ਪਾਣੀ ਬਚਾਉਣ ਲਈ ਜਨ ਮੁਹਿੰਮ ਬਣਾਉਣ ਦੀ ਲੋੜ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਤਕਰੀਬਨ 3 ਮਹੀਨਿਆਂ ਦੇ ਵਕਫ਼ੇ ਬਾਅਦ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ (ਪ੍ਰੋਗਰਾਮ) ਨੂੰ ‘ਅਹਿਮ (ਮੈਂ) ਤੋਂ ਵਿਅਮ (ਹਮ)’ ਤੱਕ ਪਹੁੰਚਣ ਦਾ ਮੰਚ ਤਾਂ ਕਰਾਰ ਦਿੱਤਾ ਹੀ, ਨਾਲ ਹੀ ਜਨਤਾ ਨੂੰ ਦੂਜੇ ਕਾਰਜਕਾਲ ਦੀ ਪਹਿਲੀ ਅਪੀਲ ਵਜੋਂ ਪਾਣੀ ਬਚਾਉਣ ਨੂੰ ਜਨ ਅੰਦੋਲਨ ਬਣਾਉਣ ਨੂੰ ਕਿਹਾ। ਪ੍ਰਧਾਨ ਮੰਤਰੀ ਵਜੋਂ ਪਹਿਲੇ ਕਾਰਜਕਾਲ ਵਿਚ ਫਰਵਰੀ ਵਿਚ ਕੀਤੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਬਾਅਦ ਲੋਕ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਮੋਦੀ ਦਾ ਇਹ ਪਹਿਲਾ ‘ਮਨ ਕੀ ਬਾਤ’ ਦਾ ਸੰਬੋਧਨ ਸੀ, ਜਿਸ ਨੂੰ ਵਧੇਰੇ ਤੌਰ ‘ਤੇ ਹਲਕਾ-ਫ਼ੁਲਕਾ ਰੱਖਦਿਆਂ ਮੋਦੀ ਨੇ ਇਸ ਨੂੰ ਆਪਣੇਪਣ, ਜੁੜਾਵ ਅਤੇ ਪਰਿਵਾਰਕ ਮਾਹੌਲ ਸਿਰਜਣ ਵਾਲਾ ਪ੍ਰੋਗਰਾਮ ਕਰਾਰ ਦਿੰਦਿਆਂ ਆਪਣੇ ਮਨ ਦੇ ਕਰੀਬ ਦੱਸਿਆ। ਮੋਦੀ ਨੇ ਕਿਹਾ ਕਿ ਇਸ ਵਾਰ ਵੀ ਲੋਕਾਂ ਨੇ ਸਿਰਫ਼ ਲੋਕਤੰਤਰ ਲਈ ਵੋਟਿੰਗ ਕੀਤੀ।
ਪ੍ਰਧਾਨ ਮੰਤਰੀ ਨੇ ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ‘ਸਵੱਛਤਾ ਮੁਹਿੰਮ’ ਵਾਂਗ ਪਾਣੀ ਦੇ ਬਚਾਅ ਨੂੰ ਵੀ ਜਨ ਮੁਹਿੰਮ ਬਣਾਉਣ ਦੀ ਲੋੜ ਹੈ। ਉਨ੍ਹਾਂ ਜਨ ਮੁਹਿੰਮ ਬਣਾਉਣ ਤੋਂ ਇਲਾਵਾ ਰਵਾਇਤੀ ਤੌਰ ‘ਤੇ ਪਾਣੀ ਦੇ ਬਚਾਅ ਦੇ ਤਜਰਬਿਆਂ ਦੀ ਵਰਤੋਂ ਕਰਨ ਅਤੇ ਇਸ ਸਬੰਧ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਨ ਦੀ ਅਪੀਲ ਕੀਤੀ। ਸੋਸ਼ਲ ਮੀਡੀਆ ਦੀ ਤਾਕਤ ਤੋਂ ਜਾਣੂ ਪ੍ਰਧਾਨ ਮੰਤਰੀ ਨੇ ‘ਜਨ ਸ਼ਕਤੀ ਫਾਰ ਜਨ ਸ਼ਕਤੀ’ ਹੈਸ਼ਟੈਗ ਚਲਾਉਣ ਦੀ ਅਪੀਲ ਵੀ ਕੀਤੀ।
Check Also
ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਰੈਲੀਆਂ ਰੱਦ ਕੀਤੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਅਸਥਿਰ ਹਾਲਾਤ ਦੇ …