ਸ਼ਿਮਲਾ ਵਿੱਚ ਹੋਈ ਸੀਜ਼ਨ ਦੀ ਦੂਜੀ ਹਲਕੀ ਬਰਫਬਾਰੀ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਸੈਲਾਨੀਆਂ, ਸਥਾਨਕ ਲੋਕਾਂ ਅਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਖ਼ੁਸ਼ੀ ’ਚ ਊਨੀ ਕੱਪੜਿਆਂ ਵਿੱਚ ਸਜੇ ਸਥਾਨਕ ਵਸਨੀਕ ਤੇ ਸੈਲਾਨੀ ਬੱਦਲਵਾਈ ਵਾਲੇ ਅਸਮਾਨ ਹੇਠ ਬਰਫ਼ਬਾਰੀ ਦਾ ਆਨੰਦ ਲੈਣ ਲਈ ਬਾਹਰ ਨਿਕਲੇ। ਇਸ ਦੌਰਾਨ ਖੇਤਰ ਵਿੱਚ ਬਰਫ਼ੀਲੀਆਂ ਹਵਾਵਾਂ ਚੱਲ ਰਹੀਆਂ ਸਨ। ਸੈਲਾਨੀ ਸ਼ਹਿਰ ਦੇ ਦੇ ਰਿਜ ਅਤੇ ਮਾਲ ਰੋਡ ’ਤੇ ਬਰਫਬਾਰੀ ਦਾ ਆਨੰਦ ਮਾਣਦੇ ਦੇਖੇ ਗਏ। ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਹੋਰ ਪਹਾੜੀ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ ਹੈ। ਇਸੇ ਦੌਰਾਨ ਪੰਜਾਬ ਵਿਚ ਕੁਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋਈ ਹੈ, ਜਿਸ ਨਾਲ ਪੂਰੇ ਖੇਤਰ ਵਿਚ ਠੰਡ ਨੇ ਵੀ ਹੋਰ ਜ਼ੋਰ ਫੜ ਲਿਆ ਹੈ।