0.2 C
Toronto
Wednesday, December 10, 2025
spot_img
Homeਭਾਰਤਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਦੇ ਮਾਮਲੇ 'ਚ ਪੰਜਾਬ ਦਾ ਨੰਬਰ...

ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਦੇ ਮਾਮਲੇ ‘ਚ ਪੰਜਾਬ ਦਾ ਨੰਬਰ ਪਹਿਲਾ

ਨਵੀਂ ਦਿੱਲੀ : ਭਾਰਤ ਸਰਕਾਰ ਦੇ ਅੰਕੜੇ ਅਨੁਸਾਰ ਦੇਸ਼ ਦਾ ਧਰਤੀ ਹੇਠਲਾ ਪਾਣੀ 16 ਫ਼ੀਸਦੀ ਤਹਿਸੀਲਾਂ, ਮੰਡਲਾਂ ਤੇ ਬਲਾਕਾਂ ਵਿਚ ਬੇਹੱਦ ਖ਼ਰਾਬ ਹੋ ਚੁੱਕਾ ਹੈ, ਜਦੋਂਕਿ 4 ਫ਼ੀਸਦੀ ਵਿਚ ਪਾਣੀ ਗੰਭੀਰ ਪੱਧਰ ਤੱਕ ਹੇਠਾ ਜਾ ਚੁੱਕਾ ਹੈ। ਅੰਕੜੇ ਅਨੁਸਾਰ ਜੋ ਰਾਜ ਧਰਤੀ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਦੁਰਵਰਤੋਂ ਕਰ ਰਹੇ ਹਨ, ਉਨ੍ਹਾਂ ਵਿਚ ਪਹਿਲਾ ਸਥਾਨ ਪੰਜਾਬ (76 ਫ਼ੀਸਦੀ) ਦਾ ਹੈ, ਦੂਜੇ ਸਥਾਨ ‘ਤੇ ਰਾਜਸਥਾਨ (66 ਫ਼ੀਸਦੀ), ਤੀਜੇ ਸਥਾਨ ‘ਤੇ ਦਿੱਲੀ (56 ਫ਼ੀਸਦੀ) ਤੇ ਚੌਥੇ ਸਥਾਨ ‘ਤੇ ਹਰਿਆਣਾ (54 ਫ਼ੀਸਦੀ) ਹੈ। ਕੇਂਦਰ ਸਰਕਾਰ ਵਲੋਂ ਪਿਛਲੇ ਹਫ਼ਤੇ ਲੋਕ ਸਭਾ ਵਿਚ ਸਾਂਝੇ ਕੀਤੇ ਕੇਂਦਰੀ ਧਰਤੀ ਹੇਠਲਾ ਜਲ ਬੋਰਡ ਦੇ ਅੰਕੜੇ ਅਨੁਸਾਰ ਇਸ ਸੰਸਥਾ ਨੇ 6584 ਬਲਾਕਾਂ, ਮੰਡਲਾਂ ਤੇ ਤਹਿਸੀਲਾਂ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਮੁਆਇਨਾ ਕੀਤਾ ਸੀ। ਇਨ੍ਹਾਂ ਵਿਚ ਕੇਵਲ 4520 ਇਕਾਈਆਂ ਹੀ ਸੁਰੱਖਿਅਤ ਪਾਈਆਂ ਗਈਆਂ, ਜਦੋਂਕਿ 1034 ਇਕਾਈਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਹੱਦ ਤੋਂ ਵੱਧ ਕੱਢਣ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਕਰੀਬ 681 ਬਲਾਕ, ਮੰਡਲ ਤੇ ਤਹਿਸੀਲਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ (ਜੋ ਕਿ ਕੁੱਲ ਸੰਖਿਆ ਦਾ 10 ਫ਼ੀਸਦੀ ਹੈ) ਅਰਧ ਗੰਭੀਰ ਸੰਕਟ ਸੂਚੀ ਵਿਚ ਰੱਖਿਆ ਗਿਆ ਹੈ, ਜਦੋਂਕਿ 253 ਨੂੰ ਗੰਭੀਰ ਸੂਚੀ ਵਿਚ ਰੱਖਿਆ ਗਿਆ ਹੈ।
ਪਾਣੀ ਬਚਾਉਣ ਦੀਆਂ ਕੋਸ਼ਿਸ਼ਾਂ ਲਈ ਪੰਜਾਬ ਦੀ ਕੀਤੀ ਸ਼ਲਾਘਾ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਚੌਥਾ ਹਿੱਸਾ ਪਾਣੀ ਦੀ ਕਿੱਲਤ ‘ਤੇ ਹੀ ਕੇਂਦਰਿਤ ਰੱਖਦਿਆਂ ਕੁਝ ਸੂਬਿਆਂ ਵਲੋਂ ਪਾਣੀ ਦੇ ਬਚਾਅ ਦੀਆਂ ਛੋਟੀਆਂ-ਛੋਟੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਇਸ ਕਵਾਇਦ ਵਿਚ ਉਨ੍ਹਾਂ ਪੰਜਾਬ ਦਾ ਜ਼ਿਕਰ ਕਰਦਿਆਂ ਸੂਬੇ ਵਲੋਂ ਨਿਕਾਸੀ ਨਾਲਿਆਂ ਦੀ ਮੁਰੰਮਤ ਦੇ ਕੰਮ ਦੀ ਸ਼ਲਾਘਾ ਕੀਤੀ, ਜਿਸ ਨਾਲ ਗੰਦਾ ਪਾਣੀ ਇਕੱਠਾ ਹੋਣ ਦੀ ਸਮੱਸਿਆ ਤੋਂ ਨਜਿੱਠਿਆ ਜਾ ਸਕਦਾ ਹੈ। ਮੋਦੀ ਨੇ ਇਸੇ ਲੜੀ ਵਿਚ ਤੇਲੰਗਾਨਾ, ਰਾਜਸਥਾਨ, ਤਾਮਿਲਨਾਡੂ ਦਾ ਵੀ ਵਿਸ਼ੇਸ਼ ਤੌਰ ‘ਤੇ ਨਾਂ ਲੈਂਦਿਆਂ ‘ਜਦ ਜਨ-ਜਨ ਜੁੜੇਗਾ, ਜਲ ਬਚੇਗਾ’ ਦਾ ਨਾਅਰਾ ਵੀ ਦਿੱਤਾ। ਪਾਣੀ ਨੂੰ ਜੀਵਨ ਦੀ ਅਹਿਮ ਲੋੜ ਦੱਸਦਿਆਂ ਉਨ੍ਹਾਂ ਵੱਖ-ਵੱਖ ਖ਼ੇਤਰਾਂ ਦੀਆਂ ਸ਼ਖ਼ਸੀਅਤਾਂ ਨੂੰ ਇਸ ਮੁੱਦੇ ‘ਤੇ ਅੱਗੇ ਆ ਕੇ ਸਮਾਜ ਨੂੰ ਨਾਲ ਜੋੜਨ ਦੀ ਅਪੀਲ ਕੀਤੀ।

RELATED ARTICLES
POPULAR POSTS