ਸਾਬਕਾ ਰਾਜਪਾਲ ਦਾ ਦਾਅਵਾ- ਹਮਲੇ ਦੀ ਜਾਂਚ ਹੁੰਦੀ ਤਾਂ ਤਤਕਾਲੀ ਗ੍ਰਹਿ ਮੰਤਰੀਨੂੰ ਦੇਣਾ ਪੈਂਦਾ ਅਸਤੀਫ਼ਾ, ਪ੍ਰਧਾਨ ਮੰਤਰੀ ਨੇ ਮੂੰਹ ਬੰਦ ਰੱਖਣ ਲਈ ਕਿਹਾ
ਜੈਪੁਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ‘ਤੇ ਹੋਏ ਦਹਿਸ਼ਤੀ ਹਮਲੇ ਲਈ ਕੇਂਦਰ ਸਰਕਾਰ ਨੂੰ ਮੁੜ ਘੇਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ‘ਸਾਡੇ ਫੌਜੀਆਂ ਦੀਆਂ ਲਾਸ਼ਾਂ ‘ਤੇ ਲੜੀਆਂ ਗਈਆਂ ਸਨ।’ ਮਲਿਕ ਨੇ ਕਿਹਾ ਕਿ ਜੇਕਰ ਉਦੋਂ ਇਸ ਘਟਨਾ ਦੀ ਜਾਂਚ ਹੁੰਦੀ ਤਾਂ ਤਤਕਾਲੀ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ।
ਸਾਬਕਾ ਰਾਜਪਾਲ ਨੇ ਦਾਅਵਾ ਕੀਤਾ ਕਿ ਦਹਿਸ਼ਤੀ ਹਮਲੇ ਤੋਂ ਫੌਰੀ ਮਗਰੋਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਸੂਚਿਤ ਕੀਤਾ ਸੀ, ਪਰ ”ਉਨ੍ਹਾਂ ਮੈਨੂੰ ਮੂੰਹ ਬੰਦ ਰੱਖਣ ਲਈ ਆਖ ਦਿੱਤਾ।”
ਅਲਵਰ ਜ਼ਿਲ੍ਹੇ ਦੇ ਬਾਂਸੁਰ ਵਿਚ ਇਕ ਸਮਾਗਮ ਦੌਰਾਨ ਮਲਿਕ ਨੇ ਕਿਹਾ, ”2019 ਦੀਆਂ ਲੋਕ ਸਭਾ ਚੋਣਾਂ ਸਾਡੇ ਫੌਜੀਆਂ ਦੀਆਂ ਲਾਸ਼ਾਂ ‘ਤੇ ਲੜੀਆਂ ਗਈਆਂ ਤੇ ਦਹਿਸ਼ਤੀ ਹਮਲੇ ਦੀ ਕੋਈ ਜਾਂਚ ਨਹੀਂ ਹੋਈ। ਜੇਕਰ ਪੜਤਾਲ ਹੁੰਦੀ, ਤਾਂ ਤਤਕਾਲੀ ਗ੍ਰਹਿ ਮੰਤਰੀ (ਰਾਜਨਾਥ ਸਿੰਘ) ਨੂੰ ਅਸਤੀਫ਼ਾ ਦੇਣਾ ਪੈਂਦਾ। ਕਈ ਅਧਿਕਾਰੀਆਂ ਨੂੰ ਜੇਲ੍ਹ ਹੁੰਦੀ ਤੇ ਇਕ ਵੱਡਾ ਵਿਵਾਦ ਖੜ੍ਹਾ ਹੋ ਜਾਂਦਾ।” ਦੱਸ ਦੇਈਏ ਕਿ 14 ਫਰਵਰੀ 2019 ਨੂੰ ਸੀਆਰਪੀਐੱਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਦਹਿਸ਼ਤੀ ਹਮਲੇ ਮੌਕੇ ਸੱਤਿਆਪਾਲ ਮਲਿਕ ਜੰਮੂ ਕਸ਼ਮੀਰ ਦੇ ਰਾਜਪਾਲ ਸਨ।
ਐਤਵਾਰ ਨੂੰ ਹੋਏ ਸਮਾਗਮ ਦੌਰਾਨ ਮਲਿਕ ਨੇ ਕਿਹਾ ਕਿ ਜਦੋਂ ਪੁਲਵਾਮਾ ਹਮਲਾ ਹੋਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦੋਂ ਉੱਤਰਾਖੰਡ ਦੇ ਜਿਮ ਕੋਰਬੈੱਟ ਨੈਸ਼ਨਲ ਪਾਰਕ ਵਿੱਚ ਦਸਤਾਵੇਜ਼ੀ ਦੀ ਸ਼ੂਟਿੰਗ ਕਰ ਰਹੇ ਸਨ। ਮਲਿਕ ਨੇ ਕਿਹਾ, ”ਜਦੋਂ ਉਹ ਉਥੋਂ ਆਏ, ਮੈਨੂੰ ਉਨ੍ਹਾਂ ਵੱਲੋਂ ਕਾਲ ਆਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਫੌਜੀ ਮਾਰੇ ਗਏ ਹਨ ਤੇ ਉਹ ਸਾਡੀ ਗ਼ਲਤੀ ਕਰਕੇ ਮਰੇ ਹਨ। ਉਨ੍ਹਾਂ ਮੈਨੂੰ ਮੂੰਹ ਬੰਦ ਰੱਖਣ ਲਈ ਆਖ ਦਿੱਤਾ।”
ਕਾਬਿਲੇਗੌਰ ਹੈ ਕਿ ਸੀਬੀਆਈ ਨੇ ਬੀਮਾ ਘੁਟਾਲੇ ਮਾਮਲੇ ਵਿੱਚ ਅਜੇ ਪਿਛਲੇ ਦਿਨੀਂ ਮਲਿਕ ਤੋਂ ਪੁੱਛ-ਪੜਤਾਲ ਕੀਤੀ ਸੀ। ਸਾਬਕਾ ਰਾਜਪਾਲ ਨੇ ਦਾਅਵਾ ਕੀਤਾ ਸੀ ਕਿ ਬੀਮਾ ਸਕੀਮ ਨੂੰ ਲੈ ਕੇ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਮਲਿਕ ਅਡਾਨੀ ਮਸਲੇ ‘ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਰਹੇ ਹਨ। ਮਲਿਕ ਨੇ ਕਿਹਾ, ”ਮੈਂ ਗੋਆ ਵਿੱਚ ਸੀ। ਮੈਂ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਬਾਰੇ ਸ਼ਿਕਾਇਤ ਕੀਤੀ।
ਨਤੀਜਾ ਇਹ ਹੋਇਆ ਕਿ ਮੈਨੂੰ ਰਾਜਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਮੁੱਖ ਮੰਤਰੀ ਆਪਣੀ ਕੁਰਸੀ ‘ਤੇ ਕਾਇਮ ਰਿਹਾ। ਲਿਹਾਜ਼ਾ ਮੈਨੂੰ ਯਕੀਨ ਹੈ ਕਿ ਉਹ ਉਨ੍ਹਾਂ (ਪ੍ਰਧਾਨ ਮੰਤਰੀ) ਦੀ ਨੱਕ ਹੇਠ ਭ੍ਰਿਸ਼ਟਾਚਾਰ ਕਰ ਰਹੇ ਹਨ ਤੇ ਉਨ੍ਹਾਂ ਦੀ ਹਿੱਸੇਦਾਰੀ ਹੈ ਤੇ ਪੂਰਾ ਹਿੱਸਾ ਅਡਾਨੀ ਨੂੰ ਜਾਂਦਾ ਹੈ।” ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਬਦਲਣ। ਉਨ੍ਹਾਂ ਕਿਹਾ, ”ਕਿਉਂਕਿ ਜੇਕਰ ਤੁਸੀਂ ਉਨ੍ਹਾਂ ਨੂੰ ਮੁੜ ਵੋਟ ਪਾਈ, ਤਾਂ ਫਿਰ ਤੁਹਾਨੂੰ ਮੁੜ ਵੋਟ ਪਾਉਣ ਦਾ ਮੌਕਾ ਨਹੀਂ ਮਿਲਣਾ। ਇਸ ਮਗਰੋਂ ਉਹ ਤੁਹਾਨੂੰ ਵੋਟ ਨਹੀਂ ਪਾਉਣ ਦੇਵੇਗਾ, ਉਹ ਕਹੇਗਾ ਕਿ ਹਰ ਵਾਰੀ ਮੈਂ ਹੀ ਜਿੱਤਦਾ ਹਾਂ, ਫਿਰ ਚੋਣਾਂ ‘ਤੇ ਖਰਚਾ ਕਰਨ ਦੀ ਕੀ ਲੋੜ ਹੈ।”
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …