Breaking News
Home / ਭਾਰਤ / ਭਾਰਤ ‘ਚ ਹੁਣ ਇਕ ਵਿਧਾਨ, ਇਕ ਨਿਸ਼ਾਨ

ਭਾਰਤ ‘ਚ ਹੁਣ ਇਕ ਵਿਧਾਨ, ਇਕ ਨਿਸ਼ਾਨ

ਜੰਮੂ ਕਸ਼ਮੀਰ ‘ਚ ਧਾਰਾ 370 ਖਤਮ
ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਿਰਫ ਤਿਰੰਗਾ
ਜੰਮੂ-ਕਸ਼ਮੀਰ ਤੇ ਲੱਦਾਖ ਦੋਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋਣਗੇ
ੲ ਹੱਕ ਵਿੱਚ ਵੋਟਾਂ-125, ਵਿਰੋਧ ਵਿੱਚ ਵੋਟਾਂ-61 ੲ ਯੂਟੀ ਦੇ ਬਾਵਜੂਦ ਜੰਮੂ- ਕਸ਼ਮੀਰ ਦੀ ਆਪਣੀ ਵਿਧਾਨ ਸਭਾ ਹੋਵੇਗੀ ੲ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਪੇਸ਼ਕਦਮੀ ਗ਼ੈਰਜਮਹੂਰੀ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇਤਿਹਾਸ ਸਿਰਜਦਿਆਂ ਰਾਸ਼ਟਰਪਤੀ ਦੇ ਨਵੇਂ ਫ਼ਰਮਾਨ ਦੇ ਹਵਾਲੇ ਨਾਲ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਫ਼ੌਰੀ ਮਨਸੂਖ਼ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪੇਸ਼ ਕਰਦਿਆਂ ਜੰਮੂ ਤੇ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਜੰਮੂ ਤੇ ਕਸ਼ਮੀਰ ਡਿਵੀਜ਼ਨ ਅਤੇ ਲੱਦਾਖ਼) ਵਿੱਚ ਵੰਡਣ ਦੀ ਤਜਵੀਜ਼ ਰੱਖੀ, ਜਿਸ ਨੂੰ ਸਦਨ ਨੇ ਦੇਰ ਸ਼ਾਮ ਲੰਮੀ ਬਹਿਸ ਮਗਰੋਂ ਪਾਸ ਕਰ ਦਿੱਤਾ।
ਬਿੱਲ ਦੇ ਹੱਕ ਵਿੱਚ 125 ਤੇ ਵਿਰੋਧ ਵਿੱਚ 61 ਵੋਟਾਂ ਪਈਆਂ। ਬਿੱਲ ਮੁਤਾਬਕ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਕਰਕੇ ਸਿੱਧੇ ਕੇਂਦਰ ਸਰਕਾਰ ਅਧੀਨ ਆ ਜਾਣਗੇ। ਹਾਲਾਂਕਿ ਯੂਟੀ ਬਣਨ ਦੇ ਬਾਵਜੂਦ ਜੰਮੂ ਤੇ ਕਸ਼ਮੀਰ ਦੀ ਆਪਣੀ ਵਿਧਾਨ ਸਭਾ ਹੋਵੇਗੀ। ਉਧਰ ਵਿਰੋਧੀ ਧਿਰ ਨੇ ਸਰਕਾਰ ਵੱਲੋਂ ਕਾਹਲੀ ਨਾਲ ਪੇਸ਼ ਕੀਤੇ ਬਿੱਲ ਨੂੰ ਗ਼ੈਰਜਮਹੂਰੀ ਕਰਾਰ ਦਿੰਦਿਆਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਅਜ਼ਾਦ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦਾ ਤਾਜ ਕਹੇ ਜਾਂਦੇ ਸੂਬੇ ਦਾ ਸਿਰ ਕਲਮ ਕਰ ਦਿੱਤਾ ਹੈ। ਇਸ ਦੌਰਾਨ ਸ਼ਾਹ ਨੇ ਇਹ ਬਿੱਲ ਲੋਕ ਸਭਾ ਵਿੱਚ ਵੀ ਪੇਸ਼ ਕੀਤਾ, ਜਿੱਥੇ ਇਸਦੇ ਸੌਖਿਆਂ ਹੀ ਪਾਸ ਹੋ ਜਾਣ ਦੀ ਉਮੀਦ ਹੈ। ਉਂਜ ਲੋਕ ਸਭਾ ਵਿੱਚ ਬਿੱਲ ਦੀ ਖ਼ਿਲਾਫ਼ਤ ਕਰਦਿਆਂ ਵਿਰੋਧੀ ਧਿਰਾਂ ਸਦਨ ਵਿਚੋਂ ਵਾਕਆਊਟ ਕਰ ਗਈਆਂ।
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਨਵੇਂ ਫਰਮਾਨ ਦੇ ਹਵਾਲੇ ਨਾਲ ਮਤਾ ਰੱਖਦਿਆਂ ਕਿਹਾ ਕਿ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਹੁਣ ਅਮਲ ਵਿੱਚ ਨਹੀਂ ਰਹੇਗਾ। ਮਤੇ ਮੁਤਾਬਕ, ‘ਰਾਸ਼ਟਰਪਤੀ ਨੇ ਸੰਸਦ ਦੀ ਸਿਫਾਰਿਸ਼ ‘ਤੇ 5 ਅਗਸਤ 2019 ਤੋਂ ਧਾਰਾ 370 ਦੀਆਂ ਉਪ ਧਾਰਾਵਾਂ ਨੂੰ ਮਨਸੂਖ ਕਰ ਦਿੱਤਾ ਹੈ।’ ਸ਼ਾਹ ਨੇ ਜੰਮੂ ਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ ਤੇ ਕਸ਼ਮੀਰ ਡਿਵੀਜ਼ਨ ਅਤੇ ਲੱਦਾਖ ਵਿੱਚ ਵੰਡਣ ਸਬੰਧੀ ਬਿੱਲ ਦੀ ਤਜਵੀਜ਼ ਵੀ ਰੱਖੀ।
ਸ਼ਾਹ ਨੇ ਜੰਮੂ ਤੇ ਕਸ਼ਮੀਰ ਪੁਨਰਗਠਨ ਬਿੱਲ ਪੇਸ਼ ਕਰਦਿਆਂ ਕਿਹਾ ਕਿ ਲੱਦਾਖ, ਚੰਡੀਗੜ੍ਹ ਦੀ ਤਰਜ਼ ‘ਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣੇਗਾ ਜਦੋਂਕਿ ਜੰਮੂ ਤੇ ਕਸ਼ਮੀਰ ਵਿੱਚ ਦਿੱਲੀ ਤੇ ਪੁੱਡੂਚੇਰੀ ਵਾਂਗ ਵਿਧਾਨ ਸਭਾ ਹੋਵੇਗੀ। ਕੇਂਦਰੀ ਮੰਤਰੀ ਨੇ ਬਿੱਲ ਨੂੰ ਰਾਜ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਮਗਰੋਂ ਦੋਵੇਂ ਆਗੂ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ। ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਗ੍ਰਹਿ ਮੰਤਰੀ ਵੱਲੋਂ ਰੱਖੇ ਬਿਲਾਂ ਸਬੰਧੀ ਉਜਰ ਦਰਜ ਕਰਵਾਉਣ ਲਈ ਪਹਿਲਾਂ ਡੇਢ ਘੰਟੇ (ਦੁਪਹਿਰ 12:30 ਵਜੇ ਤਕ) ਦਾ ਸਮਾਂ ਦਿੱਤਾ ਤੇ ਮਗਰੋਂ ਇਸ ਦੀ ਮਿਆਦ ਦੁਪਹਿਰ ਢਾਈ ਵਜੇ ਤਕ ਵਧਾ ਦਿੱਤੀ। ਬਿੱਲ ਉੱਤੇ ਹੋਈ ਬਹਿਸ ਵਿੱਚ ਸ਼ਾਮਲ ਹੁੰਦਿਆਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਅਜ਼ਾਦ ਨੇ ਧਾਰਾ 370 ਨੂੰ ਰੱਦ ਕਰਨ ਤੇ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਜਿਸ ਨੂੰ ਭਾਰਤ ਦਾ ਤਾਜ ਮੰਨਿਆ ਜਾਂਦਾ ਹੈ, ਦਾ ਅੱਜ ਸਿਰ ਕਲਮ ਕਰਦਿਆਂ ਉਹਦੀ ਪਛਾਣ ਖੋਹ ਲਈ ਗਈ ਹੈ। ਉਨ੍ਹਾਂ ਜੰਮੂ ਤੇ ਕਸ਼ਮੀਰ ਪੁਨਰਗਠਨ ਬਿੱਲ ਦਾ ਵਿਰੋਧ ਕਰਦਿਆਂ ਕਿਹਾ, ‘ਮੇਰੀ ਸਿਆਸੀ ਜ਼ਿੰਦਗੀ ਦੌਰਾਨ ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਜਿਹੜਾ ਰਾਜ ਭਾਰਤ ਦਾ ਤਾਜ ਹੈ, ਇਕ ਦਿਨ ਉਹਦਾ ਸਿਰ ਹੀ ਕਲਮ ਕਰ ਦਿੱਤਾ ਜਾਵੇਗਾ।’ ਉਨ੍ਹਾਂ ਕਿਹਾ, ‘ਤੁਸੀਂ ਜੰਮੂ-ਕਸ਼ਮੀਰ ਰਾਜ ਦਾ ਮੌਜੂ ਬਣਾ ਕੇ ਰੱਖ ਦਿੱਤਾ ਹੈ। ਬੜੇ ਸ਼ਰਮ ਦੀ ਗੱਲ ਹੈ ਕਿ ਕੇਂਦਰ ਨੇ ਰਾਜ ਦਾ ਦਰਜਾ ਘਟਾਉਂਦਿਆਂ ਇਸ ਦੀ ਕਮਾਨ ਉਪ ਰਾਜਪਾਲ ਹੱਥ ਫੜਾ ਦਿੱਤੀ ਹੈ।’
ਅਜ਼ਾਦ ਨੇ ਕਿਹਾ, ‘ਅੱਜ ਦਾ ਦਿਨ ਭਾਰਤ ਦੇ ਇਤਿਹਾਸ ‘ਤੇ ਕਾਲਾ ਧੱਬਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਸਦਨ ਵਿੱਚ ਆਏ ਤਾਂ ਇੰਜ ਲੱਗਿਆ ਜਿਵੇਂ ਕਿਤੇ ਐਟਮ ਬੰਬ ਦਾ ਧਮਾਕਾ ਹੋਇਆ ਹੋਵੇ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ‘ਕੀ ਤੁਸੀਂ ਨਵੇਂ ਭਾਰਤ ਦੇ ਨਿਰਮਾਣ ਲਈ ਪੁਰਾਣੇ ਨੂੰ ਪੈਰਾਂ ਵਿਚ ਰੋਲ ਦਿਓਗੇ। ਉਨ੍ਹਾਂ ਕਿਹਾ ਕਿ 1947 ਦੀ ਵੰਡ ਮੌਕੇ ਕਸ਼ਮੀਰ ਦੇ ਲੋਕਾਂ ਨੇ ਇਕੋ ਮਜ਼੍ਹਬ ਹੋਣ ਦੇ ਬਾਵਜੂਦ ਪਾਕਿਸਤਾਨ ਨਾਲ ਜਾਣ ਦੀ ਥਾਂ ਭਾਰਤ ਦੀ ਧਰਮ-ਨਿਰਪੱਖਤਾ ਨੂੰ ਚੁਣਿਆ ਤੇ ਪੂਰਾ ਰਾਜ ਮੁਲਕ ਦੇ ਸਲਾਮਤੀ ਦਸਤਿਆਂ ਨਾਲ ਖੜ੍ਹਿਆ। ਉਨ੍ਹਾਂ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਗੁਜਰਾਤ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਲਈ ਬਿੱਲ ਲਿਆਂਦਾ ਜਾਵੇ।
ਉਧਰ ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓਬ੍ਰਾਇਨ ਨੇ ਵੀ ਇਸ ਦਿਨ ਨੂੰ ‘ਕਾਲਾ ਸੋਮਵਾਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਿਨ ਸੰਵਿਧਾਨ, ਭਾਰਤ ਦੀ ਵਿਚਾਰਧਾਰਾ ਤੇ ਰਾਜ ਸਭਾ ਲਈ ਵੀ ‘ਕਾਲਾ ਦਿਨ’ ਹੈ।
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਵੱਡਾ ਇਤਿਹਾਸਕ ਫੈਸਲਾ
ਪਹਿਲਾਂ
1. ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਾ ਦਰਜਾ
2. ਦੋਹਰੀ ਨਾਗਰਿਕਤਾ ਮਿਲੀ ਹੋਈ ਸੀ
3. ਝੰਡਾ ਤੇ ਸੰਵਿਧਾਨ ਵੱਖਰਾ ਸੀ
4. ਐਮਰਜੈਂਸੀ ਨਹੀਂ ਲਗਾਈ ਜਾ ਸਕਦੀ ਸੀ
5. ਵੋਟ ਦਾ ਅਧਿਕਾਰ ਕੇਵਲ ਸਥਾਈ ਨਾਗਰਿਕਾਂ ਨੂੰ ਸੀ
6. ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਸੀ
7. ਆਰ.ਟੀ.ਆਈ ਕਾਨੂੰਨ ਲਾਗੂ ਨਹੀਂ ਸੀ
8. ਰੱਖਿਆ, ਵਿਦੇਸ਼ ਤੇ ਵਿੱਤੀ ਮਾਮਲਿਆਂ ਸਬੰਧੀ ਹੀ ਲਾਗੂ ਹੁੰਦੇ ਸੀ ਕਾਨੂੰਨ
ਹੁਣ
1. ਸਾਰੇ ਵਿਸ਼ੇਸ਼ ਅਧਿਕਾਰ ਖਤਮ
2. ਹੋਰਨਾਂ ਸੂਬਿਆਂ ਦੇ ਲੋਕ ਵੀ ਰਹਿ ਸਕਣਗੇ
3. ਤਿਰੰਗਾ ਝੰਡਾ ਤੇ ਭਾਰਤ ਦਾ ਸੰਵਿਧਾਨ ਲਾਗੂ ਹੋਵੇਗਾ
4. ਹੁਣ ਇਸ ਨੂੰ ਖਤਮ ਕਰ ਦਿੱਤਾ ਗਿਆ
5.ਹੁਣ ਹੋਰਨਾਂ ਰਾਜਾਂ ਦੇ ਲੋਕ ਵੀ ਵੋਟ ਪਾ ਸਕਣਗੇ
6. ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਹੋਵੇਗਾ
7. ਹੁਣ ਲਾਗੂ ਹੋਵੇਗਾ
8. ਸੰਸਦ ਤੋਂ ਪਾਸ ਕਾਨੂੰਨ ਹੁਣ ਸਿੱਧੇ ਲਾਗੂ ਹੋਣਗੇ
ਨਰਿੰਦਰ ਮੋਦੀ ਵੱਲੋਂ ਅਮਿਤ ਸ਼ਾਹ ਦੀ ਤਾਰੀਫ਼
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਬਿੱਲ ‘ਤੇ ਬਹਿਸ ਦਾ ਜਵਾਬ ਦਿੰਦਿਆਂ ਕੀਤੀ ਤਕਰੀਰ ਦੀ ਤਾਰੀਫ਼ ਕੀਤੀ ਹੈ। ਮੋਦੀ ਨੇ ਕਿਹਾ ਕਿ ਸ਼ਾਹ ਦੀ ਤਕਰੀਰ ਨੇ ਜੰਮੂ ਤੇ ਕਸ਼ਮੀਰ ਨਾਲ ਭੂਤਕਾਲ ਤੇ ਮੌਜੂਦਾ ਸਮੇਂ ਵਿਚ ਹੋ ਰਹੇ ‘ਲਾਮਿਸਾਲ ਅਨਿਆਂ’ ਬਾਬਤ ਕੇਂਦਰ ਸਰਕਾਰ ਦੇ ਨਜ਼ਰੀਏ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ਾਹ ਦੀ ਤਕਰੀਰ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਪੇਸ਼ ਕੀਤੇ ਗਏ ਵਿਚਾਰ ‘ਵਿਆਪਕ ਤੇ ਸੂਝ ਨਾਲ ਭਰਪੂਰ’ ਹਨ।
ਖੱਬੀਆਂ ਧਿਰਾਂ ਵਲੋਂ ਸੰਸਦ ਭਵਨ ਵੱਲ ਰੋਸ ਮਾਰਚ
ਨਵੀਂ ਦਿੱਲੀ : ਦੇਸ਼ ਦੀਆਂ ਖੱਬੀਆਂ ਧਿਰਾਂ ਨੇ ਧਾਰਾ 370 ਖ਼ਤਮ ਕੀਤੇ ਜਾਣ ਖ਼ਿਲਾਫ਼ ਸੰਸਦ ਮਾਰਗ ‘ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਖੱਬੀਆਂ ਧਿਰਾਂ ਦੇ ਇਸ ਪ੍ਰਦਰਸ਼ਨ ਦੌਰਾਨ ਸੀਪੀਆਈ ਦੇ ਡੀ. ਰਾਜਾ, ਸੀਪੀਆਈ (ਐੱਮ) ਵੱਲੋਂ ਸੀਤਾ ਰਾਮ ਯੇਚੁਰੀ, ਬਰਿੰਦਾ ਕਰਤ, ਪ੍ਰਕਾਸ਼ ਕਰਤ, ਦੀਪਾਂਕਰ ਭੱਟਾਚਾਰੀਆ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਵੱਲੋਂ ਸੰਸਦ ਭਵਨ ਵੱਲ ਮਾਰਚ ਕੀਤਾ ਗਿਆ ਪਰ ਸੰਸਦ ਮਾਰਗ ਥਾਣਾ ਪੁਲਿਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਸੀਪੀਆਈ ਦੇ ਸੀਨੀਅਰ ਆਗੂ ਡੀ. ਰਾਜਾ ਨੇ ਕਿਹਾ ਕਿ ਸਰਕਾਰ ਨੇ ਇਹ ਪਿਛਲੇ ਪੈਰੀਂ ਮੁੜਨ ਵਾਲਾ ਕੰਮ ਕੀਤਾ ਹੈ, ਜੋ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੋਰ ਦੂਰ ਕਰੇਗਾ। ਉਨ੍ਹਾਂ ਮੋਦੀ ਸਰਕਾਰ ਦੇ ਇਸ ਕਦਮ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ਫਾਸੀਵਾਦੀ ਤਾਕਤਾਂ ਦੇ ਹੱਥ ਵਿੱਚ ਹੈ। ਬਰਿੰਦਾ ਕਰਤ ਨੇ ਕਿਹਾ ਕਿ ਜੰਮੂ-ਕਸ਼ਮੀਰ ਨਾਲ ਜੋ ਵਾਪਰਿਆ, ਉਹ ਲੋਕਤੰਤਰ ਦਾ ਅੰਤ ਤਾਂ ਹੈ ਹੀ ਅਤੇ ਨਾਲ ਹੀ ਭਾਰਤ ਦੇ ਸੰਵਿਧਾਨ ‘ਤੇ ਵੀ ਹਮਲਾ ਹੈ।
ਧਾਰਾ 370 ਖਤਮ ਕਰਨ ਦੇ ਵਿਰੋਧ ਵਿਚ ਪੀਡੀਪੀ ਆਗੂਆਂ ਨੇ ਪਾੜੇ ਆਪਣੇ ਕੱਪੜੇ
ਗੁਲਾਮ ਨਬੀ ਅਜ਼ਾਦ ਨੇ ਇਸ ਦਿਨ ਨੂੰ ਦੇਸ਼ ਲਈ ਦੱਸਿਆ ਕਾਲਾ ਦਿਨ
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਫੈਸਲੇ ਖਿਲਾਫ ਅੱਜ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ।
ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ਵਿਚ ਪੀ. ਡੀ. ਪੀ. ਦੇ ਸੰਸਦ ਮੈਂਬਰ ਮੀਰ ਮੁਹੰਮਦ ਫੈਯਾਜ਼ ਨੇ ਸਦਨ ਅੰਦਰ ਸੰਵਿਧਾਨ ਦੀ ਕਾਪੀ ਪਾੜ ਦਿੱਤੀ ਅਤੇ ਫੈਯਾਜ਼ ਅਤੇ ਨਾਜ਼ਿਰ ਅਹਿਮਦ ਨੇ ਆਪਣੇ ਕੱਪੜੇ ਤੱਕ ਵੀ ਪਾੜ ਦਿੱਤੇ। ਇਸ ਤੋਂ ਬਾਅਦ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਸਦਨ ਵਿਚੋਂ ਬਾਹਰ ਕੱਢਣ ਲਈ ਕਹਿ ਦਿੱਤਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਵੋਟਾਂ ਦੇ ਚੱਕਰ ਵਿਚ ਕਸ਼ਮੀਰ ਦੇ ਟੁਕੜੇ ਕਰ ਦਿੱਤੇ ਹਨ ਅਤੇ ਇਹ ਦਿਨ ਦੇਸ਼ ਲਈ ਕਾਲਾ ਦਿਨ ਹੈ। ਆਜ਼ਾਦ ਨੇ ਕਿਹਾ ਕਿ ਜਦੋਂ ਤੋਂ ਜੰਮੂ-ਕਸ਼ਮੀਰ ‘ਚ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ, ਉਦੋਂ ਤੋਂ ਕਈ ਤਰ੍ਹਾਂ ਦੇ ਖ਼ਦਸ਼ੇ ਸਾਹਮਣੇ ਆ ਰਹੇ ਸਨ।
ਮੁਫਤੀ, ਅਬਦੁੱਲਾ ਤੇ ਸੱਜਾਦ ਨੂੰ ਕੀਤਾ ਗ੍ਰਿਫਤਾਰ
ਜੰਮੂ-ਕਸ਼ਮੀਰ ਵਿੱਚ ਕਰਫਿਊ ਲਾਗੂ; ਇੰਟਰਨੈੱਟ ਸੇਵਾਵਾਂ ਕੀਤੀਆਂ ਠੱਪ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿੱਚ ਜਾਰੀ ਤਣਾਅ ਦਰਮਿਆਨ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਤੇ ਸੱਜਾਦ ਲੋਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਕਸ਼ਮੀਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ। ਉਧਰ ਕਾਂਗਰਸ ਆਗੂ ਉਸਮਾਨ ਮਾਜਿਦ ਤੇ ਸੀਪੀਐੱਮ ਵਿਧਾਇਕ ਐੱਮ.ਵਾਈ. ਤਰੀਗਾਮੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਰਕਾਰ ਨੇ ਕਰਫਿਊ ਲਾਉਣ ਪਿੱਛੇ ਕਾਰਨ ਅੱਤਵਾਦੀ ਹਮਲੇ ਦਾ ਖ਼ਦਸ਼ਾ ਤੇ ਪਾਕਿਸਤਾਨ ਨਾਲ ਕੰਟਰੋਲ ਰੇਖਾ ਉਪਰ ਤਣਾਅ ਨੂੰ ਦੱਸਿਆ ਹੈ। ਸਕੂਲ ਤੇ ਕਾਲਜ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ ਤੇ ਸੋਮਵਾਰ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਇਸ ਦੌਰਾਨ ਪ੍ਰਸ਼ਾਸਨ ਨੇ ਸ੍ਰੀਨਗਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੀ ਸਥਿਤੀ ਬਾਰੇ ਦਿੱਲੀ ਵਿੱਚ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਟਵੀਟ ਕੀਤਾ ਸੀ, ‘ਮੈਨੂੰ ਲਗਦਾ ਹੈ ਕਿ ਅੱਧੀ ਰਾਤ ਤੋਂ ਮੈਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਮੁੱਖ ਧਾਰਾ ਦੇ ਹੋਰਨਾਂ ਆਗੂਆਂ ਨੂੰ ਵੀ ਨਜ਼ਰਬੰਦ ਕਰਨ ਦਾ ਅਮਲ ਆਰੰਭ ਦਿੱਤਾ ਗਿਆ ਹੈ।
ਮੇਰੇ ਕੋਲ ਪਤਾ ਕਰਨ ਦਾ ਕੋਈ ਢੰਗ ਨਹੀਂ ਹੈ ਕਿ ਕੀ ਇਹ ਸੱਚ ਹੈ। ੩.ਜੰਮੂ ਕਸ਼ਮੀਰ ਦੇ ਲੋਕੋ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਭਵਿੱਖ ਵਿਚ ਕੀ ਵਾਪਰੇਗਾ, ਪਰ ਮੈਨੂੰ ਯਕੀਨ ਹੈ ਕਿ ਅੱਲ੍ਹਾ ਜੋ ਵੀ ਕਰੇਗਾ, ਉਹ ਚੰਗਾ ਹੀ ਹੋਵੇਗਾ। ਮੈਂ ਲੋਕਾਂ ਨੂੰ ਅਮਨ ਕਾਇਮ ਰੱਖਣ ਦੀ ਅਪੀਲ ਕਰਦਾ ਹਾਂ ਤੇ ਉਨ੍ਹਾਂ ਦੀ ਸੁਰੱਖਿਆ ਤੇ ਸਲਾਮਤੀ ਦੀ ਦੁਆ ਮੰਗਦਾ ਹਾਂ।’
ਉਧਰ ਮਹਿਬੂਬਾ ਮੁਫ਼ਤੀ ਨੇ ਸੂਬੇ ਦੇ ਹਾਲਾਤ ‘ਤੇ ਟਵੀਟ ਕਰਦਿਆਂ ਲਿਖਿਆ, ‘ਅੱਲ੍ਹਾ ਹੀ ਜਾਣਦੈ ਕਿ ਭਲਕੇ ਕੀ ਹੋਵੇਗਾ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …