ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬੀਤੇ ਐਤਵਾਰ 17 ਜੁਲਾਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ‘ਸੈਂਟਰ ਆਈਲੈਂਡ’ ਦਾ ਮਨੋਰੰਜਕ ਟੂਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਘੋਲੀਆ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰਾਂ ਨੇ ਦੋ ਬੱਸਾਂ ਵਿੱਚ ਸਵਾਰ ਹੋ ਕੇ ਸਵੇਰੇ 9.30 ਵਜੇ ਟੋਰਾਂਟੋ ਡਾਊਨ ਟਾਊਨ ਵੱਲ ਚਾਲੇ ਪਾ ਦਿੱਤੇ ਅਤੇ ਰਸਤੇ ਵਿੱਚ ਹੱਸਦੇ-ਹਸਾਉਂਦੇ ਇੱਕ ਦੂਜੇ ਨਾਲ ਗੱਪ-ਸ਼ੱਪ ਲਗਾਉਂਦੇ ਹੋਏ ਸੀ. ਐੱਨ. ਟਾਵਰ ਦੇ ਸਾਹਮਣੇ ਫੈਰੀਆਂ ਦੇ ਚੱਲਣ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਇੱਥੋਂ ਫੈਰੀ ਦਾ ਅਨੰਦਮਈ ਸਫ਼ਰ ਤੈਅ ਕਰਦੇ ਹੋਏ ਸੈਂਟਰ ਆਈਲੈਂਡ ‘ਤੇ ਕਦਮ ਰੱਖੇ ਅਤੇ ਉੱਥੇ ਥੋੜ੍ਹਾ-ਬਹੁਤ ਘੁੰਮ-ਘੁਮਾਅ ਕੇ ਆਪਣੇ ਨਾਲ ਲਿਆਂਦੇ ਹੋਏ ਸਨੈਕਸ ਲਏ ਅਤੇ ਚਾਹ-ਪਾਣੀ ਪੀਤਾ।
ਇੱਥੇ ਇਸ ਦਿਨ ‘ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ’ ਵਾਲਿਆਂ ਦਾ ਸਲਾਨਾ ਸਮਾਗ਼ਮ ਚੱਲ ਰਿਹਾ ਸੀ ਜਿਸ ਵਿੱਚ ਕਈ ਤਰ੍ਹਾਂ ਦੇ ਕਲਾਸੀਕਲ ਡਾਂਸ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਹੋ ਰਿਹਾ ਸੀ। ਇਸ ਦੌਰਾਨ ਦੱਖਣੀ ਭਾਰਤ ਦੇ ਇੱਕ ਜਾਦੂਗਰ ਨੇ ਆਪਣੇ ‘ਕਰਤਬਾਂ’ ਨਾਲ ਦਰਸ਼ਕਾਂ ਦਾ ਖ਼ੂਬ ਮਨ ਪ੍ਰਚਾਇਆ। ਨਾਲ ਹੀ ਇਸ ਸੰਸਥਾ ਵੱਲੋਂ ਖਾਣ-ਪੀਣ ਦੀਆਂ ਚੀਜਾਂ-ਵਸਤਾਂ ਦਾ ਲੰਗਰ ਚੱਲ ਰਿਹਾ ਸੀ। ਇਸ ਨੂੰ ਮਾਨਣ ਤੋਂ ਬਾਅਦ ਮੈਂਬਰ ਬੱਚਿਆਂ ਨੂੰ ਲੈ ਕੇ ਛੋਟੀ ਰੇਲ-ਗੱਡੀ ਅਤੇ ਹੋਰ ਰਾਈਡਾਂ ਦਾ ਅਨੰਦ ਲੈਣ ਲਈ ਚੱਲ ਪਏ। ਸਾਵਣ ਦੇ ਮਹੀਨੇ ਨੂੰ ਯਾਦ ਕਰਦਿਆਂ ਕਲੱਬ ਦੀਆਂ ਔਰਤ ਮੈਂਬਰਾਂ ਨੇ ‘ਤੀਆਂ ਦਾ ਪਿੜ’ ਬੰਨ੍ਹ ਕੇ ਬੋਲੀਆਂ ਤੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਖ਼ੂਬ ਰੰਗ ਬੰਨ੍ਹਿਆ ਜਿਸ ਦੀ ਅਗਵਾਈ ਸਵਰਨ ਕੌਰ ਧਾਲੀਵਾਲ ਅਤੇ ਅੰਮ੍ਰਿਤਪਾਲ ਕੌਰ ਚਾਹਲ ਨੇ ਕੀਤੀ। ਏਨੇ ਨੂੰ ਸ਼ਾਮ ਵੀ ਪੈਣੀ ਸ਼ੁਰੂ ਹੋ ਗਈ ਅਤੇ ਸ਼ਾਮੀਂ ਪੰਜ ਕੁ ਵਜੇ ਸਾਰੇ ਵਾਪਸੀ ਲਈ ਫੈਰੀ ‘ਤੇ ਸਵਾਰ ਹੋ ਗਏ। ਸਾਢੇ ਕੁ ਛੇ ਵਜੇ ਬੱਸਾਂ ਵਾਪਸ ਫ਼ਾਦਰ ਟੌਬਿਨ ਪਹੁੰਚ ਗਈਆਂ ਅਤੇ ਸਾਰੇ ਮੈਂਬਰ ਘਰਾਂ ਨੂੰ ਰਵਾਨਾ ਹੋ ਗਏ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …