹਜ਼ਾਰ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ।