Breaking News
Home / ਭਾਰਤ / ਅੰਨਾ ਹਜ਼ਾਰੇ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਕੇਜਰੀਵਾਲ ਨੂੰ ਲਿਖਿਆ ਪੱਤਰ

ਅੰਨਾ ਹਜ਼ਾਰੇ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਕੇਜਰੀਵਾਲ ਨੂੰ ਲਿਖਿਆ ਪੱਤਰ

ਕਿਹਾ : ਤੁਹਾਡੀ ਕਹਿਣੀ ਅਤੇ ਕਰਨੀ ’ਚ ਫਰਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਮਾਜ ਸੇਵੀ ਅੰਨਾ ਹਜ਼ਾਰ ਨੇ ਦਿੱਲੀ ਦੀ ਸ਼ਰਾਬ ਨੀਤੀ ’ਚ ਘੋਟਾਲੇ ਦੀਆਂ ਖਬਰਾਂ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਸ਼ਰਾਬ ਨੀਤੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਚੰਗੀ ਫਟਕਾਰ ਲਗਾਈ। ਅੰਨਾ ਹਜ਼ਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਜੀਵਨ ਨੂੰ ਬਰਬਾਦ ਕਰਨ ਵਾਲੀ, ਮਹਿਲਾਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਰਾਬ ਨੀਤੀ ਬਣਾਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਤੁਹਾਡੀ ਕਹਿਣੀ ਅਤੇ ਕਰਨੀ ’ਚ ਫਰਕ ਹੈ। ਉਨ੍ਹਾਂ ਪੱਤਰ ’ਚ ਅੱਗੇ ਲਿਖਿਆ ਕਿ 10 ਸਾਲ ਪਹਿਲਾਂ 18 ਸਤੰਬਰ 2012 ਨੂੰ ਦਿੱਲੀ ’ਚ ਟੀਮ ਅੰਨਾ ਦੇ ਮੈਂਬਰਾਂ ਦੀ ਇਕ ਮੀਟਿੰਗ ਹੋਈ। ਉਸ ਸਮੇਂ ਤੁਸੀਂ ਰਾਜਨੀਤਿਕ ਰਸਤਾ ਅਖਤਿਆਰ ਕਰਨ ਦੀ ਗੱਲ ਰੱਖੀ ਪ੍ਰੰਤੂ ਕੇਜਰੀਵਾਲ ਭੁੱਲ ਗਏ ਕਿ ਰਾਜਨੀਤਿਕ ਪਾਰਟੀ ਬਣਾਉਣਾ ਸਾਡੇ ਅੰਦੋਲਨ ਦਾ ਉਦੇਸ਼ ਨਹੀਂ ਸੀ। ਉਸ ਸਮੇਂ ਟੀਮ ਅੰਨਾ ਦੇ ਲਈ ਜਨਤਾ ’ਚ ਵਿਸ਼ਵਾਸ ਪੈਦਾ ਹੋ ਗਿਆ ਸੀ। ਇਸ ਲਈ ਉਸ ਸਮੇਂ ਮੇਰੀ ਸੋਚ ਸੀ ਕਿ ਟੀਮ ਅੰਨਾ ਦੇਸ਼ ਭਰ ’ਚ ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰੇ, ਪ੍ਰੰਤੂ ਅਜਿਹਾ ਹੋ ਨਹੀਂ ਸਕਿਆ। ਜੇਕਰ ਉਸ ਸਮੇਂ ਇਸ ਦਿਸ਼ਾ ਕੰਮ ਕੀਤਾ ਗਿਆ ਹੁੰਦਾ ਤਾਂ ਅੱਜ ਇਹ ਸ਼ਰਾਬ ਨੀਤੀ ਨਾ ਬਣਦੀ। ਅੰਨਾ ਹਜ਼ਾਰੇ ਨੇ ਕਿਹਾ ਕਿ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਸਰਕਾਰ ਨੂੰ ਲੋਕ ਭਲਾਈ ਦੇ ਕੰਮ ਕਰਨ ਲਈ ਮਜਬੂਰ ਕਰਨ ਵਾਲਾ ਇਕਸਮਾਨ ਵਿਚਾਰਧਾਰਾ ਵਾਲੇ ਲੋਕਾਂ ਦਾ ਇਕ ਗਰੁੱਪ ਹੋਣਾ ਚਾਹੀਦਾ ਸੀ , ਜੇਕਰ ਅਜਿਹਾ ਹੋ ਜਾਂਦਾ ਤਾਂ ਦੇਸ਼ ਅੱਜ ਅਲੱਗ ਹੀ ਸਥਿਤੀ ’ਚ ਹੁੰਦਾ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਰਾਜਨੀਤਿਕ ਪਾਰਟੀ ਬਣਾ ਲਈ। ਇਤਿਹਾਸਕ ਅੰਦੋਲਨ ਦਾ ਨੁਕਸਾਨ ਕਰਕੇ ਜਿਹੜੀ ਪਾਰਟੀ ਬਣਾਈ ਗਈ, ਉਹ ਵੀ ਦੂਜੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਬਣਾਏ ਗਏ ਰਸਤੇ ’ਤੇ ਹੀ ਚੱਲ ਰਹੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …