-5.5 C
Toronto
Monday, January 19, 2026
spot_img
Homeਕੈਨੇਡਾ'ਵਿਭਿੰਨਤਾ ਵਿਚ ਏਕਤਾ' ਦੇ ਨਾਅਰੇ ਨੂੰ ਬੁਲੰਦ ਕਰਦਾ ਹੈ ਕੈਰਾਬਰੈਮ : ਸੋਨੀਆ...

‘ਵਿਭਿੰਨਤਾ ਵਿਚ ਏਕਤਾ’ ਦੇ ਨਾਅਰੇ ਨੂੰ ਬੁਲੰਦ ਕਰਦਾ ਹੈ ਕੈਰਾਬਰੈਮ : ਸੋਨੀਆ ਸਿੱਧੂ

ਕੈਰਾਬਰੈਮ ਦਾ ਉਦੇਸ਼ ਬਰੈਂਪਟਨ ਵਾਸੀਆਂ ਵਿਚਲੀ ਏਕਤਾ ਅਤੇ ਨੇੜਤਾ ਨੂੰ ਹੋਰ ਮਜ਼ਬੂਤ ਕਰਨਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਿਛਲੇ ਦਿਨੀ 12-14 ਜੁਲਾਈ ਨੂੰ ਹੋਏ ਕੈਰਾਬਰੈਮ-2019 ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਆਪਣੀ ਸ਼ਮੂਲੀਅਤ ਕੀਤੀ। ਇਸ ਤਿੰਨ-ਦਿਨਾਂ ਕੈਰਾਬਰੈਮ ਮੇਲੇ ਵਿਚ ਜੀ.ਟੀ.ਏ ਵਿਚ ਰਹਿੰਦੇ ਵੱਖ-ਵੱਖ ਸੱਭਿਆਚਾਰਕ ਗਰੁੱਪਾਂ ਵੱਲੋਂ ਵੱਖੋ-ਵੱਖਰੀਆਂ ਪੈਵਿਲੀਅਨਾਂ ਵਿਚ ਆਪੋ-ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਕਲਾ-ਕਿਰਤਾਂ, ਖਾਣੇ, ਗੀਤ-ਸੰਗੀਤ, ਨਾਚ, ਆਦਿ ਨੂੰ ਬਾਖ਼ੂਬੀ ਦਰਸਾਇਆ ਗਿਆ। ਇਹ ਕੈਰਾਬਰੈਮ ਮੇਲਾ ਪਿਛਲੇ 36 ਸਾਲਾਂ ਤੋਂ ਹਰ ਸਾਲ ਲਗਾਤਾਰ ਲਗਾਇਆ ਜਾ ਰਿਹਾ ਹੈ ਅਤੇ ਇਸ ਦਾ ਮੁੱਖ ਉਦੇਸ਼ ਬਰੈਂਪਟਨ ਵਿਚ ਵਸ ਰਹੀਆਂ ਵੱਖ-ਵੱਖ ਕਮਿਊਨਿਟੀਆਂ ਵੱਲੋਂ ਆਪੋ-ਆਪਣੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨਾ ਹੁੰਦਾ ਹੈ।ઠ
ਸੋਨੀਆ ਸਿੱਧੂ ਇਸ ਮੇਲੇ ਦੇ ਪਹਿਲੇ ਦਿਨ ਦੇ ਉਦਘਾਟਨੀ-ਸਮਾਰੋਹ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਇਸ ਦੇ ਵੱਖ-ਵੱਖ ਪੈਵਿਲੀਅਨਾਂ ਵਿਚ ਜਾ ਕੇ ਮੇਲੇ ਵਿਚ ਆਏ ਲੋਕਾਂ ਨਾਲ ਗੱਲਾਂ-ਬਾਤਾਂ ਕੀਤੀਆਂ। ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕਮਿਊਨਿਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ઠਹਰ ਸਾਲ ਮਨਾਇਆ ਜਾਣ ਵਾਲਾ ਇਹ ਕੈਰਾਬਰੈਮ ਮੇਲਾ ਬਰੈਂਪਟਨ ਵਿਚ ਵੱਸਦੇ ਵੱਖ-ਵੱਖ ਸੱਭਿਆਚਾਰਾਂ ਵਾਲੇ ਲੋਕਾਂ ਦੀ ਏਕਤਾ ਨੂੰ ਦਰਸਾਉਂਦਾ ਹੈ ਅਤੇ ਕੈਨੇਡਾ ਦੇ ਵਿਭਿੰਨਤਾ ਵਿਚ ਏਕਤਾ ਦੇ ਨਾਅਰੇ ਨੂੰ ਬੁਲੰਦ ਕਰਦਾ ਹੈ। ਇਸ ਦਾ ਉਦੇਸ਼ ਬਰੈਂਪਟਨ-ਵਾਸੀਆਂ ਵਿਚਲੀ ਏਕਤਾ ਅਤੇ ਨੇੜਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਇਸ ਮੇਲੇ ਦੇ ਵੱਡੇ ਸਮਰਥਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੱਗੋਂ ਲਈ ਵੀ ਇਸ ਦੇ ਇੰਝ ਹੀ ਸਮਰਥਕ ਬਣੇ ਰਹਿਣਗੇ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ, ”ਸਭਿੱਆਚਾਰਾਂ ਅਤੇ ਉੱਪ-ਸਭਿੱਆਚਾਰਾਂ ਵਿਚਕਾਰ ਭਾਈਚਾਰਕ ਅਤੇ ਸ਼ਾਂਤੀਪੂਰਵਕ ਸਬੰਧ ਕੈਰਾਬਰੈਮ ਵਰਗੇ ਵਿੱਦਿਅਕ ਅਤੇ ਸੱਭਿਆਚਾਰਕ ਕਮਿਊਨਿਟੀ ਸਮਾਰੋਹਾਂ ਨਾਲ ਹੀ ਅੱਗੇ ਵੱਧਦੇ ਹਨ। ਬਰੈਂਪਟਨ-ਵਾਸੀਆਂ ਦੇ ਵੱਡੀ ਗਿਣਤੀ ਵਿਚ ਇਸ ਮੇਲੇ ਵਿਚ ਆਉਣ ‘ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਲੋਕ ਇੱਥੇ ਆ ਕੇ ਇਕ ਦੂਸਰੇ ਦੀ ਜੀਵਨ-ਜਾਚ ਬਾਰੇ ਬੜਾ ਕੁਝ ਸਿੱਖਦੇ ਹਨ।
ਕੈਰਾਬਰੈਮ ਦਾ ਸਲਾਨਾ ਈਵੈਂਟ ਇਸ ਗੱਲ ਨੂੰ ਭਲੀ-ਭਾਂਤ ਦਰਸਾਉਂਦਾ ਹੈ ਕਿ ਇੱਥੋਂ ਦੇ ਅਗਾਂਹ-ਵਧੂ ਲੋਕ ਸੱਭਿਆਚਾਰਕ-ਵਿਭਿੰਨਤਾ ਪ੍ਰਤੀ ਜਾਗਰੂਕ ਹਨ ਅਤੇ ਉਹ ਇਸ ਨੂੰ ਬਾਰੀਕੀ ਨਾਲ ਸਮਝ ਕੇ ਪ੍ਰਾਥਮਿਕਤਾ ਦਿੰਦੇ ਹਨ। ਆਪਣੇ ਗਵਾਂਢੀ ਨਾਲ ਪਿਆਰ ਕਰਨ ਦਾ ਭਾਵ ਉਸ ਨੂੰ ਸਮਝਣ ਅਤੇ ਉਸ ਦੇ ਨਾਲ ਗੱਲਾਂ-ਬਾਤਾਂ ਸਾਂਝੀਆਂ ਕਰਨ ਲਈ ਸਮਾਂ ਕੱਢਣਾ ਹੈ। ਇਸ ਮੇਲੇ ਵਿਚ ਹਰ ਕੋਈ ਦੂਸਰਿਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਮਿਲ ਕੇ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹੀ ਇਸ ਮੇਲੇ ਦੀ ਮੁੱਖ ਪ੍ਰਾਪਤੀ ਹੈ।”

RELATED ARTICLES
POPULAR POSTS