Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਮਨਾਈ

ਸੋਨੀਆ ਸਿੱਧੂ ਨੇ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਮਨਾਈ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਮਿਲ ਕੇ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਸ਼ੁਭ-ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪਾਰਲੀਮੈਂਟ ਹਿੱਲ ‘ਤੇ ਮਨਾਏ ਜਾਂਦੇ ਇਸ ਸ਼ੁਭ-ਅਵਸਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ।
ਵਿਸਾਖੀ ਦਾ ਇਹ ਤਿਉਹਾਰ ਸਿੱਖ ਇਤਿਹਾਸ ਦਾ ਉਹ ਸੁਨਹਿਰੀ-ਪੰਨਾ ਹੈ ਜਿਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸੇ ਦੀ ਸਾਜਨਾ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ ਸੀ। ਪਾਰਲੀਮੈਂਟ ਹਿੱਲ ‘ਤੇ ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਉਣਾ ਹੁਣ ਪਰੰਪਰਾ ਦਾ ਇਕ ਹਿੱਸਾ ਬਣ ਗਿਆ ਹੈ ਅਤੇ ਇਸ ਸਾਲ ਇੱਥੇ ਵਿਸਾਖੀ ਦੇ ਤਿਉਹਾਰ ਮਨਾਉਣ ਦਾ ਇਹ ਤੀਸਰਾ ਸਾਲ ਸੀ। 2015 ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਬਣੀ ਲਿਬਰਲ ਸਰਕਾਰ ਜਿਸ ਵਿਚ 17 ਸਿੱਖ ਪਾਰਲੀਮੈਂਟ ਮੈਂਬਰ ‘ਹਾਊਸ ਆਫ਼ ਕਾਮਨਜ਼’ ਲਈ ਚੁਣੇ ਗਏ ਸਨ ਅਤੇ ਉਨ੍ਹਾਂ ਵਿੱਚੋਂ ਚਾਰ ਮੰਤਰੀ ਬਣੇ ਸਨ, ਵੱਲੋਂ ਪਹਿਲੀ ਵਾਰ ਅਪ੍ਰੈਲ 2016 ਵਿਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਵੱਡੇ ਪੱਧਰ ‘ਤੇ ਮਨਾਈ ਗਈ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਨੇ ਕਿਹਾ, ”ਵਿਸਾਖੀ ਸਿੱਖ ਕੌਮ ਦਾ ਮਹਾਨ ਤਿਉਹਾਰ ਹੈ ਅਤੇ ਇਸ ਦੇਸ਼ ਦੀ ਰਾਜਧਾਨੀ ਵਿਚ ਇਸ ਨੂੰ ਵੱਡੇ ਪੱਧਰ ‘ਤੇ ਮਨਾਉਣਾ ਮੇਰੇ ਲਈ ਸਿੱਖ ਅਤੇ ਕੈਨੇਡੀਅਨ ਹੋਣ ਦੇ ਨਾਤੇ ਬੜੇ ਫ਼ਖ਼ਰ ਵਾਲੀ ਗੱਲ ਹੈ। ਇਹ ਸ਼ੁਭ-ਤਿਉਹਾਰ ਵੱਖ-ਵੱਖ ਵਿਸ਼ਵਾਸਾਂ, ਸਭਿਆਚਾਰਾਂ ਅਤੇ ਪਿਛੋਕੜਾਂ ਵਾਲੇ ਲੋਕਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਸਾਡੀ ਸਰਕਾਰ ਅਜਿਹੇ ਕੈਨੇਡਾ ਦੇ ਨਿਰਮਾਣ ਵਿਚ ਜੁੱਟੀ ਹੋਈ ਹੈ ਜੋ ਸਾਰਿਆਂ ਨੂੰ ‘ਜੀ-ਆਇਆਂ’ ਕਹਿੰਦਾ ਹੈ।” ਗੁਰਬਾਣੀ ਦੇ ਅਖੰਡ ਪਾਠ ਅਤੇ ਇਸ ਉਪਰੰਤ ਕੀਰਤਨ ਸਮਾਗ਼ਮ ਤੇ ਗੁਰੂ ਕੇ ਲੰਗਰ ਵਿਚ ਸੋਨੀਆ ਸਿੱਧੂ ਸਮੇਤ ਹੋਰ ਸੈਂਕੜੇ ਮੈਂਬਰ ਪਾਰਲੀਮੈਂਟ ਅਤੇ ਮਹਿਮਾਨ ਸ਼ਾਮਲ ਹੋਏ। ਸੋਨੀਆ ਇਸ ਵਿਸਾਖੀ ਸਮਾਗ਼ਮ ਸਬੰਧੀ ਹਾਊਸ ਆਫ਼ ਕਾਮਨਜ਼ ਵਿਚ ਵੀ ਆਪਣੀ ਸਟੇਟਮੈਂਟ ਦੇਣਗੇ। ਉਨ੍ਹਾਂ ਸਾਰੇ ਕੈਨੇਡਾ-ਵਾਸੀਆਂ ਅਤੇ ਵਿਦੇਸ਼ਾਂ ਵਿਚ ਵੱਸਦੇ ਸਿੱਖ-ਭਾਈਚਾਰੇ ਨੂੰ ਵਿਸਾਖੀ ਦੀ ਹਾਰਦਿਕ-ਮੁਬਾਰਕਬਾਦ ਦਿੱਤੀ ਅਤੇ ਬਰੈਂਪਟਨ ਸਾਊਥ ਰਾਈਡਿੰਗ ਦੇ ਵਸਨੀਕਾਂ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਵਧ-ਚੜ੍ਹ ਕੇ ਮਨਾਉਣ ਦੀ ਆਸ ਪ੍ਰਗਟ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …