ਪੱਛਮੀ ਕਮਾਂਡ ਦੇ ਮੁਖੀ ਮੁਤਾਬਕ ਪਾਕਿ ਖਿਲਾਫ ਭਾਰਤ ਨੇ ਬਦਲੀ ਰਣਨੀਤਕ ਸੋਚ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਨੇ ਪਹਿਲਗਾਮ ‘ਚ ਪਾਕਿਸਤਾਨ ਦੇ ਦਹਿਸ਼ਤੀ ਕਾਰੇ ਨੂੰ ਨਾ ਸਿਰਫ ਲਹਿੰਦੇ ਪੰਜਾਬ ‘ਚ ਮਿਜ਼ਾਈਲਾਂ ਰਾਹੀਂ ਹਮਲੇ ਕਰਕੇ ਸਜ਼ਾ ਦਿੱਤੀ ਹੈ ਸਗੋਂ ਉਸ ਦੀ ਪਰਮਾਣੂ ਹਮਲੇ ਦੀ ਧਮਕੀ ਨੂੰ ਅਣਗੌਲਿਆ ਕਰਕੇ ਆਪਣੇ ਇਰਾਦਿਆਂ ਅਤੇ ਸਮਰੱਥਾ ਦਾ ਮਜ਼ਬੂਤ ਸੁਨੇਹਾ ਵੀ ਦਿੱਤਾ ਹੈ। ਵਿਸ਼ੇਸ਼ ਇੰਟਰਵਿਊ ‘ਚ ਪੱਛਮੀ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਦੱਸਿਆ ਕਿ ਭਾਰਤ ਨੇ 2002 ‘ਚ ‘ਅਪਰੇਸ਼ਨ ਪਰਾਕ੍ਰਮ’ ਮਗਰੋਂ ਆਪਣੀ ਰਣਨੀਤਕ ਸੋਚ ‘ਚ ਬਦਲਾਅ ਲਿਆਂਦਾ ਹੈ ਜਿਸ ‘ਚ ਪਾਕਿਸਤਾਨੀ ਪੰਜਾਬ ਦੇ ਨਾਲ ਨਾਲ ਗੁਆਂਢੀ ਮੁਲਕ ਦੇ 11 ਏਅਰਬੇਸਾਂ ‘ਤੇ ਜ਼ੋਰਦਾਰ ਅਤੇ ਸਟੀਕ ਹਮਲੇ ਕੀਤੇ ਗਏ। ਜਨਰਲ ਕਟਿਆਰ ਨੇ ਕਿਹਾ, ”ਪਾਕਿਸਤਾਨ ਅੰਦਰ ਜਾ ਕੇ ਹਮਲਾ ਕਰਕੇ ਅਸੀਂ ਆਪਣੀ ਇੱਛਾ ਮੁਤਾਬਕ ਸਮੇਂ ਅਤੇ ਸਥਾਨ ਦੀ ਚੋਣ ਕੀਤੀ ਅਤੇ ਹਮਲਾ ਕਰਨ ਦਾ ਅਹਿਦ ਪੂਰਾ ਕੀਤਾ।
ਪਾਕਿਸਤਾਨੀ ਆਗੂਆਂ ਨੂੰ ਭਾਰਤੀ ਲੀਡਰਸ਼ਿਪ ਦੀ ਮਨਸ਼ਾ ਅਤੇ ਭਾਰਤੀ ਫੌਜ ਦੀ ਸਮਰੱਥਾ ਬਾਰੇ ਸੁਨੇਹਾ ਮਿਲ ਗਿਆ ਹੈ।” ਚੰਡੀਮੰਦਰ ਸਥਿਤ ਪੱਛਮੀ ਕਮਾਂਡ ਦੇ ਦਫਤਰ ‘ਚ ਗੱਲਬਾਤ ਕਰਦਿਆਂ ਜਨਰਲ ਕਟਿਆਰ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀਆਂ ਪਰਮਾਣੂ ਚਿਤਾਵਨੀਆਂ ਨੂੰ ਉਜਾਗਰ ਕੀਤਾ ਸੀ ਜਿਸ ਦਾ ਖ਼ਤਰਾ ਉਪ ਮਹਾਦੀਪ ‘ਤੇ 1998 ਤੋਂ ਮੰਡਰਾ ਰਿਹਾ ਸੀ।
ਪਾਕਿਸਤਾਨ ਸੋਚਦਾ ਸੀ ਕਿ ਉਹ ਭਾਰਤ ਖਿਲਾਫ ਵਾਰ-ਵਾਰ ਦਹਿਸ਼ਤੀ ਹਮਲੇ ਕਰ ਸਕਦਾ ਹੈ ਅਤੇ ਉਸ ਦਾ ਮੰਨਣਾ ਸੀ ਕਿ ਸੰਭਾਵੀ ਪਰਮਾਣੂ ਜੰਗ ਖਿਲਾਫ ਕੌਮਾਂਤਰੀ ਦਬਾਅ ਹੇਠ ਭਾਰਤ ਜਵਾਬੀ ਕਾਰਵਾਈ ਨਹੀਂ ਕਰੇਗਾ। ਜਨਰਲ ਕਟਿਆਰ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨਾਲ ਭਾਰਤ ਨੇ ਪਾਕਿਸਤਾਨ ਦੀ ਪਰਮਾਣੂ ਸਬੰਧੀ ਧਮਕੀਆਂ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਪਾਕਿਸਤਾਨੀ ਫੌਜ ਅਤੇ ਦਹਿਸ਼ਤੀ ਗੁੱਟਾਂ ਵਿਚਾਲੇ ਸਬੰਧਾਂ ਦਾ ਖ਼ੁਲਾਸਾ ਵੀ ਕਰ ਦਿੱਤਾ ਹੈ।
ਉਨ੍ਹਾਂ ਕਿਹਾ, ”ਪਾਕਿਸਤਾਨ ਦੀ ਆਈਐੱਸਆਈ ਅਤੇ ਪਾਕਿਸਤਾਨ ਵਿੱਚ ਵੱਖ-ਵੱਖ ਤਨਜ਼ੀਮਾਂ (ਅਤਿਵਾਦੀ ਸਮੂਹਾਂ) ਵਿਚਕਾਰ ਸਬੰਧਾਂ ਨੂੰ ਚੰਗੀ ਤਰ੍ਹਾਂ ਦਸਤਾਵੇਜ਼ੀ ਰੂਪ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ, ”ਦੁਨੀਆ ਨੂੰ ਅਤਿਵਾਦ ਅਤੇ ਪਾਕਿਸਤਾਨੀ ਫੌਜ ਦਰਮਿਆਨ ਮਿਲੀਭੁਗਤ ਦਾ ਨੋਟਿਸ ਲੈਣਾ ਚਾਹੀਦਾ ਹੈ।” ਜਨਰਲ ਕਟਿਆਰ ਨੇ ਸਬੂਤ ਵਜੋਂ ਪਾਕਿਸਤਾਨੀ ਪੰਜਾਬ ਦੇ ਮੁਰੀਦਕੇ ਅਤੇ ਬਹਾਵਲਪੁਰ ਵਿੱਚ ਅਤਿਵਾਦੀ ਕੈਂਪਾਂ ‘ਤੇ ਹਮਲਿਆਂ ਵਿੱਚ ਮਾਰੇ ਗਏ ਅਤਿਵਾਦੀਆਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਦੀਆਂ ਤਸਵੀਰਾਂ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ, ”ਨਹੀਂ ਤਾਂ ਤੁਸੀਂ ਪਾਕਿਸਤਾਨੀ ਫੌਜੀਆਂ ਨੂੰ ਇਨ੍ਹਾਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਕਿਉਂ ਦੇਵੋਗੇ?” ਫੌਜ ਦੇ ਕਮਾਂਡਰ ਨੇ 2002 ਵਿੱਚ ‘ਅਪਰੇਸ਼ਨ ਪਰਾਕ੍ਰਮ’ ਮਗਰੋਂ ਭਾਰਤ ਦੇ ਰਣਨੀਤਕ ਸਿਧਾਂਤ ਵਿੱਚ ਆਈ ਤਬਦੀਲੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਦਸੰਬਰ 2001 ਵਿੱਚ ਸੰਸਦ ‘ਤੇ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤੀ ਫੌਜ ਦਸ ਮਹੀਨੇ ਤੱਕ ਪੱਛਮੀ ਸਰਹੱਦ ‘ਤੇ ਤਾਇਨਾਤ ਰਹੀ ਸੀ ਅਤੇ ਇਸ ਦੌਰਾਨ ਉਸ ਨੇ ਇੱਕ ਵੀ ਗੋਲੀ ਨਹੀਂ ਚਲਾਈ ਸੀ। ਉਨ੍ਹਾਂ ਕਿਹਾ, ”2001-02 ਵਿੱਚ ਅਪਰੇਸ਼ਨ ਪਰਾਕ੍ਰਮ ਮਗਰੋਂ ਸੋਚ ਧਮਕਾਉਣ ਦੀ ਥਾਂ ਸਜ਼ਾ ਦੇਣ ਵਿੱਚ ਬਦਲ ਗਈ। ਅਸੀਂ ਇਸ ਨੂੰ 2016 ਵਿੱਚ ਉੜੀ ਤੋਂ ਬਾਅਦ ਵਾਪਰਦਾ ਦੇਖਿਆ। ਅਸੀਂ ਇਸ ਨੂੰ 2019 ਵਿੱਚ ਪੁਲਵਾਮਾ ਮਗਰੋਂ ਹੁੰਦਾ ਦੇਖਿਆ। ਹੁਣ ਅਸੀਂ ਅਪਰੇਸ਼ਨ ਸਿੰਧੂਰ ਵਿੱਚ ਜੋ ਕੀਤਾ ਉਹ ਬਿਲਕੁਲ ਵੱਖਰੇ ਪੱਧਰ ਦਾ ਹੈ। ਇਸ ਦਾ ਦਾਇਰਾ ਬਹੁਤ ਵਿਸ਼ਾਲ ਸੀ।”
ਜਨਰਲ ਨੇ ਕਿਹਾ ਕਿ ਪਹਿਲਗਾਮ ਕਤਲੇਆਮ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਸਰਹੱਦੀ ਖੇਤਰਾਂ ਵਿੱਚ ਆਪਣੀ ਤਾਇਨਾਤੀ ਵਧਾ ਕੇ ਅਗਲੀਆਂ ਚੌਕੀਆਂ ‘ਤੇ ਕਬਜ਼ਾ ਕਰ ਲਿਆ ਸੀ। ‘ਅਪਰੇਸ਼ਨ ਸਿੰਧੂਰ’ ਨੂੰ ਅੰਜਾਮ ਦੇਣ ਵਿੱਚ ਤਿੰਨਾਂ ਸੈਨਾਵਾਂ ਦਰਮਿਆਨ ਤਾਲਮੇਲ ਦਾ ਜ਼ਿਕਰ ਵੀ ਕੀਤਾ।